Expert Advisory Details

idea996-copy-6.jpg
Posted by ਡਾ. ਰਣਜੀਤ ਸਿੰਘ
Punjab
2018-05-04 05:16:15

ਝੋਨੇ ਦੀ ਪਨੀਰੀ ਦੀ ਤਿਆਰੀ ਦਾ ਵੇਲਾ

ਇਸ ਵਾਰ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਕਣਕ ਦਾ ਝਾੜ ਠੀਕ ਰਿਹਾ ਹੈ। ਹੁਣ ਤਕ ਬਹੁਤੀ ਕਣਕ ਵੱਢੀ ਗਈ ਹੈ। ਝੋਨੇ ਦੀ ਪਨੀਰੀ ਦੀ ਬਿਜਾਈ 15 ਮਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਬੀਜ ਹਮੇਸ਼ਾ ਸਿਫ਼ਾਰਸ਼ ਕੀਤੀ ਕਿਸਮ ਦਾ ਅਤੇ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰੋ। ਪੰਜਾਬ ਵਿੱਚ ਕਾਸ਼ਤ ਲਈ ਪੀ.ਆਰ.-113, ਪੀ.ਆਰ.-114, ਪੀ.ਆਰ.-126, ਪੀ.ਆਰ.-121, ਪੀ.ਆਰ.-122, ਪੀ.ਆਰ.-123 ਅਤੇ ਪੀ.ਆਰ.- 124 ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਵਰ੍ਹੇ ਇੱਕ ਨਵੀਂ ਕਿਸਮ ਪੀ.ਆਰ.- 127 ਕਾਸ਼ਤ ਲਈ ਦਿੱਤੀ ਗਈ ਹੈ। ਇਹ 30 ਕੁਇੰਟਲ ਝਾੜ ਪ੍ਰਤੀ ਏਕੜ ਦਿੰਦੀ ਹੈ ਤੇ 137 ਦਿਨਾਂ ਵਿੱਚ ਪੱਕ ਜਾਂਦੀ ਹੈ। ਜੇ ਬੀਜ ਮਿਲ ਸਕੇ ਤਾਂ ਇਸ ਕਿਸਮ ਦੀ ਕੁੱਝ ਰਕਬੇ ਵਿੱਚ ਬਿਜਾਈ ਜਰੂਰ ਕਰੋ। ਪੀ.ਆਰ.-126 ਕੇਵਲ 123 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੀ ਪਨੀਰੀ 25-30 ਤੋਂ ਵੱਡੀ ਨਾ ਲਗਾਈ ਜਾਵੇ ਇਸ ਕਰਕੇ ਇਸ ਦੀ ਪਨੀਰੀ ਪਿਛੇਤੀ ਬੀਜੀ ਜਾਵੇ। ਇੱਕ ਏਕੜ ਦੀ ਬਿਜਾਈ ਲਈ 8 ਕਿਲੋ ਬੀਜ ਦੀ ਵਰਤੋਂ ਕਰੋ। ਬੀਜ ਰੋਗ ਰਹਿਤ ਹੋਣਾ ਚਾਹੀਦਾ ਹੈ। ਪਨੀਰੀ ਬੀਜਣ ਸਮੇਂ ਬੀਜ ਨੂੰ ਪਾਣੀ ਵਿੱਚ ਭਿਉਂ ਲਵੋ। ਇੰਜ ਕਮਜ਼ੋਰ ਬੀਜ ਉੱਤੇ ਤਰ ਪੈਣਗੇ, ਉਨ੍ਹਾਂ ਨੂੰ ਕੱਢ ਦੇਵੋ। ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਦੇ ਦੇਵੋ ਤਾਂ ਜੋ ਨਦੀਨ ਉੱਗ ਆਉਣ। ਫਿਰ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ, 10×2 ਮੀਟਰ ਦੀਆਂ ਕਿਆਰੀਆਂ ਬਣਾ ਕੇ ਪਨੀਰੀ ਬੀਜੋ। ਪਨੀਰੀ ਦੀ ਬਿਜਾਈ ਜੇਠ ਦੀ ਸੰਗਰਾਂਦ ਅਤੇ ਇਸ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਤੋਂ ਸ਼ੁਰੂ ਕੀਤੀ ਜਾਵੇ। ਅਗੇਤੀ ਫ਼ਸਲ ਉੱਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ।

