ਅੱਪਡੇਟ ਵੇਰਵਾ

2946-moong.jpg
ਦੁਆਰਾ ਪੋਸਟ ਕੀਤਾ ਠਾਕਰ ਸਿੰਘ, ਜਗਮੋਹਨ ਕੌਰ ਤੇ ਕੁਲਵੀਰ ਸਿੰਘ ਸੈਣੀ* ਫ਼ਸਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ। ਸੰਪਰਕ: 98145-44422
2018-07-30 04:13:38

ਮੂੰਗੀ ਤੇ ਮਾਂਹ ਦੀ ਪੈਦਾਵਾਰ ਵਧਾਉਣ ਦੇ ਨੁਕਤੇ

ਦਾਲਾਂ, ਵੱਖ-ਵੱਖ ਫ਼ਸਲੀ ਚੱਕਰਾਂ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਖੇਤੀਬਾੜੀ ਦੀ ਲਗਾਤਾਰ ਪੈਦਾਵਾਰ ਲਈ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਦਾਲਾਂ ਮਨੁੱਖੀ ਖ਼ੁਰਾਕ ਦਾ ਵੀ ਅਹਿਮ ਹਿੱਸਾ ਹਨ। ਇਨ੍ਹਾਂ ਵਿੱਚ ਪ੍ਰੋਟੀਨ (20 ਤੋਂ 25%) ਅਤੇ ਕੁੱਝ ਹੋਰ ਜ਼ਰੂਰੀ ਤੱਤ ਬਹੁਤਾਤ ਵਿੱਚ ਹੁੰਦੇ ਹਨ। ਇਹ ਪ੍ਰੋਟੀਨ ਦਾ ਸਸਤਾ ਸ੍ਰੋਤ ਹੋਣ ਕਰਕੇ ਕਾਫ਼ੀ ਹੱਦ ਤੱਕ ਲੋਕਾਂ ਦੀਆਂ ਪ੍ਰੋਟੀਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਹਾਇਕ ਸਿੱਧ ਹੁੰਦੀਆਂ ਹਨ। ਮਨੁੱਖੀ ਖ਼ੁਰਾਕ ਤੋਂ ਇਲਾਵਾ ਦਾਲਾਂ ਪਸ਼ੂਆਂ ਲਈ ਦਾਣੇ ਅਤੇ ਚਾਰੇ ਵਜੋਂ ਵੀ ਵਰਤੀਆਂ ਜਾਂਦੀਆਂ ਹਨ। ਦਾਲਾਂ ਦੀਆਂ ਜੜ੍ਹਾਂ ਵਿੱਚ ਮੌਜੂਦ ਰਾਈਜ਼ੋਬੀਅਮ ਬੈਕਟੀਰੀਆ ਹਵਾ ਤੋਂ ਨਾਈਟ੍ਰੋਜਨ ਪ੍ਰਾਪਤ ਕਰਕੇ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇੱਕ ਏਕੜ ’ਤੇ ਬੀਜੀ ਹੋਈ ਦਾਲ ਦੀ ਫ਼ਸਲ ਲਗਪਗ 5 ਤੋਂ 15 ਕਿਲੋ ਨਾਈਟ੍ਰੋਜਨ ਮਿੱਟੀ ਵਿੱਚ ਜਮ੍ਹਾਂ ਕਰਨ ਦੇ ਸਮਰੱਥ ਹੁੰਦੀ ਹੈ। ਦਾਲਾਂ ਘੱਟ ਖਾਦਾਂ ਅਤੇ ਪਾਣੀਆਂ ਨਾਲ ਪਲਦੀਆਂ ਹਨ। ਇਨ੍ਹਾਂ ਦੇ ਪੱਤਿਆਂ ਦੇ ਮਾਦੇ ਨਾਲ ਮਿੱਟੀ ਦੇ ਭੌਤਿਕ ਗੁਣਾਂ (ਜਿਵੇਂ ਕਿ ਮਿੱਟੀ ਦੀ ਘਣਤਾ, ਪਾਣੀ ਦਾ ਮਿੱਟੀ ਵਿੱਚ ਜ਼ਜ਼ਬ ਹੋਣਾ ਆਦਿ) ਵਿੱਚ ਵਾਧਾ ਹੁੰਦਾ ਹੈ।

