Expert Advisory Details

idea99fertiliser-ak.jpg
Posted by ਰਿਤੂ ਭੰਗੂ
Punjab
2020-07-03 14:10:29

ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਇਸ ਤਰ੍ਹਾਂ ਕਰੋ ਖਾਦਾਂ ਦਾ ਪ੍ਰਬੰਧਨ:-

ਯੂਰੀਆ : ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ, ਸਿੱਧੀ ਬਿਜਾਈ ਕੀਤੇ ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ | ਯੂਰੀਆ ਤਿੰਨ ਬਰਾਬਰ ਹਿਸਿਆਂ ਵਿਚ ਵੰਡ ਕੇ  4, 6 ਅਤੇ 9 ਹਫਤੇ ਬਾਦ ਪਾਈ ਜਾਵੇ | ਯੂਰੀਆ ਦੀ ਪਹਿਲੀ ਡੋਜ਼ ਪਹਿਲਾ ਪਾਣੀ ਲਾਉਣ ਤੇ ਪਾਣੀ ਜੀਰਣ ਤੋਂ ਬਾਦ ਸ਼ਿੱਟਾ ਦੇ ਕੇ ਪਾਈ ਜਾਵੇ | ਇਸ ਤੋਂ ਉਪਰੰਤ ਬਾਕੀ ਦਾ ਬਚਿਆ ਯੂਰੀਆ ਵੀ ਬਰਾਬਰ ਹਿਸਿਆਂ ਵਿਚ ਵੰਡ ਕੇ ਪੂਰਾ ਕੀਤਾ ਜਾਵੇ |

ਫ਼ਾਸਫ਼ੋਰਸ : ਫ਼ਾਸਫ਼ੋਰਸ ਮਿਟੀ ਪਰਖ ਕਰਨ ਉਪਰੰਤ ਹੀ ਪਾਈ ਜਾਵੇ | ਜਿਹੜੇ ਕਿਸਾਨ ਵੀਰਾਂ ਨੇ ਕਣਕ ਵਿਚ ਸਿਫਾਰਿਸ਼ ਕੀਤੀ ਫ਼ਾਸਫ਼ੋਰਸ (55 ਕਿਲੋ ਡੀ. ਏ. ਪੀ. ਜਾਂ 155 ਕਿਲੋ ਸੁਪਰਫ਼ਾਸਫੇਟ) ਪਾਈ ਹੈ ਤਾਂ ਝੋਨੇ ਵਿਚ ਪਾਉਣ ਦੀ ਲੋੜ ਨਹੀਂ | ਜੋ ਕਿਸਾਨ ਨਵੇਂ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਉਹ 27 ਕਿਲੋ ਡੀ. ਏ. ਪੀ. ਯਾਂ ਫਿਰ 75 ਕਿਲੋ ਸੁਪਰਫ਼ਾਸਫੇਟ ਖਾਦ ਦੀ ਵਰਤੋਂ ਕਰ ਸਕਦੇ ਹਨ | ਝੋਨੇ ਵਿਚ ਸੁਪਰਫ਼ਾਸਫੇਟ ਖਾਦ, ਡੀ. ਏ. ਪੀ ਨਾਲੋਂ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦੀ ਹੈ,  ਕਿਉਂਕਿ ਝੋਨੇ ਨੂੰ ਫ਼ਾਸਫ਼ੋਰਸ ਦੇ ਨਾਲ ਨਾਲ ਕੈਲਸ਼ੀਅਮ, ਸਲਫਰ ਅਤੇ ਸਿਲੀਕੋਨ ਦੀ ਵੀ ਭਰਭੂਰ ਮਾਤਰਾ ਵਿਚ ਤੱਤ ਮਿਲਦੇ ਹਨ ਜੋ ਕਿ ਝੋਨੇ ਦੀ ਕਾਸ਼ਤ ਲਈ ਲਾਹੇਵੰਦ ਸਾਬਿਤ ਹੁੰਦੇ ਹਨ | ਫ਼ਾਸਫ਼ੋਰਸ ਨੂੰ ਖੇਤ ਵਿਚ ਬਿਜਾਈ ਦੇ ਸਮੇਂ ਹੀ ਸ਼ਿੱਟਾ ਦੇ ਕੇ ਪਾਇਆ ਜਾ ਸਕਦਾ ਹੈ  |

ਜ਼ਿੰਕ: ਜ਼ਿੰਕ ਤੱਤ ਖੇਤ ਵਿਚ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਜਾਂ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) ਰਾਹੀਂ ਪਾਇਆ ਜਾ ਸਕਦਾ ਹੈ |ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) 25 ਕਿਲੋ ਪ੍ਰਤੀ ਏਕੜ ਜਾਂ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) 15 ਕਿਲੋ ਪ੍ਰਤੀ ਏਕੜ ਇਕ ਸਾਲ ਛੱਡ ਕੇ ਪਾਇਆ ਜਾ ਸਕਦਾ ਹੈ | ਜੇ ਕਰ ਕਿਸਾਨ ਵੀਰ ਹਰ ਸਾਲ ਜ਼ਿੰਕ ਤੱਤ ਖੇਤ ਵਿਚ ਪਾਉਣਾ ਚਾਉਂਦਾ ਹੈ ਤਾ ਇਸ ਦੀ ਮਾਤਰਾ ਘਟਾ ਕੇ ਪਾਈ ਜਾ ਸਕਦੀ ਹੈ | ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21%) ਘਟਾ ਕੇ 10 ਕਿਲੋ ਪ੍ਰਤੀ ਏਕੜ ਅਤੇ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33%) 7.7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਿੱਟਾ ਦੇ ਕੇ ਪਾਈ ਜਾ ਸਕਦੀ ਹੈ | ਜ਼ਿੰਕ ਨੂੰ ਖੇਤ ਵਿਚ ਪਹਿਲੇ ਪਾਣੀ ਤੋਂ ਬਾਦ ਯੂਰੀਆ ਪਾਉਣ ਉਪਰੰਤ 2-3 ਦਿਨਾਂ ਬਾਦ ਖੇਤ ਵਿਚ ਪਾਇਆ ਜਾ ਸਕਦਾ ਹੈ | ਬਾਜ਼ਾਰ ਵਿਚ ਮਿਲਦੀ ਚਿਲੇਟੇਡ ਜ਼ਿੰਕ ਦੀ ਵਰਤੋਂ ਸ਼ਿੱਟਾ ਦੇਣ ਵਜੋਂ ਨਾ ਕੀਤੀ ਜਾਵੇ | ਇਹ ਜ਼ਿੰਕ ਸਪਰੇ ਕਰਨ ਵਿਚ ਕੰਮ ਆਉਂਦੀ ਹੈ | ਇਸ ਦਾ ਸ਼ਿੱਟਾ ਦੇਣ ਨਾਲ ਫ਼ਸਲ ਨੂੰ ਕੋਈ ਲਾਹਾ ਨਹੀਂ ਮਿਲਦਾ ਅਤੇ ਥੋੜੀ ਮਹਿੰਗੀ ਵੀ ਪੈਂਦੀ ਹੈ|