ਮਾਹਰ ਸਲਾਹਕਾਰ ਵੇਰਵਾ

idea99chick.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-06-18 12:10:52

ਮੁਰਗੀ ਪਾਲਣ: ਪਾਣੀ ਦੀ ਵੱਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਹੈ ਤਾਂ ਜੋ ਮੁਰਗੀਆਂ ਨੂੰ ਠੰਡਾ ਪਾਣੀ ਮਿਲ ਸਕੇ। ਸ਼ੈੱਡ ਵਿੱਚ ਫੁਹਾਰੇ ਲਗਾਓ ਅਤੇ ਕੂਲਰ ਲਗਾਓ। ਸ਼ੈੱਡ ਦੇ ਆਲੇ-ਦੁਆਲੇ ਰੁੱਖ ਲਗਾਉਣੇ ਚਹੀਦੇ ਹਨ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ। ਖੁਰਾਕ ਵਿੱਚ ਪ੍ਰੋਟੀਨ, ਧਾਤਾਂ, ਇਲੈਕਟਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਦੇ ਤੱਤ ਮਿਲ ਸਕਣ। ਵੱਧ ਰਹੀਆਂ ਪੱਠਾਂ (6-10 ਹਫਤੇ) ਨੂੰ ਦਿਨ ਦੀ ਰੌਸ਼ਨੀ ਹੀ ਦੇਣੀ ਚਾਹੀਦੀ ਹੈ ਪਰ ਅੰਡੇ ਦੇ ਰਹੀਆ ਮੁਰਗੀਆਂ ਨੂੰ ਤੜਕੇ ਸਵੇਰੇ ਅਤੇ ਰਾਤ ਨੂੰ ਬਲਬਾਂ ਦੀ ਰੌਸ਼ਨੀ ਦੇ ਕੇ 16 ਘੰਟੇ ਰੌਸ਼ਨੀ ਪੂਰੀ ਕਰ ਦੇਣੀ ਚਾਹੀਦੀ ਹੇੈ। ਛੱਤ ਉੱਪਰ ਸਰਕੰਡੇ ਦੀ 2 ਇੰਚ ਮੋਟੀ ਤਹਿ ਵਿਛਾਉ ਤਾਂ ਜੋ ਸ਼ੈਡ ਅੰਦਰਲੇ ਤਾਪਮਾਨ ਨੂੰ ਘਟਾਇਆ ਜਾ ਸਕੇ। 6-8 ਹਫਤੇ ਦੀ ਉਮਰ ਦੇ ਪੱਠਾਂ ਨੂੰ ਰਾਣੀ ਖੇਤ ਦੇ ਆਰ-2 ਬੀ ਟੀਕੇ ਲਗਾਉਣੇ ਚਾਹੀਦੇ ਹਨ। ਇਹ ਦਵਾਈ ਪਾਣੀ ਜਾਂ ਲੱਸੀ ਵਿੱਚ ਨਹੀ ਪਿਲਾਉਣੀ ਚਾਹੀਦੀ। ਟੀਕੇ ਲੱਗੀਆਂ ਮੁਰਗੀਆਂ ਨੂੰ ਵਿਟਾਮਿਨ ਪਾਣੀ ਵਿੱਚ ਦੇਣੇ ਚਾਹੀਦੇ ਹਨ ਤਾਂ ਜੋ ਟੀਕਿਆਂ ਦੇ ਮਾੜੇ ਅਸਰ ਨੂੰ ਘਟਾਇਆ ਜਾ ਸਕੇ। ਜੇ ਆਂਡਿਆਂ ਦੀ ਪੈਦਾਵਾਰ ਵਿੱਚ ਅਚਾਨਕ ਗਿਰਾਵਟ ਆ ਜਾਵੇ ਤਾਂ ਮੁਰਗੀਆਂ ਦੇ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸੁੱਕ ਵਿਧੀ ਸਿਸਟਮ ਵਿੱਚ ਮੁਰਗੀਆਂ ਨੂੰ ਸਮੇਂ ਸਿਰ ਮਲੱਪ ਰਹਿਤ ਕਰੋ। ਮੁਰਗੀਆਂ ਨੂੰ ਖੁਰਾਕ ਠੰਡੇ ਸਮੇ ਭਾਵ ਸਵੇਰੇ ਅਤੇ ਸ਼ਾਮ ਨੂੰ ਪਾਓ ਅਤੇ ਫੀਡ ਵਿੱਚ ਤੇਲ ਦੀ ਮਾਤਰਾ 1-2% ਤੱਕ ਵਧਾ ਦਿਓ ਤਾਂ ਜੋ ਗਰਮੀਆਂ ਵਿੱਚ ਊਰਜਾ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਛੱਤ ਉਪੱਰ ਪਾਣੀ ਦੀ ਟੰਕੀ ਪੂਰੀ ਨਾ ਭਰੋ। ਪਾਣੀ ਵਿੱਚ 250 ਮਿਲੀ ਲਿਟਰ ਸਿਰਕਾ ਅਤੇ 120 ਮਿਲੀਲਿਟਰ ਸੈਨੀਟਾਈਜ਼ਰ 100 ਲਿਟਰ ਪਾਣੀ ਵਿੱਚ ਪਾਓ ਤਾਂ ਜੋ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂਆਂ ਦਾ ਖਾਤਮਾ ਕੀਤਾ ਜਾ ਸਕੇ ਅਤੇ 10 ਗ੍ਰਾਮ ਨਸ਼ਾਦਰ 100 ਲੀਟਰ ਪਾਣੀ ਵਿੱਚ ਪਾਓ ਤਾਂ ਜੋ ਪਾਣੀ ਵਿੱਚ ਠੰਡਕ ਪੈਦਾ ਕੀਤੀ ਜਾ ਸਕੇ।