Expert Advisory Details

idea99paddy_transplant.png
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-05-02 14:10:45

ਪਨੀਰੀ ਬੀਜਣ ਲਈ ਜਗ੍ਹਾ ਦੀ ਚੋਣ: ਪਨੀਰੀ ਵਾਲੀ ਜਗ੍ਹਾ ਬਿਲਕੁਲ ਪੱਧਰੀ ਰੱਖੋ ਅਤੇ ਕਿਸਮਾਂ ਦੇ ਰਲਾਅ ਤੋਂ ਬਚਾਅ ਲਈ ਉਸ ਜਗ੍ਹਾ ਦੀ ਚੋਣ ਕਰੋ ਜਿੱਥੇ ਪਿਛਲੇ ਸਾਲ ਝੋਨਾ ਝਾੜਿਆ ਨਾ ਗਿਆ ਹੋਵੇ।ਝੁਲਸ ਰੋਗ ਤੋਂ ਬਚਾਅ ਲਈ ਪਨੀਰੀ ਦਰੱਖਤਾਂ ਦੀ ਛਾਂ ਜਾਂ ਤੂੜੀ ਦੇ ਕੁੱਪਾਂ ਨੇੜੇ ਨਾ ਬੀਜੀ ਜਾਵੇ। ਪਨੀਰੀ ਵਾਲੀ ਜਗ੍ਹਾ ਕੰਕਰਾਂ, ਰੋੜਾਂ, ਨਦੀਨਾਂ ਤੋਂ ਮੁਕਤ ਅਤੇ ਪਾਣੀ ਦੇ ਸਰੋਤ ਦੇ ਨੇੜੇ ਹੋਵੇ।ਬਿਜਾਈ ਦਾ ਸਮਾਂ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ: ਲੁਆਈ ਸਮੇਂ ਪਨੀਰੀ ਦੀ ਉਮਰ, ਕਿਸਮ ਦੁਆਰਾ ਪੱਕਣ ਲਈ ਲੈਣ ਵਾਲੇ ਕੁੱਲ ਸਮੇਂ ਤੇ ਨਿਰਭਰ ਕਰਦੀ ਹੈ। ਇਸ ਲਈ ਕਿਸਮਾਂ ਦੀ ਬਿਜਾਈ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ ਵੱਲ ਖਾਸ ਧਿਆਨ ਰੱਖੋ।

ਖੇਤ ਦੀ ਤਿਆਰੀ ਅਤੇ ਖਾਦਾਂ ਦੀ ਮਾਤਰਾ: ਪਨੀਰੀ ਵਾਲੇ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਉਪਰੰਤ 12-15 ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਪਾਓ।ਖਾਦ ਨੂੰ ਖੇਤ ਵਿੱਚ ਰਲਾਉਣ ਲਈ ਇੱਕ ਦੋ ਵਾਰ ਵਾਹ ਕੇ ਬਾਅਦ ਵਿੱਚ ਪਾਣੀ ਲਗਾ ਦਿਓ ਤਾਂ ਜੋ ਖੇਤ ਅਤੇ ਰੂੜੀ ਵਿਚਲੇ ਨਦੀਨ ਜੰਮ ਪੈਣ। ਨਦੀਨ ਜੰਮਣ ਉਪਰੰਤ ਖੇਤ ਵਾਹ ਕੇ ਨਦੀਨ ਮਾਰ ਦਿਓ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਤਰੀਕਾ: ਇੱਕ ਏਕੜ ਝੋਨਾ ਲਾਉਣ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿੱਲੋ ਬੀਜ ਦੀ ਵਰਤੋਂ ਕਰੋ। ਫੋਕੇ ਅਤੇ ਹਲਕੇ ਬੀਜ ਕੱਢਣ ਲਈ ਬੀਜ ਨੂੰ ਪਾਣੀ ਨਾਲ ਭਰੇ ਟੱਬ ਜਾਂ ਬਾਲਟੀ ਵਿੱਚ ਡੁਬੋ ਕੇ ਸੋਟੀ ਨਾਲ ਹਲਾਉਣ ਉਪਰੰਤ ਪਾਣੀ ਉੱਪਰ ਤੈਰ ਦੇ ਬੀਜ ਕੱਢ ਦਿਓ ਅਤੇ ਨਰੋਏ ਬੀਜ ਪਨੀਰੀ ਦੀ ਬਿਜਾਈ ਲਈ ਰੱਖ ਲਵੋ। ਬੀਜ ਨੂੰ ਗਿੱਲਾ ਰੱਖਣ ਲਈ ਉੱਪਰੋਂ ਪਾਣੀ ਦਾ ਛਿੜਕਾਅ ਕਰ ਦਿਓ। ਇਸ ਤਰ੍ਹਾਂ 24-36 ਘੰਟੇ ਵਿੱਚ ਬੀਜ ਪੁੰਗਰ ਆਵੇਗਾ।ਇਸ ਪੁੰਗਰੇ ਬੀਜ ਨੂੰ ਤਕਰੀਬਨ 6.5 ਮਰਲੇ (160 ਵਰਗਮੀਟਰ) ਥਾਂ ਉੱਪਰ ਛੱਟਾ ਮਾਰ ਕੇ ਖਿਲਾਰ ਦਿਓ। ਪੰਛੀਆਂ ਤੋਂ ਬਚਾਅ ਲਈ ਬੀਜ ਨੂੰ ਰੂੜੀ ਦੀ ਹਲਕੀ ਤਹਿ ਨਾਲ ਢੱਕ ਦਿਓ।ਖੇਤ ਨੂੰ ਪਾਣੀ ਲਗਾ ਕੇ ਗਿੱਲਾ ਰੱਖੋ ਪ੍ਰੰਤੂ ਇਸ ਗੱਲ ਦਾ ਧਿਆਨ ਰਹੇ ਕਿ ਬੀਜਾਂ ਦੇ ਪੁੰਗਰਨ ਤੱਕ ਪਾਣੀ ਖੇਤ ਵਿੱਚ ਖੜ੍ਹਾ ਨਾ ਹੋਵੇ।