ਅੱਪਡੇਟ ਵੇਰਵਾ

4941-frnd.jpg
ਦੁਆਰਾ ਪੋਸਟ ਕੀਤਾ Apni Kheti
2019-02-21 12:42:05

'ਮਿੱਤਰ' ਕੀੜਿਆਂ ਨੂੰ 'ਦੁਸ਼ਮਣ' ਸਮਝ ਕੇ ਕਰ ਦਿੱਤਾ ਜਾਂਦਾ ਹੈ 'ਜ਼ਹਿਰਾਂ' ਦਾ ਛਿੜਕਾਅ

ਵੱਖ-ਵੱਖ ਫਸਲਾਂ ਦੀ ਕਾਸ਼ਤ  ਦੌਰਾਨ ਜਿਥੇ ਖਤਰਨਾਕ ਕੀੜੇ ਮਕੌੜੇ ਫਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ, ਉਸ ਦੇ ਨਾਲ ਹੀ ਤਕਰੀਬਨ ਹਰੇਕ ਖੇਤ 'ਚ ਅਨੇਕਾਂ ਮਿੱਤਰ ਕੀੜੇ ਵੀ ਮੌਜੂਦ ਹੁੰਦੇ ਹਨ ਜੋ ਹਾਨੀਕਾਰਨ ਕੀੜਿਆਂ ਨੂੰ ਖਤਮ ਕਰਕੇ ਫਸਲਾਂ ਲਈ ਵਰਦਾਨ ਸਿੱਧ ਹੁੰਦੇ ਹਨ। ਖਾਸ ਤੌਰ 'ਤੇ ਹਾੜ੍ਹੀ ਵਾਲੀਆਂ ਫਸਲਾਂ 'ਚ ਤੇਲੇ-ਚੇਪੇ ਵਰਗੇ ਕੀੜਿਆਂÎ ਨੂੰ ਮਾਰਨ ਲਈ ਖੇਤਾਂ ਵਿਚ ਹੀ ਕਈ ਕੀੜੇ ਮੌਜੂਦ ਹਨ ਪਰ ਹੈਰਾਨੀਜਨਕ ਗੱਲ ਹੈ ਕਿ ਬਹੁ ਗਿਣਤੀ ਕਿਸਾਨਾਂ ਨੂੰ ਅਜਿਹੇ ਕੀੜਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਸ ਕਾਰਨ ਕਈ ਵਾਰ ਕਿਸਾਨ ਖੇਤਾਂ ਵਿਚ ਮਿੱਤਰ ਕੀੜਿਆਂ ਨੂੰ ਦੇਖ ਕੇ ਹੀ ਖੇਤਾਂ 'ਚ ਜ਼ਹਿਰਾਂ ਦਾ ਛਿੜਕਾਅ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਨਾ-ਸਿਰਫ ਇਹ ਮਿੱਤਰ ਕੀੜੇ ਮਰ ਜਾਂਦੇ ਸਨ, ਸਗੋਂ ਖੇਤੀ ਖਰਚੇ ਵਧਣ ਦੇ ਨਾਲ-ਨਾਲ ਫਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਜਾਂਦੀ ਹੈ। 

ਕੀ ਹੁੰਦੇ ਹਨ ਮਿੱਤਰ ਕੀੜੇ?

ਖੇਤੀ ਮਾਹਿਰਾਂ ਅਨੁਸਾਰ ਮਿੱਤਰ ਕੀੜੇ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਨਸ਼ਟ ਕਰਨ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਕੀੜੇ ਦੁਸ਼ਮਣ ਕੀੜਿਆਂ 'ਤੇ ਹਮਲਾ ਕਰਕੇ ਜਾਂ ਤਾਂ ਉਨ੍ਹਾਂ ਨੂੰ ਮਾਰ ਦਿੰਦੇ ਹਨ ਅਤੇ ਜਾਂ ਫਿਰ ਉਨ੍ਹਾਂ ਨੂੰ ਖਾ ਜਾਂਦੇ ਹਨ। ਇਸ ਕਾਰਨ ਕਿਸਾਨਾਂ ਨੂੰ ਕਈ ਦੁਸ਼ਮਣ ਕੀੜੇ ਮਾਰਨ ਲਈ ਕੋਈ ਦਵਾਈ ਦਾ ਛਿੜਕਾਅ ਨਹੀਂ ਕਰਨਾ ਪੈਂਦਾ। 