ਖੁੰਭਾਂ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਪਰਾਲੀ ਵਾਲੀਆਂ ਖੁੰਭਾਂ ਉਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਇਨ੍ਹਾਂ ਨੂੰ ਪਰਾਲੀ ਦੀਆਂ ਪੂਲੀਆਂ ਉੱਤੇ ਬੀਜਿਆ ਜਾਂਦਾ ਹੈ। ਖੁੰਭਾਂ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਧਰਤੀ ਦੀ ਸਿਹਤ ਠੀਕ ਰੱਖਣ ਲਈ ਅਤੇ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਰੂੜੀ ਦੀ ਲੋੜ ਹੈ। ਰੂੜੀ ਘਾਟ ਨੂੰ ਕੁੱਝ ਹੱਦ ਤੱਕ ਹਰੀ ਖਾਦ ਨਾਲ ਪੂਰਾ ਕੀਤਾ ਜਾ ਸਕਦਾ ਹੈ। ਹਰੇਕ ਸਾਲ ਕੁੱਝ ਰਕਬੇ ਵਿੱਚ ਹਰੀ ਖਾਦ ਦੀ ਬਿਜਾਈ ਜ਼ਰੂਰ ਕੀਤੀ ਜਾਵੇ। ਕਣਕ ਦੀ ਵਾਢੀ ਪਿੱਛੋਂ ਰੌਣੀ ਕਰਕੇ ਹਰੀ ਖਾਦ ਦੀ ਬਿਜਾਈ ਕੀਤੀ ਜਾ ਸਕਦੀ ਹੈ। ਢੈਂਚਾ, ਸਣ ਅਤੇ ਰਵਾਂਹ ਨੂੰ ਹਰੀ ਖਾਦ ਲਈ ਬੀਜਿਆ ਜਾ ਸਕਦਾ ਹੈ। ਇੱਕ ਏਕੜ ਲਈ ਢੈਂਚਾ ਅਤੇ ਸਣ ਦਾ 20 ਕਿਲੋ ਬੀਜ ਚਾਹੀਦਾ ਹੈ ਜਦੋਂਕਿ ਰਵਾਂਹ ਦਾ 12 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ।

ਗਰਮੀ ਵਿੱਚ ਵਾਧਾ ਹੋ ਗਿਆ ਹੈ। ਡੰਗਰਾਂ ਨੂੰ ਦਿਨੇ ਛਾਂ ਵਿੱਚ ਬੰਨ੍ਹੋ। ਜੇ ਸ਼ੈੱਡ ਹੈ ਤਾਂ ਪੱਖਿਆਂ ਦੀ ਵਰਤੋਂ ਕਰੋ। ਪੀਣ ਲਈ ਤਾਜ਼ਾ ਪਾਣੀ ਦੇਵੋ। ਗਰਮੀਆਂ ਵਿੱਚ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਕਰ ਦੇਣੀ ਚਾਹੀਦੀ ਹੈ। ਹਰੇ ਚਾਰੇ ਦੇ ਨਾਲੋਂ ਨਾਲ ਵਧੀਆ ਫੀਡ ਵੀ ਪਾਈ ਜਾਵੇ। ਡੰਗਰਾਂ ਨੂੰ ਮੂੰਹ ਖੁਰ ਦੀ ਬਿਮਾਰੀ ਦਾ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ।

ਜੇ ਹਰੇ ਚਾਰੇ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਕਰ ਲੈਣੀ ਚਾਹੀਦੀ ਹੈ। ਕਣਕ ਦੇ ਵਿਹਲੇ ਹੋਏ ਟਿਊਬਵੈੱਲ ਦੇ ਲਾਗਲੇ ਖੇਤਾਂ ਵਿੱਚ ਇਹ ਬਿਜਾਈ ਕੀਤੀ ਜਾ ਸਕਦੀ ਹੈ। ਹੁਣ ਹਰੇ ਚਾਰੇ ਲਈ ਮੱਕੀ, ਚਰ੍ਹੀ ਤੇ ਬਾਜਰੇ ਦੀ ਬਿਜਾਈ ਹੋ ਸਕਦੀ ਹੈ। ਜੇ ਇਨ੍ਹਾਂ ਵਿੱਚ ਰਵਾਂਹ ਰਲਾ ਕੇ ਬੀਜੇ ਜਾਣ ਤਾਂ ਚਾਰਾ ਵਧੀਆ ਤੇ ਪੌਸ਼ਟਿਕ ਹੋ ਜਾਂਦਾ ਹੈ। ਮੱਕੀ ਦੀ ਜੇ 1006 ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ 30 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਚਰ੍ਹੀ ਲਈ ਐਸ.ਐਲ. 44 ਕਿਸਮ ਬੀਜੋ। ਇਸ ਦਾ 25 ਕਿਲੋ ਬੀਜ ਪ੍ਰਤੀ ਏਕੜ ਪਾਵੋ ਪੰਜਾਬ ਸੂਡੈਕਸ ਚਰ੍ਹੀ 4 ਅਤੇ ਪੰਜਾਬ ਸੂਰੈਕਸ ਚਰ੍ਹੀ-1 ਵੱਧ ਲੌਅ ਦੇਣ ਵਾਲੀਆਂ ਕਿਸਮਾਂ ਹਨ। ਇਨ੍ਹਾਂ ਦਾ 15 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਪੀ.ਐਚ.ਬੀ.ਐਫ-1, ਪੀ.ਸੀ.ਬੀ.-164 ਤੇ ਐਫ.ਬੀ.ਸੀ.-16 ਬਾਜਰੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਗਰਮੀ ਦਾ ਮੌਸਮ ਹੋਣ ਕਰਕੇ ਫ਼ਸਲ ਨੂੰ ਸਮੇਂ ਸਿਰ ਪਾਣੀ ਦਿੰਦੇ ਰਹੋ।

