pankaj_pb

ਬਿਨਸਰ ਫਾਰਮ

(ਡੇਅਰੀ ਫਾਰਮਿੰਗ ਅਤੇ ਮੰਡੀਕਰਨ)

ਬਿਨਸਰ ਫਾਰਮ: ਕਿਵੇਂ ਦੋਸਤਾਂ ਦੀ ਤਿੱਕੜੀ ਨੇ ਫ਼ਾਰਮ ਤੋਂ ਟੇਬਲ ਤੱਕ ਦੁੱਧ ਪਹੁੰਚਾਉਣ ਦੇ ਕਾਰੋਬਾਰ ਨੂੰ ਸਥਾਪਿਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ

ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਆਪਣੇ ਰੁਜ਼ਗਾਰ ਦੇ ਨਾਲ-ਨਾਲ ਖੇਤੀ ਸਮਾਜ ਵਿੱਚ ਯੋਗਦਾਨ ਪਾਉਣ ਬਾਰੇ ਸੋਚਿਆ ਹੈ? ਜਵਾਬ ਬਹੁਤ ਘੱਟ ਹਨ …

ਜੋ ਵਿਅਕਤੀ ਪੇਸ਼ੇਵਰ ਤੌਰ ‘ਤੇ ਖੇਤੀਬਾੜੀ ਖੇਤਰ ਲਈ ਸਮਰਪਿਤ ਹੈ, ਉਸ ਲਈ ਖੇਤੀ ਸਮਾਜ ਵੱਲ ਸਮਾਂ ਕੱਢਣਾ ਕੋਈ ਵੱਡੀ ਗੱਲ ਨਹੀਂ, ਪਰ ਸਰਵਿਸ ਕਰਨ ਵਾਲੇ ਵਿਅਕਤੀ ਲਈ ਇਹ ਇੱਕ ਔਖਾ ਕੰਮ ਹੈ।

ਖੈਰ, ਇਹ ਉਨ੍ਹਾਂ ਤਿੰਨ ਦੋਸਤਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਆਪਣੀ ਨੌਕਰੀ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਪੂਰਾ ਕੀਤਾ ਅਤੇ ਬਿਨਸਰ ਫਾਰਮ ਨੂੰ ਸਹੀ ਤੌਰ ‘ਤੇ ਸਥਾਪਿਤ ਕਰਨ ਲਈ ਮਿਲ ਕੇ ਕੰਮ ਕੀਤਾ।

ਬਿਨਸਰ ਫਾਰਮ ਦੇ ਪਿੱਛੇ 40 ਸਾਲਾਂ ਦੇ ਪੰਕਜ ਨਵਾਨੀ ਜੀ ਦੀ ਮਿਹਨਤ ਸੀ, ਜੋ ਆਦਰਸ਼ਵਾਦੀ ਪਿਛੋਕੜ ਨਾਲ ਸੰਬੰਧਿਤ ਸਨ, ਜਿੱਥੇ ਉਨ੍ਹਾਂ ਦੇ ਦਾਦਾ ਪੋਖਰਾ ਬਲਾੱਕ, ਉਤਰਾਂਚਲ ਵਿੱਚ ਆਪਣੇ ਪਿੰਡ ਗਵਾਨੀ ਦੀ ਬਿਹਤਰੀ ਲਈ ਕੰਮ ਕਰਦੇ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿੰਡ ਦੇ ਬੱਚਿਆਂ ਲਈ ਤਿੰਨ ਪ੍ਰਾਇਮਰੀ ਸਕੂਲ, ਇੱਕ ਕੰਨਿਆ ਵਿੱਦਿਆਲਿਆ, ਇੱਕ ਇੰਟਰਮੀਡੀਏਟ ਅਤੇ ਇੱਕ ਡਿਗਰੀ ਕਾਲਜ ਸਥਾਪਿਤ ਕੀਤਾ। ਪੰਕਜ ਨਵਾਨੀ ਜੀ ਦੀ ਪਰਵਰਿਸ਼ ਅਜਿਹੇ ਵਾਤਾਵਰਣ ਵਿੱਚ ਹੋਈ, ਜਿੱਥੇ ਉਨ੍ਹਾਂ ਦੇ ਦਾਦਾ ਜੀ ਨੇ ਸਮਾਜ ਲਈ ਬਿਨਾਂ ਸ਼ਰਤ ਸਵੈ-ਇੱਛੁਕ ਭਾਈਚਾਰੇ ਦੀ ਜ਼ਿੰਮੇਵਾਰੀ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਬਣਾਇਆ ਅਤੇ ਹੁਣ ਤੱਕ ਪੰਕਜ ਦੇ ਨਾਲ ਹੀ ਰਹੇ ਹਨ।