ਮਿੱਤਰ ਕੀੜਿਆਂ ਦੀਆਂ ਕਿਸਮਾਂ

ਹਾੜ੍ਹੀ ਦੀਆਂ ਫਸਲਾਂ 'ਚ ਮਿੱਤਰ ਕੀੜੇ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿਚ ਪਰਭਕਸ਼ੀ ਕੀੜੇ ਅਜਿਹੇ ਹੁੰਦੇ ਹਨ, ਜੋ ਦੁਸ਼ਮਣ ਕੀੜਿਆਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ, ਜਦੋਂ ਕਿ ਪਰਜੀਵੀ ਕੀੜੇ ਦੁਸ਼ਮਣ ਕੀੜਿਆਂ ਦੇ ਉਪਰ ਜਾਂ ਅੰਦਰ ਰਹਿ ਕੇ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ਅਤੇ ਅਖੀਰ ਉਨ੍ਹਾਂ ਨੂੰ ਮਾਰ ਦਿੰਦੇ ਹਨ। ਅੱਜਕਲ ਖੇਤਾਂ ਵਿਚ ਮੌਜੂਦ ਹਾੜ੍ਹੀ ਦੀਆਂ ਫਸਲਾਂ ਵਿਚ ਮੁੱਖ ਤੌਰ 'ਤੇ ਲੇਡੀ ਬਰਡ ਭੂੰਡੀ, ਸੱਤ-ਟਿਮਕਣਿਆਂ ਵਾਲੀ ਭੂੰਡੀ, ਤਿੰਨ ਧਾਰੀ ਭੂੰਡੀ, ਗਰੀਨ ਲੇਸ ਵਿੰਗ, ਵਿੰਗੀਆਂ ਧਾਰੀਆਂ ਵਾਲੀਆਂ ਭੂੰਡੀਆਂ, ਸਿਰਫਿਡ ਮੱਖੀ ਆਦਿ ਪਰਭਕਸ਼ੀ ਮਿੱਤਰ ਕੀੜਿਆਂ ਦੀਆਂ ਪ੍ਰਮੁੱਖ ਉਦਾਹਰਨਾਂ ਹਨ। ਦੂਜੇ ਪਾਸੇ ਹਾੜ੍ਹੀ ਦੀਆਂ ਫਸਲਾਂ ਦੇ ਪਰਜੀਵੀ ਕੀੜਿਆਂ ਵਿਚ ਮੁੱਖ ਤੌਰ 'ਤੇ ਕੋਟੇਸੀਆ ਜਾਂ ਏਪੈਂਟਲੀਜ਼ ਭਰਿੰਡ, ਏਫੀਡੀਅਸ ਭਰਿੰਡ, ਕੈਂਪੋਲਿਟਸ ਕਲੋਰੀਡੀ ਭਰਿੰਡ ਸ਼ਾਮਿਲ ਹਨ।