ਇਸ ਮਹੀਨੇ ਦੇ ਅਖ਼ੀਰ ਵਿੱਚ ਮੱਕੀ ਦੀ ਬਿਜਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਝੋਨੇ ਹੇਠ ਰਕਬਾ ਵਧਣ ਕਰਕੇ ਭਾਵੇਂ ਮੱਕੀ ਹੇਠ ਰਕਬਾ ਚੋਖਾ ਘਟ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਮੱਕੀ ਦੀ ਬਿਜਾਈ ਕਰਦੇ ਹਨ। ਕੇਸਰੀ, ਪ੍ਰਭਾਤ, ਪੀ.ਐਮ.ਐਚ. 1 ਅਤੇ ਪੀ.ਐਮ.ਐਚ. 2 ਮੱਕੀ ਦੀਆਂ ਉੱਨਤ ਕਿਸਮਾਂ ਹਨ। ਮੱਕੀ ਦੀ ਘੱਟ ਸਮੇਂ ਵਿੱਚ ਪੱਕਣ ਵਾਲੀ, ਪੀ.ਐਮ.ਐਚ-2, ਕਿਸਮ ਹੈ। ਪੀ.ਐਮ.ਐਚ-1 ਸਭ ਤੋਂ ਵੱਧ 21 ਕੁਇੰਟਲ ਝਾੜ ਪ੍ਰਤੀ ਏਕੜ ਦਿੰਦੀ ਹੈ ਤੇ 95 ਦਿਨਾਂ ਵਿੱਚ ਪੱਕਦੀ ਹੈ।

ਮੱਕੀ ਲਈ ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰਨੀ ਚਾਹੀਦੀ ਹੈ। ਜ਼ਮੀਨ ਤਿਆਰ ਕਰਦੇ ਸਮੇਂ ਰੂੜੀ ਵਾਲੀ ਖਾਦ ਜ਼ਰੂਰ ਪਾਵੋ। ਜੇ ਕਣਕ ਦੀ ਵਾਢੀ ਪਿੱਛੋਂ ਸਬਜ਼-ਖਾਦ ਬੀਜੀ ਗਈ ਹੋਵੇ ਤਾਂ ਹੋਰ ਵੀ ਚੰਗਾ ਰਹਿੰਦਾ ਹੈ। ਦੂਜੀਆਂ ਖਾਦਾਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਪਾਵੋ। ਇੱਕ ਏਕੜ ਦੀ ਬਿਜਾਈ ਲਈ 8 ਕਿਲੋ ਬੀਜ ਵਰਤੋ। ਬੀਜ ਨੂੰ ਬੀਜਣ ਤੋਂ ਪਹਿਲਾਂ ਬਾਵੇਸਟਨ, ਡੇਰੋਸਨ ਜਾਂ ਐਗਰੋਜ਼ਿਮ ਜ਼ਹਿਰ ਨਾਲ ਸੋਧ (ਤਿੰਨ ਗ੍ਰਾਮ ਪ੍ਰਤੀ ਕਿਲੋ ਬੀਜ) ਲਵੋ। ਕੋਸ਼ਿਸ਼ ਕਰੋ ਕਿ ਬਿਜਾਈ ਡਰਿੱਲ ਨਾਲ ਕੀਤੀ ਜਾਵੇ।