ਇਸ ਧਰਤੀ ਉੱਤੇ ਪਾਏ ਜਾਣ ਵਾਲੇ ਸਭ ਤੋਂ ਪੁਰਾਣੇ ਅਤੇ ਸਿਹਤਮੰਦ ਖਾਧ ਪਦਾਰਥਾਂ ਵਿਚ ਤਿਲਾਂ ਦੀ ਗਿਣਤੀ ਕੀਤੀ ਜਾਂਦੀ ਹੈ। ਤਿਲਾਂ ਦੀ ਖੁਰਾਕ ਵਜੋਂ ਵਰਤੋਂ ਕਰਨ ਦੇ ਪ੍ਰਮਾਣ 4000 ਸਾਲ ਪਹਿਲਾਂ ਦੀਆਂ ਪੁਰਾਤਨ ਲਿਖਤਾਂ ਵਿਚੋਂ ਵੀ ਮਿਲਦੇ ਹਨ। ਤਿਲਾਂ ਦੀਆਂ ਕਈ ਪ੍ਰਜਾਤੀਆਂ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਜੰਗਲੀ ਹਨ ਅਤੇ ਉਨ੍ਹਾਂ ਨੂੰ ਖਾਧ ਪਦਾਰਥ ਵਜੋਂ ਨਹੀਂ ਵਰਤਿਆ ਜਾਂਦਾ। ਕਾਸ਼ਤ ਕੀਤੀਆਂ ਜਾਂਦੀਆਂ ਕਿਸਮਾਂ ਵੀ ਕਈ ਪ੍ਰਕਾਰ ਦੀਆਂ ਹਨ ਜਿਨ੍ਹਾਂ ਤੋਂ ਚਿੱਟੇ, ਕਾਲੇ, ਭੂਰੇ ਅਤੇ ਹੋਰ ਰੰਗਾਂ ਦੇ ਬੀਜ ਪ੍ਰਾਪਤ ਹੁੰਦੇ ਹਨ। ਕਾਲੇ ਰੰਗ ਦੇ ਬੀਜ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਖੁਸ਼ਬੂ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਦੀ ਜ਼ਿਆਦਾਤਰ ਵਰਤੋਂ ਦਵਾਈਆਂ ਵਿਚ ਕੀਤੀ ਜਾਂਦੀ ਹੈ। ਚਿੱਟੇ ਰੰਗ ਦੇ ਬੀਜਾਂ ਵਿਚ ਦੂਜੇ ਬੀਜਾਂ ਦੇ ਮੁਕਾਬਲੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਆਮ ਖਾਣ ਵਾਲੀਆਂ ਵਸਤੂਆਂ ਵਿਚ ਅਤੇ ਤੇਲ ਕੱਢਣ ਲਈ ਇਨ੍ਹਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਚਿੱਟੇ ਬੀਜ ਆਮ ਤੌਰ 'ਤੇ ਛਿਲਕੇ ਤੋਂ ਰਹਿਤ ਹੁੰਦੇ ਹਨ ਜਦਕਿ ਕਾਲੇ ਜਾਂ ਭੂਰੇ ਰੰਗ ਦੇ ਬੀਜਾਂ ਉੱਪਰ ਛਿਲਕਾ ਹੁੰਦਾ ਹੈ।
ਜਿੱਥੇ ਖਾਣ ਲਈ ਤਿਲ ਏਨੇ ਗੁਣਕਾਰੀ ਹਨ ਉੱਥੇ ਇਨ੍ਹਾਂ ਦੀ ਕਾਸ਼ਤ ਵੀ ਬਹੁਤ ਆਸਾਨ ਅਤੇ ਘੱਟ ਖਰਚੇ ਅਤੇ ਸਾਧਨਾਂ ਨਾਲ ਕੀਤੀ ਜਾ ਸਕਦੀ ਹੈ। ਤਿਲਾਂ ਦੇ ਬੂਟਿਆਂ ਨੂੰ ਬਹੁਤ ਘੱਟ ਪਾਣੀ ਅਤੇ ਖੁਰਾਕੀ ਤੱਤਾਂ ਨਾਲ ਪੈਦਾ ਕੀਤਾ ਜਾ ਸਕਦਾ ਹੈ। ਤਿਲਾਂ ਦੀ ਫ਼ਸਲ ਦੀ ਉਮਰ ਵੀ ਘੱਟ ਹੁੰਦੀ ਹੈ। ਸੋ ਇਸ ਕਰਕੇ ਘੱਟ ਪਾਣੀ ਜਾਂ ਮਾੜੀਆਂ ਜ਼ਮੀਨਾਂ, ਜਿੱਥੇ ਕਿ ਦੂਸਰੀਆਂ ਫ਼ਸਲਾਂ ਦੀ ਲਾਹੇਵੰਦ ਪੈਦਾਵਾਰ ਨਹੀਂ ਹੋ ਸਕਦੀ, ਵਿਚ ਵੀ ਤਿਲਾਂ ਦੀ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਦੁਨੀਆਂ ਵਿਚ ਤਿਲਾਂ ਦੀ ਮੰਗ ਦਿਨੋ-ਦਿਨ ਵਧ ਰਹੀ ਹੈ ਅਤੇ ਅੱਜ ਤਿਲਾਂ ਦੇ ਨਿਰਯਾਤ ਵਿਚ ਭਾਰਤ ਮੋਹਰੀ ਦੇਸ਼ ਬਣ ਗਿਆ ਹੈ।