ਮਿੱਤਰ ਕੀੜਿਆਂ ਦੀ ਪਹਿਚਾਣ ਅਤੇ ਫਾਇਦੇ

ਲੇਡੀ ਬਰਡ ਭੂੰਡੀਆਂ ਕਣਕ ਅਤੇ ਸਰ੍ਹੋਂ ਦੀ ਫਸਲ ਤੇ ਚੇਪੇ ਨੂੰ ਖਾ ਕੇ ਖਤਮ ਕਰ ਦਿੰਦੀਆਂ ਹਨ। ਇਹ ਭੂੰਡੀਆਂ ਗੋਲ ਜਾਂ ਲੰਬੂਤਰੀਆਂ ਆਕਾਰ ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਬਾਲਗ ਭੂੰਡੀਆਂ ਦੇ ਖੰਭ ਸਖਤ, ਚਮਕਦਾਰ ਹੁੰਦੇ ਹਨ। ਇਨ੍ਹਾਂ ਦਾ ਰੰਗ ਪੀਲਾ, ਲਾਲ ਜਾਂ ਸੰਤਰੀ ਹੁੰਦਾ ਹੈ। ਇਨ੍ਹਾਂ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਦੇ ਵੱਖਰੇ-ਵੱਖਰੇ ਅਕਾਰ ਤੇ ਰੰਗ ਹੋ ਸਕਦੇ ਹਨ। ਇਸੇ ਤਰ੍ਹਾਂ ਸੱਤ ਟਿਮਕਣਿਆਂ ਵਾਲੀ ਭੂੰਡੀ ਪੀਲੇ, ਭੂਰੇ ਲਾਲ ਜਿਹੇ ਰੰਗ ਦੀ ਹੁੰਦੀ ਹੈ, ਜਿਸ ਦੇ ਉਪਰਲੇ ਖੰਭਾਂ ਉਪਰ ਸੱਤ ਕਾਲੇ ਟਿਮਕਣੇ ਹੁੰਦੇ ਹਨ। ਤਿੰਨ ਧਾਰੀ ਬਾਲਗ ਭੂੰਡੀਆਂ ਦਾ ਸਿਰ ਪੀਲੇ ਰੰਗ ਦਾ ਹੁੰਦਾ ਹੈ। ਇਸ ਦੇ ਉਪਰਲੇ ਖੰਭ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਉਪਰ ਲੰਬੀਆਂ ਕਾਲੀਆਂ ਧਾਰੀਆਂ ਹੁੰਦੀਆਂ ਹਨ। ਵਿੰਗੀਆਂ ਧਾਰੀਆਂ ਵਾਲੀ ਭੂੰਡੀ ਦੀਆਂ ਬਾਲਗ ਭੂੰਡੀਆਂ ਗੋਲਾਕਾਰ ਹੁੰਦੀਆਂ ਹਨ। ਇਨ੍ਹਾਂ ਦਾ ਸਿਰ ਪੀਲੇ ਰੰਗ ਦਾ ਹੁੰਦਾ ਹੈ। ਉਪਰਲੇ ਖੰਭ ਸੰਤਰੀ, ਹਲਕੇ ਲਾਲ, ਪੀਲੇ ਜਾਂ ਗੁਲਾਬੀ ਰੰਗ ਦੇ ਹੁੰਦੇ ਹਨ, ਜਿਨ੍ਹਾਂ ਉਪਰ ਕਾਲੇ ਰੰਗ ਦੀਆਂ ਟੇਢੀਆਂ-ਵਿੰਗੀਆਂ ਧਾਰੀਆਂ ਹੁੰਦੀਆਂ ਹਨ ਅਤੇ ਦੋ ਟਿਮਕਣੇ ਹੁੰਦੇ ਹਨ। ਇਸੇ ਤਰ੍ਹਾਂ ਗਰੀਨ ਲੇਸ ਵਿੰਗ ਦੇ ਖੰਭ ਪਤਲੇ ਅਤੇ ਨਾੜੀਦਾਰ ਹੁੰਦੇ ਹਨ। ਇਸ ਦਾ ਲਾਰਵਾ ਅਗਲੇ ਅਤੇ ਪਿਛਲੇ ਪਾਸਿਆਂ  ਤੋਂ ਪਤਲਾ ਹੁੰਦਾ ਹੈ ਜਿਸ ਦਾ ਰੰਗ ਹਰਾ ਜਾਂ ਪੀਲਾ ਹੁੰਦਾ ਹੈ ਅਤੇ ਇਸ ਉੁਪਰ ਗੂੜ੍ਹੇ ਭੂਰੇ ਰੰਗ ਦੇ ਦਾਗ ਹੁੰਦੇ ਹਨ। ਇਸ ਕੀੜੇ ਦੀਆਂ ਸੁੰਡੀਆਂ ਚੇਪੇ, ਤੇਲੇ ਅਤੇ ਹੋਰ ਨਰਮ ਕੀੜਿਆਂ ਨੂੰ ਖਾ ਜਾਂਦੀਆਂ ਹਨ। ਸਿਰਫਿਡ ਮੱਖੀ ਮਧੂ ਮੱਖੀ ਵਰਗੀ ਹੁੰਦੀ ਹੈ ਜਿਸ ਦੇ ਦੋ ਖੰਭ ਹਨ ਅਤੇ ਇਸ ਦੇ ਸਰੀਰ ਉਪਰ ਪੀਲੇ, ਕਾਲੇ ਜਾਂ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਸ ਦੀਆਂ ਬਿਨਾਂ ਲੱਤਾਂ ਵਾਲੀਆਂ ਸੁੰਡੀਆਂ ਇੱਕ ਸਿਰੇ ਤੋਂ ਮੋਟੀਆਂ ਅਤੇ ਦੂਜੇ ਸਿਰੇ ਤੋਂ ਪਤਲੀਆਂ ਤੇ ਚਮਕਦਾਰ ਹਰੇ ਜਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ਉਪਰ ਲੰਬੂਤਰੀ ਧਾਰੀ ਹੁੰਦੀ ਹੈ। ਇਹ ਸੁੰਡੀਆਂ ਕਣਕ ਅਤੇ ਸਰ੍ਹੋਂ ਦੇ ਚੇਪੇ ਨੂੰ ਖਾ ਕੇ ਖਤਮ ਕਰ ਦਿੰਦੀਆਂ ਹਨ। ਕੋਟੇਸੀਆ ਜਾਂ ਏਪੈਂਟਲੀਜ਼ ਭਰਿੰਡ ਛੋਲਿਆਂ ਦੀਆਂ ਸੁੰਡੀਆਂ ਅਤੇ ਬੰਦ ਗੋਭੀ ਦੀਆਂ ਸੁੰਡੀਆਂ ਵਿਚ ਰਹਿੰਦੀਆਂ ਹਨ। ਇਸ ਦੀ ਸੁੰਡੀ ਹਾਨੀਕਾਰਕ ਸੁੰਡੀਆਂ  ਵਿਚ ਹੀ ਪਲਦੀ ਰਹਿੰਦੀ ਹੈ ਅਤੇ ਉਸ ਨੂੰ ਅੰਦਰੋਂ-ਅੰਦਰੀ ਖਾ ਕੇ ਨਸ਼ਟ ਕਰ ਦਿੰਦੀ ਹੈ। ਏਫੀਡੀਅਸ ਭਰਿੰਡ ਸਰ੍ਹੋਂ ਦੇ ਚੇਪੇ ਨੂੰ ਖਤਮ ਕਰਦੀ ਹੈ। ਇਹ ਚੇਪੇ ਦੇ ਸਰੀਰ ਵਿਚ ਆਂਡੇ ਦਿੰਦੀ ਹੈ ਅਤੇ ਆਂਡੇ ਵਿਚੋਂ ਨਿਕਲੀ ਸੁੰਡੀ ਚੇਪੇ ਵਿਚ ਹੀ ਪਲਦੀ ਰਹਿੰਦੀ ਹੈ ਅਤੇ ਚੇਪੇ ਨੂੰ ਅੰਦਰੋਂ-ਅੰਦਰੀ ਖਾ ਕੇ ਨਸ਼ਟ ਕਰ ਦਿੰਦੀ ਹੈ। ਕੈਂਪੋਲਿਟਸ ਕਲੋਰੀਡੀ ਭਰਿੰਡ ਛੋਲਿਆਂ ਦੀਆਂ ਸੁੰਡੀਆਂ ਵਿਚ ਪਰਜੀਵੀਕਰਣ ਕਰਦਾ ਹੈ। 