ਉਸ ਦੇ ਸੁਪਨਿਆਂ ਨੂੰ ਆਪਣੇ ਨਾਲ ਲੈ ਕੇ, ਪੰਕਜ ਜੀ ਅਜੇ ਵੀ ਇੱਕ ਮੌਕੇ ਦੀ ਭਾਲ ਵਿੱਚ ਸਨ ਅਤੇ ਜੀਨੋਮਿਕਸ ਅਤੇ ਇੰਟੀਗ੍ਰੇਟਿਵ ਬਾਇਓਲੋਜੀ ਦੇ ਇੰਸਟੀਚਿਊਟ ਵਿੱਚ ਕੰਮ ਕਰਦੇ ਹੋਏ ਅਖ਼ੀਰ ਵਿੱਚ ਉਨ੍ਹਾਂ ਨੇ ਆਪਣੇ ਭਵਿੱਖ ਦੇ ਸਾਥੀ ਦੀਪਕ ਅਤੇ ਸੁਖਵਿੰਦਰ (ਜੋ ਉਨ੍ਹਾਂ ਦੇ ਅਧੀਨ ਕੰਮ ਸਿੱਖ ਰਹੇ ਸਨ) ਦੇ ਨਾਲ ਮੁਲਾਕਾਤ ਕੀਤੀ। ਬਿਨਸਰ ਫਾਰਮ ਦਾ ਵਿਚਾਰ ਹਕੀਕਤ ਵਿੱਚ ਆਇਆ ਜਦੋਂ ਉਨ੍ਹਾਂ ਵਿੱਚੋਂ ਤਿੰਨੇ ਜਾਣੇ ਬਿਨਸਰ ਦੀਆਂ ਪਹਾੜੀਆਂ ਵਿੱਚ ਇੱਕ ਸਫ਼ਰ ‘ਤੇ ਗਏ ਅਤੇ ਵਾਪਸ ਆਉਂਦੇ ਸਮੇਂ ਰਸਤਾ ਭੁੱਲ ਗਏ। ਪਰ ਸੁਭਾਗ ਨਾਲ ਉਹ ਇੱਕ ਆਜੜੀ ਨੂੰ ਮਿਲੇ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਸ਼ੈੱਡ ਵਿੱਚ ਬੁਲਾਇਆ ਅਤੇ ਉਨ੍ਹਾਂ ਨੇ ਉਹ ਰਾਤ ਉਸ ਝੋਪੜੀ ਵਿੱਚ ਬੜੇ ਆਰਾਮ ਨਾਲ ਬਿਤਾਈ। ਅਗਲੀ ਸਵੇਰ ਆਜੜੀ ਨੇ ਉਨ੍ਹਾਂ ਨੂੰ ਸ਼ਹਿਰ ਵੱਲ ਸਹੀ ਮਾਰਗ ਦਿਖਾਇਆ ਅਤੇ ਇਸ ਤਰ੍ਹਾਂ ਹੀ ਬਿਨਸਰ ਦਾ ਉਨ੍ਹਾਂ ਦਾ ਸਫ਼ਰ ਇੱਕ ਪਰੀ-ਕਹਾਣੀ ਦੀ ਤਰ੍ਹਾਂ ਜਾਪਦਾ ਹੈ। ਆਜੜੀ ਦੀ ਦਿਆਲਤਾ ਅਤੇ ਨਿਮਰਤਾ ਬਾਰੇ ਸੋਚਦਿਆਂ ਉਨ੍ਹਾਂ ਨੇ ਉਤਰਾਂਚਲ ਦੇ ਲੋਕਾਂ ਲਈ ਕੁੱਝ ਕਰਨ ਦਾ ਫੈਸਲਾ ਕੀਤਾ। ਅਸਲ ਵਿੱਚ, ਸਭ ਤੋਂ ਪਹਿਲਾਂ ਉਹ ਸੋਚਦੇ ਸਨ ਕਿ ਉਹ ਫਲ, ਸਬਜ਼ੀਆਂ ਅਤੇ ਦਾਲਾਂ ਨੂੰ ਪਹਾੜਾਂ ਵਿੱਚ ਉਗਾਉਣ ਅਤੇ ਮੈਦਾਨੀ ਇਲਾਕਿਆਂ ਵਿੱਚ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਵੇਚਣ। ਉਨ੍ਹਾਂ ਤਿੰਨਾਂ ਨੇ ਨੌਕਰੀ ਦੇ ਨਾਲ-ਨਾਲ ਇਸ ਪ੍ਰੋਜੈੱਕਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਸਮਰਥਨ ਲੈਣਾ ਸ਼ੁਰੂ ਕਰ ਦਿੱਤਾ।

