
ਰਸਾਇਣਕ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਪਰਖ ਜ਼ਰੂਰੀ

ਰਸਾਇਣਕ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਜ਼ਰੂਰੀ ਹੈ। ਆਮ ਹੀ ਦੇਖਿਆ ਜਾਂਦਾ ਹੈ ਕਿ ਕਿਸਾਨ ਬਿਨਾ ਮਿੱਟੀ ਪਰਖ ਕਰਵਾਇਆਂ ਹੀ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ। ਇਸ ਕਾਰਨ ਕੀਮਤੀ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨਹੀਂ ਹੁੰਦੀ। ਮਿੱਟੀ ਪਰਖ ਮੁਤਾਬਕ ਕਿਸਾਨ ਜ਼ਮੀਨ ਵਿੱਚ ਤੱਤਾਂ ਦੀ ਮੌਜੂਦ ਮਾਤਰਾ ਦੇ ਹਿਸਾਬ ਨਾਲ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਕਰ ਸਕਦੇ ਹਨ।
ਫਾਸਫੋਰਸ ਦੀ ਵਰਤੋਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਲੰਮੇ ਸਮੇਂ ਦੀ ਖੋਜ ਅਨੁਸਾਰ ਫ਼ਸਲਾਂ ਨੂੰ ਪਾਈ ਫਾਸਫੋਰਸ ਦਾ 25 ਫ਼ੀਸਦੀ ਹਿੱਸਾ ਹੀ ਫ਼ਸਲ ਦੁਆਰਾ ਵਰਤਿਆ ਜਾਂਦਾ ਹੈ ਅਤੇ ਬਾਕੀ ਜ਼ਮੀਨ ਵਿੱਚ ਅਗਲੀ ਫ਼ਸਲ ਲਈ ਬਚ ਜਾਂਦਾ ਹੈ। ਫ਼ਸਲੀ ਚੱਕਰ ਵਿੱਚ ਹਾੜ੍ਹੀ ਦੀਆਂ ਫ਼ਸਲਾਂ, ਫਾਸਫੋਰਸ ਦੀ ਵਰਤੋਂ ਨੂੰ ਜ਼ਿਆਦਾ ਮੰਨਦੀਆਂ ਹਨ। ਇਸ ਲਈ ਜੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਸਿਫ਼ਾਰਸ਼ ਮੁਤਾਬਕ ਫਾਸਫੋਰਸ ਖ਼ਾਦ ਦੀ ਵਰਤੋਂ ਕਰ ਲਈ ਜਾਵੇ ਤਾਂ ਸਾਉਣੀ ਦੀਆਂ ਫ਼ਸਲਾਂ ਵਿੱਚ ਫਾਸਫੋਰਸ ਖ਼ਾਦ ਬਚਾਈ ਜਾ ਸਕਦੀ ਹੈ। ਸਾਉਣੀ ਵਿੱਚ ਤਾਪਮਾਨ ਅਤੇ ਨਮੀਂ ਵੱਧ ਹੋਣ ਕਾਰਨ, ਜ਼ਮੀਨ ਵਿੱਚ ਬਚੀ ਪਈ ਫਾਸਫੋਰਸ ਘੁਲ ਕੇ ਮੌਜੂਦ ਹੋ ਜਾਂਦੀ ਹੈ ਜੋ ਸਾਉਣੀ ਦੀਆਂ ਫ਼ਸਲਾਂ ਦੀ ਜ਼ਰੂਰਤ ਪੂਰੀ ਕਰ ਦਿੰਦੀ ਹੈ।
