Expert Advisory Details

idea99wheat_seed.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-05-03 10:56:34

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਨਵੀਂਆਂ ਕਿਸਮਾਂ ਖਾਸ ਤੌਰ 'ਤੇ ਪੀ ਬੀ ਡਬਲਯੂ 725,ਪੀ ਬੀ ਡਬਲਯੂ 677 ਅਤੇ ਐਚ ਡੀ 3086 ਵਧੀਆਂ ਝਾੜ ਦਿੰਦੀਆਂ ਹਨ ਪਰ ਕਣਕ ਦੀਆਂ ਸਿਫਾਰਿਸ਼ ਕੀਤੀਆਂ ਸਾਰੀਆਂ ਕਿਸਮਾਂ ਹੀ ਇਸ ਬਿਮਾਰੀ ਦਾ ਪੂਰੀ ਤਰ੍ਹਾਂ ਟਾਕਰਾ ਕਰਨ ਤੋਂ ਅਸਮਰੱਥ ਹਨ। ਇਸ ਕਰਕੇ ਸਾਨੂੰ ਇਨ੍ਹਾਂ ਕਿਸਮਾਂ 'ਤੇ ਕਣਕ ਦੀ ਕਰਨਾਲ ਬੰਟ ਬਿਮਾਰੀ ਦੀ ਲਾਗ ਘਟਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਹ ਕੰਮ ਕਰਨ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਗਲੇ ਸਾਲ ਲਈ ਉਹ ਇਨ੍ਹਾਂ ਕਿਸਮਾਂ ਦਾ ਬੀਜ ਰੱਖਣ ਵੇਲੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਬੀਜ ਕਰਨਾਲ ਬੰਟ ਤੋਂ ਮੁਕਤ ਹੋਣਾ ਚਾਹੀਦਾ ਹੈ।

ਇਹ ਬਿਮਾਰੀ ਸਿੱਟੇ ਦੇ ਕੁੱਝ ਦਾਣਿਆਂ 'ਤੇ ਹੀ ਅਸਰ ਕਰਦੀ ਹੈ। ਇਸਦੇ ਹਮਲੇ ਨਾਲ ਸਿੱਟੇ ਵਿੱਚ ਕੁੱਝ ਦਾਣਿਆਂ ਦੀਆਂ ਨੋਕਾਂ ਜਾਂ ਦਾਣਿਆਂ ਦਾ ਕੁੱਝ ਹਿੱਸਾ ਕਾਲੇ ਧੂੜੇ ਵਿੱਚ ਬਦਲ ਜਾਂਦਾ ਹੈ। ਜਦੋਂ ਬਿਮਾਰੀ ਵਾਲੇ ਦਾਣਿਆਂ ਨੂੰ ਭੰਨਿਆਂ ਜਾਵੇ ਤਾਂ ਬਿਮਾਰੀ ਵਾਲੇ ਹਿੱਸੇ ਵਿੱਚੋਂ ਕਾਲੇ ਰੰਗ ਦਾ ਧੂੜਾ ਨਿਕਲਦਾ ਹੈ। ਫ਼ਸਲ ਦੀ ਕਟਾਈ ਅਤੇ ਗੁਹਾਈ ਵੇਲੇ ਇਨ੍ਹਾਂ ਦਾਣਿਆਂ ਵਿੱਚੋਂ ਲੱਖਾਂ ਦੀ ਤਾਦਾਦ ਵਿੱਚ ਉੱਲੀ ਦੇ ਕਣ ਜ਼ਮੀਨ ਉੱਤੇ ਡਿੱਗ ਪੈਂਦੇ ਹਨ ਜੋ 2 ਤੋਂ 5 ਸਾਲ ਤੱਕ ਜਿਊਂਦੇ ਰਹਿੰਦੇ ਹਨ ਅਤੇ ਅਗਲੇ ਸਾਲ ਬਿਮਾਰੀ ਦੀ ਲਾਗ ਲਗਾਉਣ ਦਾ ਕੰਮ ਕਰਦੇ ਹਨ। ਬਿਮਾਰੀ ਵਾਲਾ ਬੀਜ ਇਸ ਰੋਗ ਨੂੰ ਲਗਾਉਣ ਲਈ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ।ਜਦੋਂ ਬਿਮਾਰੀ ਵਾਲੇ ਦਾਣੇ ਬੀਜ ਦੇ ਤੌਰ 'ਤੇ ਵਰਤੇ ਜਾਂਦੇ ਹਨ ਤਾਂ ਇਹ ਦਾਣੇ ਜੰਮ ਪੈਂਦੇ ਹਨ ਅਤੇ ਇਨ੍ਹਾਂ ਬੂਟਿਆਂ ਰਾਹੀਂ ਬਿਮਾਰੀ ਦੇ ਕਣ ਜ਼ਮੀਨ ਦੇ ਉੱਪਰ ਆ ਜਾਂਦੇ ਹਨ। ਫਰਵਰੀ ਅਤੇ ਮਾਰਚ ਮਹੀਨੇ ਅਨੁਕੂਲ ਮੌਸਮ ਦੌਰਾਨ ਉੱਲੀ ਦੇ ਇਹ ਕਣ ਜੰਮ ਕੇ ਹਵਾ ਵਿੱਚ ਰਲ ਜਾਂਦੇ ਹਨ।ਕਣਕ ਦੇ ਨਿਸਾਰੇ ਸਮੇਂ ਹਵਾ ਨਾਲ ਉੱਡ ਕੇ ਗੋਭ ਵੇਲੇ ਸਿੱਟਿਆਂ ਉੱਤੇ ਡਿੱਗ ਪੈਂਦੇ ਹਨ, ਜਿੱਥੋ ਇਹ ਇਕੱਲੇ-ਇਕੱਲੇ ਦਾਣੇ ਦੇ ਕੁੱਝ ਕੁ ਹਿੱਸੇ ਨੂੰ ਕਾਲਾ ਕਰ ਦਿੰਦੇ ਹਨ। ਜੇਕਰ ਨਿਸਰਨ ਸਮੇਂ ਬੱਦਲਵਾਈ ਰਹੇ ਅਤੇ ਫਰਵਰੀ-ਮਾਰਚ ਵਿੱਚ ਰੁੱਕ-ਰੁੱਕ ਕੇ ਮੀਂਹ ਪੈਂਦੇ ਰਹਿਣ ਤਾਂ ਕਣਕ ਤੇ ਕਰਨਾਲ ਬੰਟ ਦਾ ਹਮਲਾ ਜ਼ਿਆਦਾ ਹੁੰਦਾ ਹੈ।