ਇਹ 2011 ਦੀ ਗੱਲ ਹੈ, ਜਦੋਂ ਤਿੰਨਾਂ ਨੇ ਆਪਣੇ ਸੁਪਨਿਆਂ ਦੇ ਪ੍ਰੋਜੈਕਟ ਨਾਲ ਅੱਗੇ ਵਧਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਚੋਣਾਂ ਦਾ ਸਮਾਂ ਹੋਣ ਕਾਰਨ, ਜਿੱਥੇ ਕਿਤੇ ਵੀ ਉਹ ਗਏ, ਸਭ ਨੇ ਉਨ੍ਹਾਂ ਦੀ ਯੋਜਨਾ ਦਾ ਸਮਰਥਨ ਕੀਤਾ ਅਤੇ ਉਸੇ ਸਾਲ ਪੰਕਜ ਇੱਕ ਦਫ਼ਤਰੀ ਕੰਮ ਦੇ ਸਿਲਸਿਲੇ ‘ਚ ਨਿਊਜ਼ੀਲੈਂਡ ਗਏ। ਪਰ ਇਸ ਨਾਲ ਉਨ੍ਹਾਂ ਦੇ ਸੁਪਨਿਆਂ ਦੇ ਪ੍ਰੋਜੈਕਟ ‘ਤੇ ਯਤਨਾਂ ਵਿੱਚ ਜ਼ਿਆਦਾ ਅੰਤਰ ਨਹੀਂ ਆਇਆ। ਨਿਊਜ਼ੀਲੈਂਡ ਵਿੱਚ ਪੰਕਜ ਜੀ ਫੋਂਟੇਰਾ ਡੇਅਰੀ ਗਰੁੱਪ ਦੇ ਸੰਸਥਾਪਕ ਡਾਇਰੈੱਕਟਰ ਅਰਲ ਰੈਟਰੇ ਨੂੰ ਮਿਲੇ। ਅਰਲ ਰੈਟਰੇ ਨਾਲ ਕੁੱਝ ਆਮ ਗੱਲਾਂ ਕਰਨ ਤੋਂ ਬਾਅਦ, ਪੰਕਜ ਜੀ ਨੇ ਉਨ੍ਹਾਂ ਨਾਲ ਆਪਣੇ ਸੁਪਨੇ ਦੀ ਯੋਜਨਾ ਦਾ ਵਿਚਾਰ ਸਾਂਝਾ ਕੀਤਾ ਅਤੇ ਉਤਰਾਂਚਲ ਦੀ ਕਹਾਣੀ ਸੁਣਨ ਤੋਂ ਬਾਅਦ, ਅਰਲ ਨੇ ਤਿੱਕੜੀ ਵਿੱਚ ਸ਼ਾਮਲ ਹੋਣ ਅਤੇ ਚੌਥਾ ਸਾਥੀ ਬਣਨ ਵਿੱਚ ਦਿਲਚਸਪੀ ਦਿਖਾਈ। ਬਿਨਸਰ ਫਾਰਮ ਪ੍ਰੋਜੈੱਕਟ ਨੂੰ ਹਕੀਕਤ ਵਿੱਚ ਬਦਲਣ ਲਈ ਅਰਲ ਰੈਟਰੇ ਹਿੱਸੇਦਾਰ-ਕਮ-ਨਿਵੇਸ਼ਕ ਦੇ ਰੂਪ ਵਜੋਂ ਅੱਗੇ ਆਏ।