ਦਾਲਾਂ ਦਾ ਘੱਟ ਝਾੜ ਮਿਲਣ ਦਾ ਮੁੱਖ ਕਾਰਨ ਇਨ੍ਹਾਂ ਦੀ ਕਾਸ਼ਤ ਹਲਕੀ ਅਤੇ ਘੱਟ ਉਪਜਾਊ ਜ਼ਮੀਨ ’ਤੇ ਕਰਨਾ ਹੈ। ਪੰਜਾਬ ਵਿੱਚ ਸਾਉਣੀ ਰੁੱਤੇ ਮੁੱਖ ਤੌਰ ’ਤੇ ਮੂੰਗੀ ਅਤੇ ਮਾਂਹ ਬੀਜੇ ਜਾਂਦੇ ਹਨ। ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਹੇਠ ਲਿਖੀਆਂ ਕਿਸਮਾਂ ਅਤੇ ਕਾਸ਼ਤ ਦੇ ਸੁਧਰੇ ਢੰਗ ਅਪਣਾਅ ਕੇ ਇਨ੍ਹਾਂ ਤੋਂ ਵਧੇਰੇ ਫ਼ਾਇਦਾ ਲੈ ਸਕਦੇ ਹਨ:

ਫ਼ਸਲੀ ਚੱਕਰ: ਸਾਉਣੀ ਰੁੱਤ ਵਿੱਚ ਮੂੰਗੀ ਨੂੰ ਰਾਇਆ ਅਤੇ ਕਣਕ ਤੌਂ ਬਾਅਦ ਜਾਂ ਰਾਇਆ/ਕਣਕ- ਗਰਮ ਰੁੱਤ ਦੀ ਮੂੰਗੀ ਤੋਂ ਬਾਅਦ ਲਗਾਇਆ ਜਾ ਸਕਦਾ ਹੈ। ਮਾਂਹਾਂ ਨੂੰ ਕਣਕ ਤੋਂ ਬਾਅਦ ਬੀਜਿਆ ਜਾ ਸਕਦਾ ਹੈ।

ਜ਼ਮੀਨ ਦੀ ਚੋਣ ਤੇ ਖੇਤ ਦੀ ਤਿਆਰੀ: ਮੂੰਗੀ ਅਤੇ ਮਾਂਹ ਵੱਖ-ਵੱਖ ਤਰ੍ਹਾਂ ਦੀਆਂ ਚੰਗੇ ਜਲ-ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਬੀਜੀਆਂ ਜਾ ਸਕਦੀਆਂ ਹਨ। ਚੰਗੇ ਜਲ ਨਿਕਾਸ ਵਾਲੀਆਂ ਮੱਧਮ ਤੋਂ ਭਾਰੀਆਂ ਜ਼ਮੀਨਾਂ ਇਨ੍ਹਾਂ ਦੀ ਕਾਸ਼ਤ ਲਈ ਕਾਫ਼ੀ ਢੁੱਕਵੀਆਂ ਹਨ। ਦਾਲਾਂ ਖਾਰੇਪਣ, ਲੂਣੇਪਣ ਅਤੇ ਸੇਮ ਨੂੰ ਨਹੀਂ ਸਹਿ ਸਕਦੀਆਂ ਕਿਉਂਕਿ ਇਨ੍ਹਾਂ ਕਾਰਨਾਂ ਨਾਲ ਬੀਜ ਦੇ ਉੱਗਣ ਅਤੇ ਜੜ੍ਹਾਂ ਵਿੱਚ ਨਾਈਟ੍ਰੋਜਨ ਤੱਤ ਵਾਲੀਆਂ ਥੈਲੀਆਂ ਬਣਨ ’ਤੇ ਮਾੜਾ ਅਸਰ ਪੈਂਦਾ ਹੈ। ਚੰਗੀ ਫ਼ਸਲ ਲੈਣ ਲਈ ਖੇਤ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ। ਬੀਜ ਦੇ ਠੀਕ ਪੁੰਗਾਰ ਲਈ ਖੇਤ ਭੁਰਭੁਰਾ ਹੋਣਾ ਚਾਹੀਦਾ ਹੈ, ਜਿਸ ਲਈ 2-3 ਵਾਰ ਵਾਹ ਕੇ ਹਰ ਵਾਰ ਸੁਹਾਗਾ ਮਾਰਨਾ ਚਾਹੀਦਾ ਹੈ।

ਕਿਸਮਾਂ ਦੀ ਚੋਣ: ਪੰਜਾਬ ਵਿੱਚ ਸਾਉਣੀ ਦੇ ਮੂੰਗੀ ਅਤੇ ਮਾਂਹਾਂ ਦੀਆਂ ਕਈ ਉਨਤ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਲੈਣ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਸਾਉਣੀ ਦੇ ਮੂੰਗੀ ਤੇ ਮਾਂਹ ਦੀਆਂ ਉਨਤ ਕਿਸਮਾਂ ਦੇ ਮਹੱਤਵਪੂਰਨ ਗੁਣ:

