rejneesh-pb

ਰਜਨੀਸ਼ ਲਾਂਬਾ

(ਬਾਗਬਾਨੀ)

ਇੱਕ ਇਨਸਾਨ, ਜਿਸਨੇ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਜੈਵਿਕ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਹਾਸਲ ਕੀਤੀ

ਬਹੁਤ ਘੱਟ ਬੱਚੇ ਹੁੰਦੇ ਹਨ, ਜੋ ਆਪਣੇ ਪੁਰਖਾਂ ਦੇ ਕਾਰੋਬਾਰ ਨੂੰ ਆਪਣੇ ਜੀਵਨ ਵਿੱਚ ਇਸ ਪ੍ਰੇਰਣਾ ਨਾਲ ਅਪਨਾਉਂਦੇ ਹਨ, ਕਿ ਉਨ੍ਹਾਂ ਉਨ੍ਹਾਂ ਨੇ ਪਿਤਾ ਅਤੇ ਦਾਦੇ ਨੂੰ ਉਨ੍ਹਾਂ ‘ਤੇ ਮਾਣ ਹੋਵੇ। ਅਜਿਹੇ ਇੱਕ ਇਨਸਾਨ ਹਨ, ਰਜਨੀਸ਼ ਲਾਂਬਾ, ਜਿਨ੍ਹਾਂ ਨੇ ਆਪਣੇ ਦਾਦਾ ਜੀ ਤੋਂ ਪ੍ਰੇਰਿਤ ਹੋ ਕੇ ਜੈਵਿਕ ਖੇਤੀ ਸ਼ੁਰੂ ਕੀਤੀ।

ਰਜਨੀਸ਼ ਲਾਂਬਾ ਰਾਜਸਥਾਨ ਦੇ ਜ਼ਿਲ੍ਹਾ ਝੁਨਝੁਨੂ ਵਿੱਚ ਸਥਿਤ ਪਿੰਡ ਚੇਲਾਸੀ ਦੇ ਰਹਿਣ ਵਾਲੇ ਇੱਕ ਸਫ਼ਲ ਬਾਗਬਾਨੀ ਮਾਹਿਰ ਹਨ। ਉਨ੍ਹਾਂ ਕੋਲ 4 ਏਕੜ ਵਿੱਚ ਬਾਗ ਹੈ, ਜਿਸਦਾ ਨਾਮ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਮ ‘ਤੇ ਹਰਦੇਵ ਬਾਗ ਅਤੇ ਉਦਿਆਨ ਨਰਸਰੀ ਰੱਖਿਆ ਅਤੇ ਇਸ ਬਾਗ ਅਤੇ ਨਰਸਰੀ ਵਿੱਚ ਨਿੰਬੂ, ਅੰਬ, ਅਨਾਰ, ਬੇਲ ਪੱਤਰ, ਕਿੰਨੂ, ਮੌਸੰਮੀ ਆਦਿ ਦੇ 3000 ਤੋਂ ਜ਼ਿਆਦਾ ਰੁੱਖ ਫਲਾਂ ਦੇ ਹਨ।

ਖੇਤੀ ਨੂੰ ਪੇਸ਼ੇ ਦੇ ਤੌਰ ‘ਤੇ ਚੁਣਨਾ ਰਜਨੀਸ਼ ਜੀ ਦੀ ਆਪਣੀ ਦਿਲਚਸਪੀ ਸੀ। ਰਜਨੀਸ਼ ਲਾਂਬਾ ਜੀ ਦੇ ਪਿਤਾ ਸ਼੍ਰੀ ਹਰੀ ਸਿੰਘ ਲਾਂਬਾ ਇੱਕ ਪਟਵਾਰੀ ਸੀ ਅਤੇ ਉਨ੍ਹਾਂ ਕੋਲ ਅਲੱਗ ਪੇਸ਼ਾ ਚੁਣਨ ਲਈ ਪੂਰੇ ਮੌਕੇ ਸੀ ਅਤੇ ਡਬਲ ਐੱਮ.ਏ. ਕਰਨ ਤੋਂ ਬਾਅਦ ਉਹ ਆਪਣੇ ਹੀ ਖੇਤਰ ਵਿੱਚ ਵਧੀਆ ਨੌਕਰੀ ਕਰ ਸਕਦੇ ਸੀ, ਪਰ ਉਨ੍ਹਾਂ ਨੇ ਖੇਤੀ ਨੂੰ ਚੁਣਿਆ। ਜੈਵਿਕ ਖੇਤੀ ਤੋਂ ਪਹਿਲਾਂ ਉਹ ਰਵਾਇਤੀ ਖੇਤੀ ਕਰਦੇ ਸਨ ਅਤੇ ਬਾਜਰਾ, ਕਣਕ, ਜਵਾਰ, ਛੋਲੇ, ਸਰ੍ਹੋਂ, ਮੇਥੀ, ਪਿਆਜ਼ ਅਤੇ ਲਸਣ ਆਦਿ ਦੀ ਖੇਤੀ ਕਰਦੇ ਸਨ, ਪਰ ਜਦੋਂ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਜੈਵਿਕ ਅਨੁਭਵ ਦੇ ਬਾਰੇ ਵਿੱਚ ਜਾਣਿਆ ਤਾਂ ਉਨ੍ਹਾਂ ਨੇ ਆਪਣੇ ਜੱਦੀ ਕਾਰੋਬਾਰ ਨੂੰ ਅੱਗੇ ਲਿਜਾਣ ਅਤੇ ਉਸ ਕੰਮ ਨੂੰ ਹੋਰ ਲਾਭਦਾਇਕ ਬਣਾਉਣ ਬਾਰੇ ਸੋਚਿਆ।

