Expert Advisory Details

idea99sheet_lehr.jpeg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-12-26 12:29:41

ਪੰਜਾਬ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਚੱਲ ਰਿਹਾ ਹੈ।ਇਹਨਾਂ ਦਿਨਾਂ ਵਿੱਚ ਸਬਜ਼ੀਆਂ ਅਤੇ ਬਾਗਾਂ ਦਾ ਖਾਸ ਧਿਆਨ ਰੱਖੋ:

  • ਇਨ੍ਹਾਂ ਦਿਨਾਂ ਵਿੱਚ ਤਾਪਮਾਨ ਸਧਾਰਨ ਨਾਲੋਂ ਘੱਟ ਚਲ ਰਿਹਾ ਹੈ ਅਤੇ ਆਉਣ ਵਾਲੇ 2-3 ਦਿਨ ਸ਼ੀਤ ਲਹਿਰ ਦਾ ਪ੍ਰਕੋਪ ਜ਼ਾਰੀ ਰਹੇਗਾ।
  • ਸਬਜ਼ੀਆਂ ਅਤੇ ਖਾਸ ਕਰਕੇ ਆਂਵਲਾ, ਅੰਬ, ਅਮਰੂਦ, ਪਪੀਤਾ ਅਤੇ ਕੇਲੇ ਦੇ ਬਾਗ ਠੰਡ ਨੂੰ ਸਹਾਰਨ ਲਈ ਬਹੁਤ ਨਾਜੁਕ ਹੁੰਦੇ ਹਨ । ਇਹਨਾਂ ਦਿਨਾਂ ਵਿੱਚ ਖਾਸ ਧਿਆਨ ਰੱਖੋ ।
  • ਬਾਗਾਂ, ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਸ ਲਈ ਇਨ੍ਹਾਂ ਦਿਨਾਂ ਵਿੱਚ ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਉਪਰ ਕੁੱਲੀਆਂ ਬਣਾ ਦਿਉ ਜਾਂ ਪਲਾਸਟਿਕ ਨਾਲ ਢੱਕੋ।
  • ਲੁਕਾਠ ਅਤੇ ਬੇਰ ਦੇ ਬਾਗਾਂ ਨੂੰ ਕੇਰੇ ਤੋਂ ਬਚਾਉਣ ਲਈ ਹਲਕੀ ਸਿੰਚਾਈ ਦਿੰਦੇ ਰਹੋ । ਬੇਰਾਂ ਵਿਚ ਫ਼ਲਾਂ ਦਾ ਕੇਰਾ ਰੋਕਣ ਲਈ ਨੈਫ਼ਥਲੀਨ ਐਸਿਟਿਕ ਐਸਿਡ (ਐਨ.ਏ.ਏ.) 15 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ । ਐੱਨ.ਏ.ਏ. ਨੂੰ ਪਾਣੀ ਵਿਚ ਮਿਲਾਉਣ ਤੋਂ ਪਹਿਲਾਂ ਥੋੜ੍ਹੀ ਜਿਹੀ ਅਲਕੋਹਲ ਵਿਚ ਘੋਲ ਲਵੋ ।
  • ਜੇ ਇਸ ਮਹੀਨੇ ਜ਼ਮੀਨ ਵਿੱਚ ਜ਼ਿਆਦਾ ਸੋਕਾ ਨਾ ਹੋਵੇ ਤਾਂ ਪੱਤਝੜ ਵਾਲੇ ਬੂਟਿਆਂ ਜਿਵੇਂ ਕਿ ਆੜੂ, ਅਲੂਚਾ, ਨਾਖ, ਅੰਗੂਰ ਆਦਿ ਦਾ ਪਾਣੀ ਰੋਕ ਦਿਉ ਤਾਂ ਕਿ ਸਰਦੀ ਆਉਣ ਤੋਂ ਪਹਿਲਾਂ ਇਹ ਬੂਟੇ ਸਿਥਲ ਅਵਸਥਾ ਵਿੱਚ ਆ ਜਾਣ ਤੇ ਠੰਡ ਤੋਂ ਬਚ ਸਕਣ।
  • ਸਬਜ਼ੀਆਂ ਅਤੇ ਬਾਗਾਂ ਵਿੱਚ ਧੂੰਆਂ ਕਰਕੇ ਵੀ ਠੰਡ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ ।
  • ਠੰਡ ਵਿਚ ਫਸਲਾਂ ਤੋਂ ਇਲਾਵਾ ਪਸ਼ੂਆਂ ਦਾ ਵੀ ਖਾਸ ਧਿਆਨ ਰੱਖੋ ।
  • ਠੰਢ ਦੇ ਦਿਨ੍ਹਾਂ ਵਿੱਚ ਪਸ਼ੂਆਂ ਨੂੰ ਸੁੱਕੀ ਥਾਂ ਤੇ ਬੰਨ੍ਹੋ।
  • ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਵੀ ਧੁੱਪ ਨਿਕਲਣ ਤੇ ਹੀ ਬਾਹਰ ਬੰਨ੍ਹੋ ਜੇ ਲੋੜ ਪਵੇ ਤਾਂ ਸ਼ੈੱਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ।
  • ਇਨ੍ਹਾਂ ਦਿਨਾਂ ਵਿੱਚ ਨਵਜੰਮ/ਕੱਟੜੂ-ਵੱਛੜੂ ਠੰਡ ਕਾਰਨ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦਾ ਪੂਰਾ ਖਿਆਲ ਰੱਖੋ।
  • ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ।
  • ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਓ। ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸੂਆਂ ਨੂੰ ਮੋਕ ਲੱਗਣ ਦਾ ਡਰ ਰਹਿੰਦਾ ਹੈ।
  • ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।