ਪੰਜਾਬ ਵਿਚ ਵੀ ਇਸਦੀ ਕਾਸ਼ਤ ਬਾਖੂਬੀ ਕੀਤੀ ਜਾ ਸਕਦੀ ਹੈ। ਸਾਉਣੀ ਦੇ ਮੌਸਮ ਵਿਚ ਬੀਜੀਆਂ ਜਾਣ ਵਾਲੀਆਂ ਤੇਲ ਬੀਜ ਫ਼ਸਲਾਂ ਵਿਚੋਂ ਤਿਲ ਇਕ ਮਹਤੱਵਪੂਰਨ ਫ਼ਸਲ ਵਜੋਂ ਉੱਭਰ ਸਕਦੀ ਹੈ। ਸਾਲ 2016-17 ਦੌਰਾਨ ਪੰਜਾਬ ਵਿਚ ਇਸ ਦੀ ਕਾਸ਼ਤ 3.0 ਹਜ਼ਾਰ ਏਕੜ ਰਕਬੇ ਵਿਚ ਕੀਤੀ ਗਈ। ਇਸ ਫ਼ਸਲ ਨੂੰ ਬਰਾਨੀ ਹਾਲਤਾਂ ਵਿਚ ਵੀ ਸਫ਼ਲਤਾ ਨਾਲ ਉਗਾਇਆ ਜਾ ਸਕਦਾ ਹੈ।
ਜ਼ਮੀਨ ਦੀ ਚੋਣ ਅਤੇ ਤਿਆਰੀ: ਇਸ ਦੀ ਕਾਸ਼ਤ ਲਈ ਪਾਣੀ ਦੇ ਚੰਗੇ ਨਿਕਾਸ ਵਾਲੀ ਰੇਤਲੀ ਮੈਰਾ ਜ਼ਮੀਨ ਬਹੁਤ ਢੁੱਕਵੀਂ ਸਾਬਤ ਹੁੰਦੀ ਹੈ। ਪੰਜਾਬ ਵਿਚ ਬਹੁਤੀਆਂ ਜ਼ਮੀਨਾਂ ਹਲਕੀਆਂ ਤੋਂ ਦਰਮਿਆਨੀਆਂ ਹੋਣ ਕਰਕੇ ਸਾਰੇ ਸੂਬੇ ਵਿਚ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਰੌਣੀ ਕਰਨ ਜਾਂ ਮੀਂਹ ਪੈਣ ਤੋਂ ਬਾਅਦ ਫ਼ਸਲ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਦੋ-ਤਿੰਨ ਵਾਰ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਚੰਗੇ ਵੱਤਰ ਵਿਚ ਬੀਜੀ ਫ਼ਸਲ ਦਾ ਜੰਮ ਚੰਗਾ ਆਉਂਦਾ ਹੈ।
ਸਿਫ਼ਾਰਿਸ਼ ਕਿਸਮਾਂ: ਪੰਜਾਬ ਵਿਚ ਇਸ ਦੀ ਕਾਸ਼ਤ ਲਈ ਯੂਨੀਵਰਸਿਟੀ ਵਲੋਂ ਪੰਜਾਬ ਤਿਲ ਨੰ.-2 ਅਤੇ ਆਰ. ਟੀ.-346, ਦੋ ਕਿਸਮਾਂ ਦੀ ਹੀ ਸਿਫ਼ਾਰਿਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਦਾ ਕ੍ਰਮਵਾਰ ਔਸਤ ਝਾੜ 2.8 ਤੇ 2.6 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 90 ਤੋਂ 87 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਕਿਸਮਾਂ 'ਤੇ ਕ੍ਰਮਵਾਰ ਫ਼ੁਲਾਂ ਦੇ ਰੋਗ ਅਤੇ ਫਲੀ ਦੇ ਗੜੂੰਏ ਦਾ ਹਮਲਾ ਘੱਟ ਹੁੰਦਾ ਹੈ ਅਤੇ ਇਨ੍ਹਾਂ ਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿਚੋਂ 49 ਫੀਸਦੀ ਤੇਲ ਮਿਲ ਜਾਂਦੀ ਹੈ। ਇਨ੍ਹਾਂ ਕਿਸਮਾਂ ਦੇ ਬੀਜ ਚਿੱਟੇ ਹੁੰਦੇ ਹਨ ਜੋ ਕਿ ਖਾਣ ਵਿਚ ਨਰਮ ਤੇ ਸੁਆਦ ਹੁੰਦੇ ਹਨ।