ਜਿਵੇਂ ਹੀ ਚੋਣਾਂ ਖਤਮ ਹੋਈਆਂ ਤਾਂ ਪਤਾ ਲੱਗਾ ਕਿ ਸੱਤਾਧਾਰੀ ਪਾਰਟੀ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਇਸ ਨਾਲ ਹੀ ਸਾਰੇ ਵਾਅਦੇ ‘ਤੇ ਵਿਚਾਰ ਰਾਤੋ-ਰਾਤ ਖਤਮ ਹੋ ਗਏ ਅਤੇ ਬਿਨਸਰ ਫਾਰਮ ਦੇ ਸੁਪਨਿਆਂ ਦਾ ਪ੍ਰੋਜੈਕਟ ਸ਼ੁਰੂਆਤੀ ਪੱਧਰ ‘ਤੇ ਆ ਗਿਆ। ਪਰ ਪੰਕਜ, ਦੀਪਕ, ਅਤੇ ਸੁਖਵਿੰਦਰ ਜੀ ਨੇ ਉਮੀਦ ਨਾ ਛੱਡੀ ਅਤੇ ਖੇਤੀਬਾੜੀ ਸਮਾਜ ਦੀ ਮਦਦ ਲਈ ਹੋਰ ਸੰਭਵ ਵਿਕਲਪ ਅਪਨਾਉਣ ਦਾ ਫੈਸਲਾ ਕੀਤਾ, ਅਤੇ ਇਹ ਉਹ ਸਮਾਂ ਸੀ ਜਦੋਂ ਅਰਲ ਰੈਟਰੇ ਨੇ ਬਿਨਸਰ ਫਾਰਮ ਪ੍ਰੋਜੈੱਕਟ ਦੀ ਪੂਰਤੀ ਲਈ ਡੇਅਰੀ ਫਾਰਮਿੰਗ ਦੇ ਵਿਸ਼ਾਲ ਅਨੁਭਵ ਨਾਲ ਅੱਗੇ ਆਏ।

rwr_pb
ਸੁਖਵਿੰਦਰ ਸਰਾਫ, ਪੰਕਜ ਨਵਾਨੀ, ਅਰਲ ਰੈਟਰੇ, ਇੱਕ ਮਿੱਤਰ, ਦੀਪਕ ਰਾਜ (ਖੱਬੇ ਤੋਂ ਸੱਜੇ ਪਾਸੇ)