ਇਸ ਤਰ੍ਹਾਂ ਇਹ ਬਿਮਾਰੀ ਮੁੱਖ ਤੌਰ 'ਤੇ ਰੋਗੀ ਬੀਜ ਰਾਹੀਂ ਆਉਂਦੀ ਹੈ। ਇਸ ਲਈ ਸਾਡੇ ਕਿਸਾਨ ਭਰਾ ਅਗਲੇ ਸਾਲ ਲਈ ਕਣਕ ਦੀਆਂ ਨਵੀਂਆਂ ਕਿਸਮਾਂ ਦਾ ਰੋਗ-ਰਹਿਤ ਬੀਜ ਰੱਖਣ ਤੋਂ ਪਹਿਲਾਂ ਇਸਦੀ ਚੰਗੀ ਤਰ੍ਹਾਂ ਪਰਖ ਕਰ ਲੈਣ। ਕਿਸਾਨ ਭਰਾਵੋਂ!ਬੀਜ ਦੀ ਪਰਖ ਕਰਨ ਲਈ 2 ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਭਿਉਂ ਲਵੋ ਅਤੇ ਫਿਰ ਬਾਹਰ ਕੱਢ ਕੇ ਚਿੱਟੇ ਕਾਗਜ਼ ਉੱਤੇ ਖਿਲਾਰ ਲਵੋ। ਜੇਕਰ ਇਨ੍ਹਾਂ ਵਿੱਚੋਂ 4-5 ਦਾਣੇ ਭਾਵ ਅੱਧਾ ਪ੍ਰਤੀਸ਼ਤ ਕਰਨਾਲ ਬੰਟ ਨਾਲ ਪ੍ਰਭਾਵਿਤ ਦਿਖਾਈ ਦੇਣ ਤਾਂ ਅਜਿਹਾ ਬੀਜ ਅਗਲੇ ਸਾਲ ਲਈ ਨਹੀਂ ਰੱਖਣਾ ਚਾਹੀਦਾ। ਸਿਰਫ਼ ਕਰਨਾਲ ਬੰਟ ਤੋਂ ਮੁਕਤ ਬੀਜ ਹੀ ਅਗਲੇ ਸਾਲ ਲਈ ਕਣਕ ਦੀ ਬਿਜਾਈ ਵਾਸਤੇ ਸੰਭਾਲਣ ਦੀ ਲੋੜ ਹੈ।