satvir-pb

ਸਤਵੀਰ ਸਿੰਘ

(ਸਬਜ਼ੀਆਂ ਦੀ ਖੇਤੀ)

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”