ਦੀਪਕ ਅਤੇ ਸੁਖਵਿੰਦਰ ਜੀ ਦੋਨੋਂ ਅਜਿਹੇ ਪਰਿਵਾਰਾਂ ਤੋਂ ਸਨ, ਜਿੱਥੇ ਸੱਭਿਆਚਾਰ ਅਤੇ ਰੀਤੀ-ਰਿਵਾਜ ਪੁਰਾਣੇ ਸਮਿਆਂ ਵਾਂਗ ਹੀ ਸਨ ਅਤੇ ਉਨ੍ਹਾਂ ਦਾ ਰਹਿਣ-ਸਹਿਣ ਬਹੁਤ ਹੀ ਰਵਾਇਤੀ ਅਤੇ ਬੁਨਿਆਦੀ ਹੈ। ਪ੍ਰੋਜੈੱਕਟ ਬਾਰੇ ਜਾਣਨ ਤੋਂ ਬਾਅਦ ਦੀਪਕ ਜੀ ਦੇ ਪਿਤਾ ਨੇ ਉਨ੍ਹਾਂ ਨੂੰ ਸੋਨੀਪਤ, ਹਰਿਆਣਾ ਨੇੜੇ 10 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਪ੍ਰਸਤਾਵ ਦਿੱਤਾ। 2012 ਤੱਕ ਉਨ੍ਹਾਂ ਨੇ ਡੇਅਰੀ ਪ੍ਰਬੰਧਨ ਅਤੇ ਅਰਲ ਦੁਆਰਾ ਦੱਸੀਆਂ ਆਧੁਨਿਕ ਤਕਨੀਕਾਂ ਨਾਲ ਡੇਅਰੀ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕੀਤਾ।

ਇੰਨਾ ਹੀ ਨਹੀਂ, ਸਮਾਜਿਕ ਵਿਕਾਸ ਲਈ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਉਨ੍ਹਾਂ (ਪੰਕਜ, ਦੀਪਕ, ਸੁਖਵਿੰਦਰ ਅਤੇ ਅਰਲ) ਨੇ ਪੰਜ ਸਥਾਨਕ ਕਿਸਾਨਾਂ ਨੂੰ ਚਾਰਾ ਉਗਾਉਣ ਲਈ 40 ਏਕੜ ਜ਼ਮੀਨ ਠੇਕੇ ‘ਤੇ ਦਿੱਤੀ, ਜਿਨ੍ਹਾਂ ਨੂੰ ਉਹ ਬੀਜ, ਖਾਦਾਂ ਅਤੇ ਹੋਰ ਸੰਸਾਧਨ ਸਪਲਾਈ ਕਰਦੇ ਹਨ। ਪੰਜ ਕਿਸਾਨਾਂ ਦਾ ਇਹ ਸਮੂਹ ਆਪਣੀ ਨਿਯਮਿਤ ਆਮਦਨ ਲਈ ਨਿਸ਼ਚਿਤ ਰਹਿੰਦਾ ਹੈ ਅਤੇ ਇਨ੍ਹਾਂ ਨੂੰ ਫ਼ਸਲਾਂ ਲਈ ਮੰਡੀ ਰੇਟ ਬਾਰੇ ਨਹੀਂ ਸੋਚਣਾ ਪੈਂਦਾ, ਜਿਸ ਨਾਲ ਉਹ ਭਵਿੱਖ ਵਾਦੀ ਸੋਚ ਦੁਆਰਾ ਆਪਣੇ ਪਰਿਵਾਰ ਬਾਰੇ ਸੋਚ ਸਕਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਚੀਜ਼ਾਂ ਵੱਲ ਧਿਆਨ ਦੇ ਸਕਦੇ ਹਨ।