ਜ਼ਮੀਨ ਵਿੱਚ ਮੌਜੂਦ ਫਾਸਫੋਰਸ ਦੇ ਅਧਾਰ ਤੇ ਜ਼ਮੀਨਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ। ਜ਼ਮੀਨਾਂ ਵਿੱਚ ਫਾਸਫੋਰਸ 5 ਕਿਲੋ/ਏਕੜ ਤੋਂ ਘੱਟ, 5 ਤੋਂ 9 ਕਿਲੋ , 9 ਤੋਂ 20 ਕਿਲੋ ਅਤੇ 20 ਕਿਲੋ ਤੋਂ ਵੱਧ ਵਾਲੀਆਂ ਜ਼ਮੀਨਾਂ ਨੂੰ ਕ੍ਰਮਵਾਰ ਘੱਟ, ਦਰਮਿਆਨੀਆਂ, ਵੱਧ ਅਤੇ ਬਹੁਤ ਜ਼ਿਆਦਾ ਫਾਸਫੋਰਸ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਘੱਟ ਫਾਸਫੋਰਸ ਵਾਲੀਆਂ ਜ਼ਮੀਨਾਂ ਤੋਂ ਪੂਰਾ ਝਾੜ ਲੈਣ ਲਈ, ਦਰਮਿਆਨੇ ਫਾਸਫੋਰਸ ਵਾਲੀਆਂ ਜ਼ਮੀਨਾਂ ਨਾਲੋਂ 25 ਫ਼ੀਸਦੀ ਵੱਧ ਤੇ ਵੱਧ ਫਾਸਫੋਰਸ ਵਾਲੀਆਂ ਜ਼ਮੀਨਾਂ ਵਿੱਚ 25 ਫ਼ੀਸਦੀ ਘੱਟ ਫਾਸਫੋਰਸ ਖ਼ਾਦ ਪਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਪੋਟਾਸ਼ ਦੀ ਵਰਤੋਂ: ਪੋਟਾਸ਼ ਦੀ ਵਰਤੋਂ ਹਮੇਸ਼ਾਂ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ। ਇਸ ਤੱਤ ਦੀ ਘਾਟ ਆਮ ਤੌਰ ’ਤੇ ਪੰਜਾਬ ਦੇ ਕੰਢੀ ਖੇਤਰ (ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ) ਵਿੱਚ ਆਉਂਦੀ ਹੈ। ਜਿਨ੍ਹਾਂ ਜ਼ਮੀਨਾਂ ਵਿੱਚ ਮੌਜੂਦ ਪੋਟਾਸ਼ੀਅਮ 55 ਕਿਲੋ/ਏਕੜ ਤੋਂ ਘੱਟ ਹੁੰਦਾ ਹੈ, ਨੂੰ ਘਾਟ ਵਾਲੀਆਂ ਅਤੇ ਜਿਨ੍ਹਾਂ ਵਿੱਚ 55 ਕਿਲੋ ਤੋਂ ਵੱਧ ਹੁੰਦਾ ਹੈ, ਨੂੰ ਵੱਧ ਪੋਟਾਸ਼ ਵਾਲੀਆਂ ਜ਼ਮੀਨਾਂ ਆਖਿਆ ਜਾਂਦਾ ਹੈ। ਪੋਟਾਸ਼ ਲਈ ਮਿਊਰੇਟ ਆਫ਼ ਪੋਟਾਸ਼ ਵਧੀਆ ਸਰੋਤ ਹੈ ਅਤੇ ਇਸ ਦੀ ਵਰਤੋਂ ਨਾਲ ਫ਼ਸਲਾਂ ਵਿੱਚ ਪੋਟਾਸ਼ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਜ਼ਿੰਕ ਦੀ ਵਰਤੋਂ: ਸਾਉਣੀ ਦੀਆਂ ਫ਼ਸਲਾਂ ਜ਼ਿੰਕ ਨੂੰ ਵਧੇਰੇ ਮੰਨਦੀਆਂ ਹਨ। ਮਿੱਟੀ ਪਰਖ਼ ਮੁਤਾਬਕ ਜਿਨ੍ਹਾਂ ਜ਼ਮੀਨਾਂ ਵਿੱਚ ਮੌਜੂਦ ਜ਼ਿੰਕ 0.6 ਕਿਲੋ/ਏਕੜ ਤੋਂ ਘੱਟ ਹੋਵੇ, ਨੂੰ ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਝੋਨੇ ਅਤੇ ਮੂੰਗਫ਼ਲੀ ਵਿੱਚ ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 25 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (21 ਫ਼ੀਸਦੀ ਜ਼ਿੰਕ) ਜਾਂ 16 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ (33 ਫ਼ੀਸਦੀ ਜ਼ਿੰਕ) ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਮੱਕੀ ਅਤੇ ਕਪਾਹ ਨੂੰ ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 10 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 6.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ/ਏਕੜ ਕਾਫ਼ੀ ਹੁੰਦਾ ਹੈ। ਮੱਕੀ ਵਿੱਚ ਜੇਕਰ ਜ਼ਿੰਕ ਦੀ ਘਾਟ ਖੜ੍ਹੀ ਫ਼ਸਲ ’ਤੇ ਨਜ਼ਰ ਆਏ ਤਾਂ ਜ਼ਿੰਕ ਸਲਫ਼ੇਟ ਦੇ ਘੋਲ (1200 ਗ੍ਰਾਮ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 600 ਗ੍ਰਾਮ ਅਣ-ਬੁਝਿਆ ਚੂਨਾ, 200 ਲਿਟਰ ਪਾਣੀ ਵਿੱਚ ਘੋਲ ਕੇ) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਕਲਰਾਠੀਆਂ ਜ਼ਮੀਨਾਂ ਵਿੱਚ ਜ਼ਿੰਕ ਦੀ ਵਰਤੋਂ ਤੋਂ ਪਹਿਲਾਂ ਮਿੱਟੀ ਪਰਖ਼ ਮੁਤਾਬਕ ਸਿਫ਼ਾਰਸ਼ ਜਿਪਸਮ ਪਾਉਣਾ ਜ਼ਰੂਰੀ ਹੈ।
ਮੈਂਗਨੀਜ਼ ਦੀ ਵਰਤੋਂ: ਮੈਂਗਨੀਜ਼ ਦੀ ਘਾਟ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ ਜਾਂ ਬਰਸੀਮ ਵਿੱਚ ਆਉਂਦੀ ਹੈ। ਜਿਨ੍ਹਾਂ ਰੇਤਲੀਆਂ ਜ਼ਮੀਨਾਂ ਵਿੱਚ ਲਗਾਤਾਰ ਕਈਂ ਸਾਲਾਂ ਤੋਂ ਕਣਕ-ਝੋਨਾ ਫ਼ਸਲੀ ਚੱਕਰ ਅਪਣਾਇਆ ਜਾ ਰਿਹਾ ਹੋਵੇ, ਉਨ੍ਹਾਂ ਜ਼ਮੀਨਾਂ ਵਿੱਚ ਇਸ ਤੱਤ ਦੀ ਘਾਟ ਕਣਕ ਵਿੱਚ ਆਮ ਆ ਜਾਂਦੀ ਹੈ। ਇਸੇ ਤਰ੍ਹਾਂ ਝੋਨੇ ਮਗਰੋਂ ਬਰਸੀਮ ਉੱਤੇ ਵੀ ਮੈਂਗਨੀਜ਼ ਦੀ ਘਾਟ ਦੇਖੀ ਗਈ ਹੈ। ਮਿੱਟੀ ਪਰਖ਼ ਅਨੁਸਾਰ ਜੇ ਜ਼ਮੀਨ ਵਿੱਚ ਮੌਜੂਦ ਮੈਂਗਨੀਜ਼ 3.5 ਕਿਲੋ/ਏਕੜ ਤੋਂ ਘੱਟ ਹੋਵੇ, ਤਾਂ ਇਸ ਤੱਤ ਦੀ ਘਾਟ ਇਨ੍ਹਾਂ ਫ਼ਸਲਾਂ ਵਿੱਚ ਆ ਜਾਂਦੀ ਹੈ। ਮੈਂਗਨੀਜ਼ ਸਲਫ਼ੇਟ ਦਾ ਹਮੇਸ਼ਾਂ ਛਿੜਕਾਅ ਹੀ ਕਰਨਾ ਚਾਹੀਦਾ ਹੈ, ਜ਼ਮੀਨ ਵਿੱਚ ਇਸ ਖ਼ਾਦ ਦੀ ਵਰਤੋਂ ਲਾਹੇਵੰਦ ਨਹੀਂ ਹੁੰਦੀ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|