ਇਹ ਸਭ 1996 ਵਿੱਚ ਸ਼ੁਰੂ ਹੋਇਆ, ਜਦੋਂ 1 ਬਿੱਘਾ ਖੇਤਰ ਵਿੱਚ ਉਨ੍ਹਾਂ ਨੇ ਬੇਲ ਦੇ 25 ਰੁੱਖ ਲਗਾਏ ਅਤੇ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਜੈਵਿਕ ਖੇਤੀ ਨੂੰ ਲਾਗੂ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਸ਼ੁਰੂ ਕੀਤੀ। 8 ਸਾਲਾਂ ਦੀ ਸਖ਼ਤ-ਮਿਹਨਤ ਅਤੇ ਕੋਸ਼ਿਸ਼ਾਂ ਤੋਂ ਬਾਅਦ 2004-2005 ਵਿੱਚ ਆਖਰ ਬੇਲ ਦੇ ਰੁੱਖਾਂ ਨੇ ਫਲ ਦੇਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ 50,000 ਰੁਪਏ ਦਾ ਭਾਰੀ ਲਾਭ ਕਮਾਇਆ।

ਇਸ ਮੁਨਾਫੇ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ, ਕਿ ਬਾਗ ਦੇ ਕਾਰੋਬਾਰ ਨਾਲ ਚੰਗੀ ਉਪਜ ਅਤੇ ਮੁਨਾਫ਼ਾ ਮਿਲਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਖੇਤਰ ਵਿੱਚ ਬਾਗ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ। 2004 ਵਿੱਚ ਉਨ੍ਹਾਂ ਨੇ ਬੇਲ ਦੇ 600 ਹੋਰ ਰੁੱਖ ਲਗਾਏ ਅਤੇ 2005 ਵਿੱਚ ਬੇਲ ਦੇ ਨਾਲ ਕਿੰਨੂ ਅਤੇ ਮੌਸੰਮੀ ਦੇ ਵੀ 150-150 ਰੁੱਖ ਲਗਾਏ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਇਨ੍ਹਾਂ ਰੁੱਖਾਂ ਤੋਂ ਹੋਇਆ ਮੁਨਾਫ਼ਾ ਵੀ ਕੁੱਝ ਅਜਿਹਾ ਹੀ ਸੀ। 2013 ਵਿੱਚ ਉਨ੍ਹਾਂ ਨੇ ਮੌਸੰਮੀ ਅਤੇ ਕਿੰਨੂ ਦੇ ਉਤਪਾਦਨ ਤੋਂ ਮੁਨਾਫ਼ਾ ਲਿਆ ਅਤੇ ਇਸ ਤੋਂ ਪ੍ਰੇਰਿਤ ਹੋ ਕਿ ਉਨ੍ਹਾਂ ਨੇ ਸਿੰਧੂਰੀ ਕਿਸਮ ਦੇ 600 ਰੁੱਖ ਲਗਾਏ ਅਤੇ ਲੈਮਨ ਦੇ 250 ਰੁੱਖ ਲਗਾਏ। 2012 ਵਿੱਚ ਉਨ੍ਹਾਂ ਨੇ ਅੰਬ ਅਤੇ ਅਮਰੂਦ ਦੇ 5-5 ਰੁੱਖ ਵੀ ਲਗਾਏ।