ਜਦੋਂ ਗੱਲ ਆਉਂਦੀ ਹੈ ਪਸ਼ੂਆਂ ਦੀ ਸਿਹਤ ਦੀ ਤਾਂ ਚਾਰਾ ਸਭ ਤੋਂ ਵੱਧ ਧਿਆਨ ਦੇਣ ਯੋਗ ਚੀਜ਼ ਹੈ। ਕਿਸਾਨਾਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਕਟਾਈ ਤੋਂ 21 ਦਿਨ ਪਹਿਲਾਂ ਤੱਕ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ। ਪੰਕਜ ਅਤੇ ਉਨ੍ਹਾਂ ਦੇ ਸਾਥੀ ਬਹੁਤ ਸਾਰਾ ਸਮਾਂ ਅਤੇ ਤਾਕਤ ਬਿਹਤਰ ਡੇਅਰੀ ਪ੍ਰਬੰਧਨ ਦੇ ਅਭਿਆਸ ਵਿੱਚ ਲਾਉਂਦੇ ਹਨ, ਇਸੇ ਕਰਕੇ ਪਸ਼ੂਆਂ ਦੇ ਆਵਾਸ ਸਥਾਨ ‘ਤੇ ਪਾਣੀ ਦੀ ਖੜੋਤ ਅਤੇ ਚਿੱਕੜ ਵਰਗੀ ਸਮੱਸਿਆ ਨਹੀਂ ਆਉਂਦੀ। ਇਸ ਤੋਂ ਇਲਾਵਾ ਸ਼ੈੱਡ ਵੱਲ ਧਿਆਨ ਦਿੰਦੇ ਹੋਏ ਉਨ੍ਹਾਂ ਨੇ ਫਰਸ਼ ਕੰਕਰੀਟ ਦੀ ਬਜਾਏ ਮਿੱਟੀ ਦਾ ਬਣਾਇਆ ਹੈ, ਕਿਉਂਕਿ ਪੱਕਾ ਫਰਸ਼ ਪਸ਼ੂਆਂ ਦੀ ਉਤਪਾਦਨ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬਹੁਤ ਸਾਰੇ ਡੇਅਰੀ ਕਿਸਾਨ ਇਸ ਗੱਲ ਤੋਂ ਅਣਜਾਣ ਹਨ।

ਪੰਕਜ ਜੀ ਨੇ ਡੇਅਰੀ ਸੰਬੰਧੀ ਹੋਰ ਦਿਲਚਸਪ ਜਾਣਕਾਰੀ ਜਾਣਕਾਰੀ ਸਾਂਝੀ ਕੀਤੀ: ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ‘ਤੇ ਪਸ਼ੂਆਂ ਵਿੱਚ ਲੰਗੜਾਪਨ 1% ਹੈ, ਜਦਕਿ ਬਾਕੀ ਫਾਰਮਾਂ ‘ਤੇ ਇਹ 12-13% ਹੁੰਦਾ ਹੈ।

ਇਹ ਬਹੁਤ ਹੀ ਅਨੋਖੀ ਜਾਣਕਾਰੀ ਸੀ ਕਿਉਂਕਿ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਜਦੋਂ ਪਸ਼ੂ ਵਿੱਚ ਲੰਗੜਾਪਨ ਆਉਂਦਾ ਹੈ ਤਾਂ ਉਹ ਨਿਯਮਿਤ ਫੀਡ ਨਹੀ ਲੈਂਦਾ, ਜਿਸ ਨਾਲ ਦੁੱਧ ਉਤਪਾਦਨ ‘ਤੇ ਪ੍ਰਭਾਵ ਪੈਂਦਾ ਹੈ।

ਇਸ ਸਮੇਂ ਬਿਨਸਰ ਫਾਰਮ ‘ਤੇ 1000 ਤੋਂ ਵੱਧ ਗਾਵਾਂ ਹਨ, ਜਿਸ ਦੁਆਰਾ ਉਹ ਫਾਰਮ ਤੋਂ ਟੇਬਲ ਤੱਕ ਦਿੱਲੀ ਅਤੇ ਐੱਨ ਸੀ ਆਰ ਦੇ 600 ਪਰਿਵਾਰਾਂ ਨੂੰ ਦੁੱਧ ਸਪਲਾਈ ਕਰਦੇ ਹਨ।

ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਸਥਾਨਕ ਕਿਸਾਨ ਪਰਿਵਾਰਾਂ ਨੂੰ ਗਾਵਾਂ ਦਾਨ ਕਰਨ ਦੀ ਯੋਜਨਾ ਬਣਾਈ, ਜਿਨ੍ਹਾਂ ਨਾਲ ਉਹ ਡੇਅਰੀ ਪ੍ਰਬੰਧਨ ਸੰਬੰਧੀ ਮਾਹਿਰ ਸਲਾਹ ਅਤੇ ਜਾਣਕਾਰੀ ਸਾਂਝੀ ਕਰਦੇ ਹਨ ਅਤੇ ਅੰਤ ‘ਚ ਉਨ੍ਹਾਂ ਕੋਲੋਂ ਖੁਦ ਹੀ ਦੁੱਧ ਖਰੀਦ ਲੈਂਦੇ ਹਨ। ਇਸ ਨਾਲ ਕਿਸਾਨ ਨੂੰ ਸਥਿਰ ਆਮਦਨ ਅਤੇ ਜੀਵਨ ਵਿੱਚ ਸਮੇਂ ਦੇ ਨਾਲ ਸਾਰਥਕ ਬਦਲਾਅ ਲਿਆਉਣ ਵਿੱਚ ਮਦਦ ਮਿਲਦੀ ਹੈ।

ਇਸ ਸਮੇਂ ਬਿਨਸਰ ਫਾਰਮ ਹਰਿਆਣਾ ਅਤੇ ਪੰਜਾਬ ਦੇ 12 ਹੋਰ ਡੇਅਰੀ ਫਾਰਮ ਦੇ ਮਾਲਕਾਂ ਨਾਲ ਕੰਮ ਕਰ ਰਿਹਾ ਹੈ ਅਤੇ ਸਮੂਹਿਕ ਤੌਰ ‘ਤੇ ਦਹੀਂ, ਪਨੀਰ, ਘਿਓ ਆਦਿ ਦਾ ਉਤਪਾਦਨ ਕਰਦੇ ਹਨ।

ਇਹ ਤਿੱਕੜੀ ਆਪਣੇ ਯਤਨਾਂ ਦੇ ਸੁਮੇਲ ਨਾਲ ਇੱਕ ਅਜਿਹਾ ਢਾਂਚਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਨਾ-ਕੇਵਲ ਸਮਾਜਿਕ ਵਿਕਾਸ ਵਿੱਚ ਮਦਦ ਕਰ ਰਹੇ ਹਨ, ਬਲਕਿ ਖੇਤੀ ਸਮਾਜ ਨਾਲ ਆਪਣੇ ਆਧੁਨਿਕ ਖੇਤੀ ਅਭਿਆਸ ਵੀ ਸਾਂਝੇ ਕਰ ਸਕਦੇ ਹਨ। ਬਿਨਸਰ ਫਾਰਮ ਪ੍ਰੋਜੈੱਕਟ ਦਾ ਵਿਚਾਰ ਪਹਾੜੀ ਸਫ਼ਰ ਦੌਰਾਨ ਪੰਕਜ, ਦੀਪਕ ਅਤੇ ਸੁਖਵਿੰਦਰ ਜੀ ਦੇ ਦਿਮਾਗ ‘ਚ ਆਇਆ, ਪਰ ਉਸ ਤੋਂ ਬਾਅਦ ਇਸ ਨਾਲ ਕਈ ਕਿਸਾਨ ਪਰਿਵਾਰਾਂ ਦੀ ਜ਼ਿੰਦਗੀ ਬਦਲ ਗਈ।

ਪੰਕਜ ਅਤੇ ਟੀਮ ਦਾ ਇਹ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਚਲਾਉਣ ਲਈ ਪੈਸੇ ਦੀ ਜ਼ਰੂਰਤ ਨਹੀਂ ਰਹੇਗੀ, ਬਲਕਿ ਉਨ੍ਹਾਂ ਨੁੰ ਉਤਸ਼ਾਹਿਤ ਕਰਨ ਅਤੇ ਨੈਤਿਕਤਾ ਦੇ ਅਹਿਸਾਸ ਲਈ ਜਨੂੰਨ ਦੀ ਲੋੜ ਹੋਵੇਗੀ, ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਣਗੇ।