ਅੱਪਡੇਟ ਵੇਰਵਾ

122-g.jpg
ਦੁਆਰਾ ਪੋਸਟ ਕੀਤਾ Apni Kheti
2019-01-29 16:35:07

ਗੁੱਲੀ ਡੰਡੇ ਦੀ ਰੋਕਥਾਮ ਲਈ ਕਰੋ ਨਦੀਨ ਨਾਸ਼ਕਾਂ ਦੀ ਸਹੀ ਵਰਤੋਂ

ਗੁੱਲੀ ਡੰਡਾ ਕਣਕ ਦੀ ਫ਼ਸਲ ਦਾ ਮੁੱਖ ਨਦੀਨ ਹੈ । ਇਸਦੀ ਰੋਕਥਾਮ ਜ਼ਿਆਦਾ ਕਰਕੇ ਪਹਿਲੇ ਪਾਣੀ ਤੋਂ ਬਾਅਦ ਨਦੀਨ ਨਾਸ਼ਕਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਇੱਕ ਹੀ ਨਦੀਨ ਨਾਸ਼ਕ ਦੀ ਲਗਾਤਾਰ ਵਰਤੋਂ ਕਰਨ ਨਾਲ ਨਦੀਨਾਂ ਵਿੱਚ ਨਦੀਨ ਨਾਸ਼ਕ ਪ੍ਰਤੀ ਰੋਧਕ ਸ਼ਕਤੀ ਪੈਦਾ ਹੋ ਜਾਂਦੀ ਹੈ ਜਿਸ ਕਰਕੇ ਉਹ ਨਦੀਨ ਨਾਸ਼ਕ ਜਿਹੜਾ ਸ਼ੁਰੂ ਦੇ ਸਾਲਾਂ ਵਿੱਚ ਬੜਾ ਚੰਗਾ ਕੰਮ ਕਰਦਾ ਸੀ ਦੀ ਲਗਾਤਾਰ ਵਰਤੋਂ ਕਰਨ ਕਰਕੇ ਘੱਟ ਕੰਮ ਕਰਨ ਲੱਗਦਾ ਹੈ ਜਾਂ ਕਈ ਖੇਤਾਂ ਵਿੱਚ ਬਿਲਕੁਲ ਹੀ ਕੰਮ ਨਹੀਂ ਕਰਦਾ। ਪੰਜਾਬ ਵਿੱਚ ਕਈ ਖੇਤਾਂ ਵਿੱਚ ਗੁੱਲੀ ਡੰਡੇ ਵਿੱਚ ਵੱਖੋ-ਵੱਖ ਨਦੀਨ ਨਾਸ਼ਕਾਂ ਲਈ ਪ੍ਰਤੀਰੋਧਕ ਸ਼ਕਤੀ ਪੈਦਾ ਹੋਣ ਦੇ ਸੰਕੇਤ ਮਿਲੇ ਹਨ। ਸੋ ਕਿਸੇ ਵੀ ਨਦੀਨ ਨਾਸ਼ਕ ਦੀ ਚੋਣ ਕਰਨ ਅਤੇ ਵਰਤਣ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ:

  • ਨਦੀਨ ਨਾਸ਼ਕਾਂ ਦੀ ਕਾਰਗੁਜ਼ਾਰੀ ਲਈ ਪਿਛਲੇ ਸਾਲਾਂ ਵਿੱਚ ਵਰਤੇ ਨਦੀਨ ਨਾਸ਼ਕ ਅਤੇ ਉਹਨਾਂ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਹੀ ਕਿਸੇ ਖੇਤ ਵਿੱਚ ਨਦੀਨ ਨਾਸ਼ਕ ਦੀ ਸਹੀ ਚੋਣ ਕਰਨ ਵਿੱਚ ਸਹਾਈ ਹੋ ਸਕਦੀ ਹੈ। ਇਸ ਲਈ ਪਿਛਲੇ ਸਾਲਾਂ ਵਿੱਚ ਜਿਹੜੇ ਨਦੀਨ ਨਾਸ਼ਕਾਂ ਦੇ ਚੰਗੇ ਨਤੀਜੇ ਨਾ ਮਿਲੇ ਹੋਣ, ਉਹਨਾਂ ਨੂੰ ਇਸ ਸਾਲ ਨਾ ਵਰਤੋਂ।
  • ਨਦੀਨ ਨਾਸ਼ਕ ਹਰ ਸਾਲ ਬਦਲ ਕੇ ਵਰਤੋ।
  • ਨਦੀਨ ਨਾਸ਼ਕ ਗੁੱਲੀ ਡੰਡੇ ਦੇ 2-3 ਪੱਤਿਆਂ ਦੀ ਅਵਸਥਾ ਵਿੱਚ ਸਭ ਤੋਂ ਵਧੀਆ ਕੰਮ ਕਰਦੇ ਹਨ। ਜੇਕਰ ਛਿੜਕਾਅ ਸਮੇਂ ਗੁੱਲੀ ਡੰਡੇ ਦੇ ਬੂਟੇ 4-5 ਪੱਤੇ ਜਾਂ ਸ਼ਾਖਾਂ ਕੱਢ ਰਹੇ ਹੋਣ ਤਾਂ ਨਦੀਨ ਨਾਸ਼ਕ ਦਾ ਅਸਰ ਘੱਟ ਮਿਲੇਗਾ।
  • ਨਦੀਨ ਨਾਸ਼ਕ ਦੀ ਸਿਫ਼ਾਰਸ਼ ਕੀਤੀ ਮਾਤਰਾ ਹੀ ਵਰਤੋ । ਸਿਫ਼ਾਰਸ਼ ਤੋਂ ਜ਼ਿਆਦਾ ਮਾਤਰਾ ਵਰਤਣ ਨਾਲ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਜਿਵੇਂ ਕਣਕ ਦਾ ਪੀਲੀ ਪੈ ਜਾਣਾ, ਕਣਕ ਦਾ ਵਾਧਾ ਰੁੱਕ ਜਾਣਾ ਆਦਿ।
  • ਛਿੜਕਾਅ ਲਈ ਹਮੇਸ਼ਾਂ ਕੱਟ ਵਾਲੀ ਨੋਜ਼ਲ ਹੀ ਵਰਤੋ ਕਿਉਂਕਿ ਇਸ ਨਾਲ ਛਿੜਕਾਅ ਇਕਸਾਰ ਹੁੰਦਾ ਹੈ ਅਤੇ ਕੋਈ ਪਾੜਾ ਨਹੀਂ ਰਹਿੰਦਾ।
  • ਛਿੜਕਾਅ ਚੰਗੇ ਵੱਤਰ ਖੇਤ ਵਿੱਚ 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਕਰੋ।
  • ਆਪਣੇ ਤੌਰ ਤੇ ਦੋ ਜਾਂ ਜ਼ਿਆਦਾ ਨਦੀਨ ਨਾਸ਼ਕ ਰਲਾ ਕੇ ਜਾਂ ਨਦੀਨ ਨਾਸ਼ਕ ਕਿਸੇ ਹੋਰ ਰਸਾਇਣ ਜਾਂ ਖਾਦ ਨਾਲ ਰਲਾ ਕੇ ਵਰਤਣ ਨਾਲ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।
  • ਗੁੱਲੀ ਡੰਡੇ ਦੀ ਰੋਕਥਾਮ ਲਈ ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ, ਐਂਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾੱਨ+ਆਇਡੋਸਲਫੂਰਾੱਨ) 160 ਗ੍ਰਾਮ, ਟੋਟਲ/ਮਾਰਕਪਾਵਰ 75 ਡਬਲਯੂ ਡੀ ਜੀ (ਸਲਫੋਸਲਫੂਰਾਨ+ਮੈਟਸਲਫੂਰਾਨ) 16 ਗ੍ਰਾਮ, ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ ਜਾਂ ਏ ਸੀ ਐੱਮ-9 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰਕੇ ਕੀਤੀ ਜਾ ਸਕਦੀ ਹੈ।
  • ਛਿੜਕਾਅ ਚੰਗੀ ਧੁੱਪ ਵਾਲੇ ਦਿਨ ਹੀ ਕਰੋ।

ਉਪਰੋਕਤ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਹ ਗੱਲ ਇੱਥੇ ਦੁਬਾਰਾ ਦੱਸਣੀ ਬਣਦੀ ਹੈ ਕਿ ਜੇਕਰ ਤੁਹਾਡੇ ਖੇਤ ਵਿੱਚ ਕਿਸੇ ਖਾਸ ਨਦੀਨ ਨਾਸ਼ਕ ਨੇ ਪਿਛਲੇ ਸਾਲ ਜਾਂ ਪਿਛਲੇ 2-3 ਸਾਲ ਤੋਂ ਕੰਮ ਨਹੀਂ ਕਰ ਰਿਹਾ, ਉਸ ਦੀ ਵਰਤੋਂ ਇਸ ਸਾਲ ਬਿਲਕੁਲ ਨਾ ਕਰੋ।