ਮੂੰਗੀ: ਮੂੰਗੀ ਦੀ ਐਮਐਲ 2056 ਕਿਸਮ 71 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪ੍ਰਤੀ ਏਕੜ 4.6 ਕੁਇੰਟਲ ਏਕੜ ਝਾੜ ਦਿੰਦੀ ਹੈ। ਐਮਐਲ 818 ਕਿਸਮ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ 4.2 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਇਹ ਕਿਸਮਾਂ ਪੀਲਾ ਚਿਤਕਬਰਾ ਰੋਗ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹਨ।

ਮਾਂਹ: ਮਾਂਹ-114 ਇਹ 83 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਝਾੜ 3.6 ਕੁਇੰਟਲ ਪ੍ਰਤੀ ਏਕੜ ਹੈ।

ਮਾਂਹ-338 ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਝਾੜ 3.5 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮਾਂ ਪੀਲਾ ਚਿਤਕਬਰਾ ਰੋਗ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹਨ।

ਬੀਜ ਦੀ ਮਾਤਰਾ ਅਤੇ ਸੋਧ: ਸਿਫ਼ਾਰਸ਼ ਕੀਤੀ ਮਾਤਰਾ ਹੀ ਬਿਜਾਈ ਲਈ ਵਰਤੋ। ਸਾਉਣੀ ਰੁੱਤ ਦੀ ਮੂੰਗੀ ਲਈ ਬੀਜ 8 ਕਿਲੋ ਤੇ ਮਾਂਹਾਂ ਲਈ 6-8 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਵਧੀਆ ਮਿਆਰ ਦਾ ਬੀਜ ਭਰੋਸੇਮੰਦ ਸੰਸਥਾ ਤੋਂ ਲੈਣਾ ਬਹੁਤ ਜ਼ਰੂਰੀ ਹੈ। ਬੀਜ ਸੋਧ ਲਈ ਉਲੀਨਾਸ਼ਕ ਦਵਾਈਆਂ ਜਿਵੇਂ ਕਿ ਕੈਪਟਾਨ ਜਾਂ ਥੀਰਮ ਦਵਾਈ 3 ਗ੍ਰਾਮ ਪ੍ਰਤੀ ਕਿਲੋ ਬੀਜ ਲਈ ਵਰਤੋ।

ਬੀਜ ਨੂੰ ਟੀਕਾ ਲਾਉਣਾ: ਮੂੰਗੀ ਨੂੰ ਟੀਕਾ ਲਾਉਣ ਨਾਲ 12-16% ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਇਕਰੋਬਾਇਆਲੋਜੀ ਵਿਭਾਗ ਤੋਂ ਮਿਲਦਾ ਹੈ। ਬੀਜ ਨੂੰ ਥੋੜ੍ਹਾ ਜਿਹਾ ਗਿੱਲਾ ਕਰਕੇ ਇੱਕ ਏਕੜ ਲਈ ਦਿੱਤੇ ਗਏ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਲਵੋ ਤੇ ਫਿਰ ਇਸ ਬੀਜ ਨੂੰ ਛਾਂ ਵਿੱਚ ਪੱਕੇ ਫ਼ਰਸ਼ ਤੇ ਖਿਲਾਰ ਦਿਓ।