ਇਸ ਸਮੇਂ ਉਨ੍ਹਾਂ ਦੇ ਬਾਗ ਵਿੱਚ ਕੁੱਲ 3000 ਰੁੱਖ ਫਲਾਂ ਦੇ ਹਨ ਅਤੇ ਹੁਣ ਤੱਕ ਸਾਰੇ ਰੁੱਖਾਂ ਤੋਂ ਵਧੀਆ ਲਾਭ ਕਮਾ ਰਹੇ ਹਨ। ਹੁਣ ਉਨ੍ਹਾਂ ਦੇ ਛੋਟੇ ਭਰਾ ਵਿਕਰਾਂਤ ਲਾਂਬਾ ਅਤੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਲਾਂਬਾ ਵੀ ਉਨ੍ਹਾਂ ਦੇ ਬਾਗ ਦੇ ਕਾਰੋਬਾਰ ਵਿੱਚ ਮਦਦ ਕਰ ਰਹੇ ਹਨ। ਬਾਗਬਾਨੀ ਤੋਂ ਇਲਾਵਾ ਉਨ੍ਹਾਂ ਨੇ 2006 ਵਿੱਚ 25 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਜ਼ਿਆਦਾ ਮੁਨਾਫ਼ਾ ਨਹੀਂ ਮਿਲਿਆ ਅਤੇ 2013 ਵਿੱਚ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰੇਲੂ ਉਦੇਸ਼ ਲਈ ਸਿਰਫ਼ 4 ਗਾਵਾਂ ਹਨ।

ਤੰਦਰੁਸਤ ਉਤਪਾਦਨ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਉਹ ਗਾਂ ਦਾ ਗੋਬਰ, ਗਊ-ਮੂਤਰ, ਨਿੰਮ ਦਾ ਪਾਣੀ, ਧਤੂਰਾ ਅਤੇ ਗੰਡੋਆ ਖਾਦ ਦੀ ਵਰਤੋਂ ਨਾਲ ਖੁਦ ਖਾਦ ਤਿਆਰ ਕਰਦੇ ਹਨ ਅਤੇ ਜੇਕਰ ਲੋੜ ਹੋਵੇ ਤਾਂ ਕਦੇ-ਕਦੇ ਬਜ਼ਾਰ ਤੋਂ ਵੀ ਗਾਂ ਦਾ ਗੋਬਰ ਖਰੀਦ ਲੈਂਦੇ ਹਨ।

ਬਾਗਬਾਨੀ ਨੂੰ ਮੁੱਖ ਕਾਰੋਬਾਰ ਦੇ ਰੂਪ ਵਿੱਚ ਅਪਨਾਉਣ ਪਿੱਛੇ ਰਜਨੀਸ਼ ਲਾਂਬਾ ਦਾ ਮੁੱਖ ਉਦੇਸ਼ ਇਹ ਹੈ ਕਿ ਰਵਾਇਤੀ ਖੇਤੀ ਦੀ ਤੁਲਨਾ ਵਿੱਚ ਇਹ 10 ਗੁਣਾ ਵੱਧ ਮੁਨਾਫ਼ਾ ਪ੍ਰਦਾਨ ਕਰਦੀ ਹੈ ਅਤੇ ਇਸਦੀ ਖੇਤੀ ਅਸਾਨੀ ਨਾਲ ਵਾਤਾਵਰਨ ਦੇ ਅਨੁਕੂਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਘੱਟ ਮਿਹਨਤ ਦੀ ਲੋੜ ਪੈਂਦੀ ਹੈ। ਉਹ ਮਜ਼ਦੂਰਾਂ ਨੂੰ ਕੇਵਲ ਫਲਾਂ ਦੀ ਤੁੜਾਈ ਦੇ ਸਮੇਂ ਹੀ ਨਿਯੁਕਤ ਕਰਦੇ ਹਨ। ਉਂਝ ਉਨ੍ਹਾਂ ਕੋਲ 2 ਸਥਾਈ ਮਜ਼ਦੂਰ ਹਨ, ਜੋ ਹਰ ਸਮੇਂ ਉਨ੍ਹਾਂ ਲਈ ਕੰਮ ਕਰਦੇ ਹਨ। ਹੁਣ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਵਪਾਰਕ ਉਦੇਸ਼ ਲਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਲਾਭ ਕਮਾ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਬਾਗਬਾਨੀ ਦੇ ਬਾਰੇ ਵਿੱਚ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਖੇਤੀ ਨਾਲ ਸੰਬੰਧਿਤ ਪੱਤ੍ਰਿਕਾਵਾਂ, ਪ੍ਰਿੰਟਡ ਮੀਡੀਆ ਅਤੇ ਇੰਟਰਨੈੱਟ ਆਦਿ ਦੀ ਮਦਦ ਲੈਂਦੇ ਹਨ।

ਆਪਣੀ ਜੈਵਿਕ ਖੇਤੀ ਨੂੰ ਹੋਰ ਅੱਪਡੇਟ ਅਤੇ ਉੱਨਤ ਬਣਾਉਣ ਲਈ 2009 ਵਿੱਚ ਉਨ੍ਹਾਂ ਨੇ ਮੋਰਾਰਕਾ ਫਾਊਂਡੇਸ਼ਨ ਵਿੱਚ ਪ੍ਰਵੇਸ਼ ਕੀਤਾ। ਕਈ ਕਿਸਾਨ ਰਜਨੀਸ਼ ਲਾਂਬਾ ਤੋਂ ਕੁੱਝ ਨਵਾਂ ਸਿੱਖਣ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ ਅਤੇ ਉਹ ਵੀ ਬਿਨਾਂ ਕਿਸੇ ਫੀਸ ਦੇ ਉਨ੍ਹਾਂ ਨੂੰ ਜਾਣਕਾਰੀ ਅਤੇ ਟ੍ਰੇਨਿੰਗ ਉਪਲੱਬਧ ਕਰਵਾਉਂਦੇ ਹਨ। ਇੱਥੋਂ ਤੱਕ ਕਿ ਕਦੇ-ਕਦੇ ਖੇਤੀਬਾੜੀ ਅਫਸਰ ਵੀ ਸੰਮੇਲਨ ਅਤੇ ਟ੍ਰੇਨਿੰਗ ਲਈ ਕਿਸਾਨਾਂ ਦੇ ਗਰੁੱਪ ਨਾਲ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਸੁਪਨਾ ਹਮੇਸ਼ਾ ਆਪਣੇ ਦਾਦਾ ਜੀ (ਹਰਦੇਵ ਲਾਂਬਾ) ਨੂੰ ਮਾਣ ਕਰਵਾਉਣਾ ਸੀ। ਉਹ ਆਪਣੀਆਂ ਸਿੱਖਿਆਵਾਂ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਨਰਸਰੀ ਤਿਆਰ ਕਰਨ ਅਤੇ ਉਨ੍ਹਾਂ ਦੀ ਤਰ੍ਹਾਂ ਬਾਗਬਾਨੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਯਤਨਾਂ ਲਈ 2011 ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਹਰਜੀ ਰਾਮ ਬੁਰਦਕ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੁਆਰਾ ਵੀ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਲੇਖ (ਆਰਟੀਕਲ) ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਚੁੱਕੇ ਹਨ।

ਕਿਸਾਨਾਂ ਨੂੰ ਸੰਦੇਸ਼-
ਉਹ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਜੈਵਿਕ ਖੇਤੀ ਅਪਨਾਉਣ, ਕਿਉਂਕਿ ਇਹ ਵਾਤਾਵਰਨ ਦੇ ਅਨੁਕੂਲ ਹੋਣ ਦੇ ਨਾਲ-ਨਾਲ ਤੰਦਰੁਸਤੀ ਲਈ ਵੀ ਲਾਭਦਾਇਕ ਹੈ। ਕਿਸਾਨਾਂ ਨੂੰ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇੱਕ ਗੱਲ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਕਿ ਅਸੀਂ ਚਾਹੇ ਜਿੰਨਾ ਵੀ ਲਾਭ ਕਮਾ ਰਹੇ ਹਾਂ, ਲਾਭ ਸਿਰਫ਼ ਕੁੱਝ ਨਵਾਂ ਕਰਕੇ ਹੀ ਲਿਆ ਜਾ ਸਕਦਾ ਹੈ, ਜਿਵੇਂ ਕਿ ਮੈਂ ਬਾਗਬਾਨੀ ਦੀ ਖੇਤੀ ਕਰਕੇ ਪ੍ਰਾਪਤ ਕੀਤਾ ਹੈ।