ਮਿੱਤਰ ਕੀੜਿਆਂ ਨੂੰ ਬਚਾਉਣ ਦਾ ਢੰਗ

ਮਿੱਤਰ ਕੀੜਿਆਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਜਿਥੇ ਢੁਕਵੇਂ ਕੀਟਨਾਸ਼ਕਾਂ ਦੀ ਵਰਤੋਂ ਲੋੜ ਅਨੁਸਾਰ ਕਰਨ ਦੀ ਲੋੜ ਹੈ, ਉਥੇ ਮਿੱਤਰ ਕੀੜਿਆਂ ਤੇ ਹਾਨੀਕਾਰਕ ਕੀੜਿਆਂ ਵਿਚਲਾ ਫਰਕ ਵੀ ਪਤਾ ਹੋਣਾ ਚਾਹੀਦਾ ਹੈ। ਹਾਨੀਕਾਰਨ ਕੀੜਿਆਂ ਦੀ ਰੋਕਥਾਮ ਲਈ ਫਸਲਾਂ ਦੀ ਬਿਜਾਈ ਢੁਕਵੇਂ ਸਮੇਂ 'ਤੇ ਕਰਨ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਮਿੱਤਰ ਕੀੜਿਆਂ ਨਾਲ ਰੋਕਥਾਮ ਕਰਨ ਤੋਂ ਇਲਾਵਾ ਦੁਸ਼ਮਣ ਕੀੜਿਆਂ ਦੇ ਅੰਡਿਆਂ ਅਤੇ ਛੋਟੀਆਂ  ਸੁੰਡੀਆਂ ਨੂੰ ਵੀ ਨਸ਼ਟ ਕੀਤਾ ਜਾ ਸਕਦਾ ਹੈ। ਇਸ ਮਕਸਦ ਲਈ ਕਿਸਾਨ ਖੇਤੀ ਮਾਹਿਰਾਂ ਕੋਲੋਂ ਵਿਸਥਾਰਿਤ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਮਾਮਲੇ 'ਚ ਅਹਿਮ ਗੱਲ ਹੈ ਕਿ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਲੋੜ ਪਵੇ ਤਾਂ ਹਰੇ ਤਿਕੋਣ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ। ਖੇਤਾਂ ਦੇ ਆਲੇ ਦੁਆਲੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਫਸਲਾਂ ਦੀ ਰਹਿੰਦ ਖੂੰਹਦ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅੱਗ ਨਾਲ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ।

ਸ੍ਰੋਤ -Jagbani