ਬੀਜ ਮਾਤਰਾ ਅਤੇ ਬਿਜਾਈ ਢੰਗ : ਇਕ ਏਕੜ ਦੀ ਬਿਜਾਈ ਵਾਸਤੇ ਇਕ ਕਿੱਲੋ ਬੀਜ ਹੀ ਕਾਫ਼ੀ ਹੁੰਦਾ ਹੈ। ਬਿਜਾਈ ਪੋਰੇ ਜਾਂ ਡਰਿੱਲ ਨਾਲ 4-5 ਸੈਂਟੀਮੀਟਰ ਡੂੰਘੀ ਤੇ 30 ਸੈਂਟੀਮੀਟਰ ਦੀ ਵਿੱਥ 'ਤੇ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਫ਼ਸਲ ਉੱਗਣ ਤੋਂ ਬਾਅਦ ਬੂਟੇ ਵਿਰਲੇ ਕਰਕੇ ਉਨ੍ਹਾਂ ਵਿਚ ਫ਼ਾਸਲਾ 15 ਸੈਂਟੀਮੀਟਰ ਦਾ ਕਰ ਦੇਣਾ ਚਾਹੀਦਾ ਹੈ।
ਖੁਰਾਕੀ ਤੱਤਾਂ ਦੀ ਪੂਰਤੀ : ਬਿਜਾਈ ਤੋਂ ਪਹਿਲਾਂ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਜ਼ਿਆਦਾ ਖਾਦ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਨਾਲ ਫ਼ਸਲ ਦਾ ਸਿਰਫ਼ ਫ਼ੈਲਾਅ ਹੀ ਵਧਦਾ ਹੈ।
ਨਦੀਨਾਂ ਦੀ ਰੋਕਥਾਮ : ਬਿਜਾਈ ਤੋਂ 3 ਹਫ਼ਤਿਆਂ ਬਾਅਦ ਇਕ ਗੋਡੀ ਕਰ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਿਜਾਈ ਤੋਂ 2 ਦਿਨਾਂ ਦੇ ਅੰਦਰ 1200 ਮਿਲੀਲਿਟਰ ਲਾਸੋ 50 ਈ ਸੀ (ਐਲਾਕਲੋਰ) ਦਵਾਈ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਕਟਾਈ ਅਤੇ ਝੜਾਈ : ਫ਼ਸਲ ਜਦੋਂ ਪੱਕਣ 'ਤੇ ਆਉਂਦੀ ਹੈ ਤਾਂ ਇਸ ਦਾ ਰੰਗ ਪੀਲਾ ਪੈ ਜਾਂਦਾ ਹੈ। ਫ਼ਸਲ ਪੱਕਣ 'ਤੇ ਇਸ ਨੂੰ ਕੱਟਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੱਕਣ ਤੋਂ ਬਾਅਦ ਇਸ ਦੀਆਂ ਫ਼ਲੀਆਂ ਖੁੱਲ੍ਹ ਜਾਣ ਕਾਰਨ ਤਿੱਲ ਝੱੜ ਜਾਂਦੇ ਹਨ। ਕਟਾਈ ਤੋਂ ਬਾਅਦ ਬੂਟਿਆਂ ਦੇ ਛੋਟੇ-ਛੋਟੇ ਪੂਲੇ ਬਣਾ ਦੇਣੇ ਚਾਹੀਦੇ ਹਨ ਅਤੇ ਪੂਲਿਆਂ ਨੂੰ ਸੁਕਾ ਕੇ ਇਕ ਦੋ ਝੜਾਈਆਂ ਕਰਨ ਨਾਲ ਸਾਰੇ ਤਿੱਲ ਕੱਢੇ ਜਾ ਸਕਦੇ ਹਨ, ਜਿਨ੍ਹਾਂ ਨੂੰ ਸਾਫ਼ ਕਰ ਕੇ ਸਟੋਰ ਕੀਤਾ ਜਾ ਸਕਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store