ਬਿਜਾਈ ਦਾ ਸਮਾਂ ਤੇ ਢੰਗ: ਵਧੇਰੇ ਝਾੜ ਲੈਣ ਲਈ ਬਿਜਾਈ ਦਾ ਠੀਕ ਸਮਾਂ ਤੇ ਤਰੀਕਾ ਬਹੁਤ ਮਹੱਤਵਪੂਰਨ ਹਨ। ਮੂੰਗੀ ਦੀ ਬਿਜਾਈ ਨੂੰ ਜੁਲਾਈ ਵਿੱਚ ਨਿਬੇੜ ਲੈਣਾ ਚਾਹੀਦਾ ਹੈ। ਇਸ ਨੂੰ ਡਰਿਲ/ਪੋਰੇ ਜਾਂ ਕੇਰੇ ਨਾਲ 4-6 ਸੈਂਟੀਮੀਟਰ ਡੂੰਘਾ, 30 ਸੈਂਟੀਮੀਟਰ ਕਤਾਰ ਤੋਂ ਕਤਾਰ ਦੇ ਫ਼ਾਸਲੇ ’ਤੇ 10 ਸੈਂਟੀਮੀਟਰ ਬੂਟੇ ਤੋਂ ਬੂਟੇ ਦੇ ਫ਼ਾਸਲੇ ’ਤੇ ਬੀਜੋ। ਵਧੇਰੇ ਝਾੜ ਲੈਣ ਲਈ ਅੱਧਾ-ਅੱਧਾ ਬੀਜ ਪਾ ਕੇ 30 ਸੈਂਟੀਮੀਟਰ ਦੀ ਵਿੱਥ ’ਤੇ ਦੋ-ਪਾਸੀਂ ਬਿਜਾਈ ਕਰੋ। ਮੂੰਗੀ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਜੇ ਬਿਨਾਂ ਵਾਹੇ ਖੇਤਾਂ ਵਿੱਚ ਬਿਜਾਈ ਕਰਨੀ ਹੋਵੇ ਤੇ ਬੀਜਣ ਤੋਂ ਪਹਿਲਾਂ ਨਦੀਨ ਜ਼ਿਆਦਾ ਹੋਣ ਤਾਂ ਨਦੀਨਾਂ ਤੋਂ ਨਿਜਾਤ ਪਾਉਣ ਲਈ 500 ਮਿਲੀਲਿਟਰ ਗ੍ਰਾਮੈਕਸੋਨ 24 ਐਸਐਲ (ਪੈਰਾਕੁਇਟ) ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।

ਮਾਂਹਾਂ ਦੀ ਬਿਜਾਈ ਨੀਮ ਪਹਾੜੀ ਇਲਾਕਿਆਂ ਵਿੱਚ, ਸੇਂਜੂ ਹਾਲਤਾਂ ਵਿੱਚ ਜੁਲਾਈ ਵਿੱਚ ਨਿਬੇੜ ਲਵੋ। ਦੂਜੇ ਇਲਾਕਿਆਂ ਵਿੱਚ ਬਿਜਾਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰੋ। ਬਰਾਨੀ ਹਾਲਤਾਂ ਵਿੱਚ ਬਿਜਾਈ ਮੌਨਸੂਨ ਸ਼ੁਰੂ ਹੋਣ ’ਤੇ ਕਰੋ। ਬਿਜਾਈ ਕੇਰੇ ਜਾਂ ਪੋਰੇ ਜਾਂ ਡਰਿੱਲ ਨਾਲ 4-6 ਸੈਂਟੀਮੀਟਰ ਡੂੰਘਾਈ ਤੇ 30 ਸੈਂਟੀਮੀਟਰ ਦੀਆਂ ਕਤਾਰਾਂ ਤੇ ਕਰੋ।

ਖਾਦਾਂ: ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦਾਲਾਂ ਨੂੰ ਘੱਟ ਮਾਤਰਾ ਵਿੱਚ ਨਾਈਟ੍ਰੋਜਨ ਵਾਲੀਆਂ ਖਾਦਾਂ ਚਾਹੀਦੀਆਂ ਹਨ। ਮੱਧਮ ਵਰਗ ਦੀ ਉਪਜਾਊ ਮਿੱਟੀ ਲਈ, ਮੂੰਗੀ ਲਈ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰ ਫ਼ਾਸਫੇਟ) ਪ੍ਰਤੀ ਏਕੜ ਪਾਓ। ਮਾਂਹ ਨੂੰ ਵੀ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 10 ਕਿਲੋ ਫ਼ਾਸਫ਼ੋਰਸ (60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਬਿਜਾਈ ਸਮੇਂ ਪਾਓ।

ਸਿੰਜਾਈ ਪ੍ਰਬੰਧ: ਸਾਉਣੀ ਦੇ ਮੌਸਮ ਵਿੱਚ ਅਕਸਰ ਸਿੰਜਾਈ ਦੀ ਲੋੜ ਨਹੀਂ ਪੈਂਦੀ ਪਰ ਜੇ ਮੀਂਹ ਨਾ ਪੈਣ ਤਾਂ ਲੋੜ ਅਨੁਸਾਰ ਫ਼ਸਲਾਂ ਨੂੰ ਪਾਣੀ ਲਗਾ ਦਿਓ।

ਨਦੀਨ ਪ੍ਰਬੰਧ: ਨਦੀਨਾਂ ਤੋਂ ਨਿਜਾਤ ਪਾਉਣ ਲਈ ਮੂੰਗੀ ਵਿੱਚ ਇੱਕ ਜਾਂ ਦੋ ਗੋਡੀਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ ਉਸ ਤੋਂ 2 ਹਫ਼ਤੇ ਪਿੱਛੋਂ ਕਰੋ। ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਵੀ ਨਦੀਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਮੂੰਗੀ ਵਿੱਚ ਇੱਕ ਲਿਟਰ ਸਟੌਂਪ 30 ਈ.ਸੀ. (ਪੈਂਡੀਮੈਥਾਲੀਨ) ਦੇ ਛਿੜਕਾਅ ਨਾਲ ਜਾਂ 600 ਮਿਲੀਲਿਟਰ ਸਟੌਂਪ 30 ਈ.ਸੀ. ਪ੍ਰਤੀ ਏਕੜ ਦੀ ਵਰਤੋਂ ਅਤੇ ਬਿਜਾਈ ਤੋਂ ਚਾਰ ਹਫ਼ਤਿਆਂ ਪਿੱਛੋਂ ਇੱਕ ਗੋਡੀ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਸਟੌਂਪ ਦਾ ਛਿੜਕਾਅ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ, 200 ਲਿਟਰ ਪਾਣੀ ਦੀ ਵਰਤੋਂ ਕਰਕੇ ਕਰੋ।

ਮਾਂਹਾਂ ਵਿੱਚ ਨਦੀਨਾਂ ਤੋਂ ਨਿਜਾਤ ਪਾਉਣ ਲਈ ਇੱਕ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਕਰੋ। ਨਦੀਨਾਂ ਤੋਂ ਛੁਟਕਾਰੇ ਲਈ 1 ਲਿਟਰ ਸਟੌਂਪ 30 ਈ.ਸੀ. (ਪੈਂਡੀਮੈਥਾਲਿਨ) ਪ੍ਰਤੀ ਏਕੜ ਦਾ ਛਿੜਕਾਅ ਕਰੋ ਜਾਂ 600 ਮਿ.ਲੀ. ਸਟੌਂਪ ਦਾ ਛਿੜਕਾਅ ਅਤੇ ਬਿਜਾਈ ਤੋਂ 25 ਦਿਨਾਂ ਬਾਅਦ ਇੱਕ ਗੋਡੀ ਕਰੋ। ਸਟੌਂਪ ਦਾ ਛਿੜਕਾਅ ਬਿਜਾਈ ਤੋਂ ਦੋ ਦਿਨਾਂ ਵਿੱਚ 200 ਲਿਟਰ ਪਾਣੀ ਪ੍ਰਤੀ ਏਕੜ ਦੀ ਵਰਤੋਂ ਕਰਕੇ ਕਰੋ।

ਕਟਾਈ ਅਤੇ ਗਹਾਈ: ਮੂੰਗੀ ਦੀ ਕਟਾਈ ਉਸ ਸਮੇਂ ਕਰੋ ਜਦੋਂ ਕਾਫ਼ੀ ਪੱਤੇ ਝੜ ਜਾਣ ਤੇ ਲਗਪਗ 80% ਫ਼ਲੀਆਂ ਪੱਕ ਜਾਣ। ਕੰਬਾਈਨ ਨਾਲ ਮੂੰਗੀ ਦੀ ਵਾਢੀ ਕਰਨ ਲਈ 800 ਮਿਲੀਲਿਟਰ ਗਰੈਮਕਸੋਨ 24 ਐਸ.ਐਲ. (ਪੈਰਾਕੁਇਟ) ਪ੍ਰਤੀ ਏਕੜ 200 ਲਿਟਰ ਪਾਣੀ ਵਿੱਚ ਘੋਲ ਕੇ ਜਦੋਂ 80 ਪ੍ਰਤੀਸ਼ਤ ਫ਼ਲੀਆਂ ਪੱਕ ਜਾਣ, ਉਸ ਸਮੇਂ ਛਿੜਕਾਅ ਕਰੋ ਤਾਂ ਕਿ ਬੂਟੇ ਪੂਰੇ ਸੁੱਕ ਜਾਣ ਅਤੇ ਵਾਢੀ ਕੀਤੀ ਜਾ ਸਕੇ। ਮਾਂਹਾਂ ਦੀ ਵਾਢੀ ਉਸ ਸਮੇਂ ਕਰੋ ਜਦੋਂ ਪੱਤੇ ਝੜ ਜਾਣ ਅਤੇ ਫ਼ਲੀਆਂ ਸਲੇਟੀ ਕਾਲੀਆਂ ਹੋ ਜਾਣ। ਬੂਟਿਆਂ ਨੂੰ ਪੁੱਟਣਾ ਨਹੀਂ ਚਾਹੀਦਾ।