ਪੰਜਾਬ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਤਕਰੀਬਨ 43 ਹਜ਼ਾਰ ਹੈਕਟੇਅਰ ਰਕਬੇ ’ਤੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਮੂੰਗੀ ਨੂੰ ਗਰਮੀ ਅਤੇ ਸਾਉਣੀ ਦੀ ਰੁੱਤ ਦੌਰਾਨ ਲਗਾਇਆ ਜਾਂਦਾ ਹੈ। ਘੱਟ ਸਮੇਂ ਦੀ ਫ਼ਸਲ ਹੋਣ ਕਰਕੇ ਝੋਨਾ-ਕਣਕ ਫ਼ਸਲੀ ਚੱਕਰ ਵਿੱਚ ਇਸ ਦੀ ਕਾਸ਼ਤ ਬਹੁਤ ਢੁੱਕਵੀਂ ਹੈ। ਮੂੰਗੀ ਦੇ ਦਾਣਿਆਂ ਵਿੱਚ ਪ੍ਰੋਟੀਨ ਅਤੇ ਲੋਹਾ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਹ ਅਾਸਾਨੀ ਨਾਲ ਪਚਣ ਅਤੇ ਥੋੜ੍ਹੇ ਸਮੇਂ ਵਿੱਚ ਪਕਾਈ ਜਾਣ ਵਾਲੀ ਦਾਲ ਹੈ। ਮਨੁੱਖੀ ਪੋਸ਼ਕਤਾ ਦੇ ਨਾਲ-ਨਾਲ ਮੂੰਗੀ ਦੀ ਫ਼ਸਲ ਦੀ ਕਾਸ਼ਤ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਂਦੀ ਹੈ। ਅਨਾਜ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਮੂੰਗੀ ਦੀ ਫ਼ਸਲ ਦੀ ਕਾਸ਼ਤ ਲਈ ਘੱਟ ਪਾਣੀ ਅਤੇ ਊਰਜਾ ਦੀ ਲੋੜ ਹੈ। ਇਸ ਫ਼ਸਲ ਦਾ ਵੱਧ ਝਾੜ ਲੈਣ ਲਈ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਤਕਨੀਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਮੌਸਮ ਅਤੇ ਜ਼ਮੀਨ ਦੀ ਚੋਣ: ਮੂੰਗੀ ਦੀ ਫ਼ਸਲ ਦੇ ਵਾਧੇ ਲਈ ਗਰਮ ਮੌਸਮ ਦੀ ਜ਼ਰੂਰਤ ਹੁੰਦੀ ਹੈ। ਮੂੰਗੀ ਦੀ ਫ਼ਸਲ ਹੋਰਨਾਂ ਦਾਲਾਂ ਨਾਲੋਂਂ ਜ਼ਿਆਦਾ ਗਰਮੀ ਸਹਾਰ ਸਕਦੀ ਹੈ। ਮੂੰਗੀ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਢੁਕਵੀਆਂ ਨਹੀਂ। ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਮੂੰਗੀ ਦੀ ਕਾਸ਼ਤ ਲਈ ਢੁਕਵੀਂ ਹੈ।
ਉੱਨਤ ਕਿਸਮਾਂ: ਐਸ ਐਮ ਐਲ 832, ਐਸ ਐਮ ਐਲ 668 ਅਤੇ ਟੀ ਐਮ ਬੀ 37 ਗਰਮ ਰੁੱਤ ਦੀ ਮੂੰਗੀ ਦੀਆਂ ਉੱਨਤ ਕਿਸਮਾਂ ਹਨ। ਟੀ ਐਮ ਬੀ 37 ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ। ਐਸ ਐਮ ਐਲ 832 ਕਿਸਮ 61 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ। ਐਸ ਐਮ ਐਲ 668 ਕਿਸਮ ਕਰੀਬ 60 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਤਿਆਰੀ: ਜ਼ਮੀਨ ਨੂੰ ਤਿਆਰ ਕਰਨ ਲਈ ਖੇਤ ਨੂੰ 2-3 ਵਾਰ ਵਾਹੋ। ਹਰ ਵਾਹੀ ਮਗਰੋਂ ਸੁਹਾਗਾ ਮਾਰ ਕੇ ਖੇਤ ਤਿਆਰ ਕਰੋ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਵੱਢਣ ਉਪਰੰਤ ਬਿਨਾ ਵਾਹੇ ਵੀ ਕੀਤੀ ਜਾ ਸਕਦੀ ਹੈ। ਖੇਤ ਵਿੱਚ ਕਣਕ ਦੇ ਨਾੜ ਦੇ ਹਿਸਾਬ ਨਾਲ ਮੂੰਗੀ ਦੀ ਬਿਜਾਈ ਜ਼ੀਰੋ-ਟਿੱਲ ਡਰਿੱਲ ਜਾਂ ਪੀਏਯੂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ। ਜੇ ਖੇਤ ਵਿੱਚ ਕਣਕ ਦਾ ਨਾੜ ਨਹੀਂਂ ਹੈ ਤਾਂ ਜ਼ੀਰੋ-ਟਿੱਲ ਡਰਿੱਲ ਨਾਲ ਮੂੰਗੀ ਬੀਜੀ ਜਾ ਸਕਦੀ ਹੈ। ਜੇ ਕੰਬਾਈਨ ਨਾਲ ਕਣਕ ਦੀ ਕਟਾਈ ਮਗਰੋਂ ਕਣਕ ਦਾ ਨਾੜ ਖੇਤ ਵਿੱਚ ਹੋਵੇ ਤਾਂ ਪੀਏਯੂ ਹੈਪੀ ਸੀਡਰ ਨਾਲ ਮੂੰਗੀ ਬੀਜੋ।
ਬਿਜਾਈ ਦਾ ਸਮਾਂ: ਮੂੰਗੀ ਦੀ ਫ਼ਸਲ ਦੀ ਬਿਜਾਈ 20 ਮਾਰਚ ਤੋਂ 10 ਅਪਰੈਲ ਤੱਕ ਕਰ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਬੀਜੀ ਫ਼ਸਲ ਦਾ ਪੱਕਣ ਸਮੇਂ ਅਗੇਤੇ ਮੌਨਸੂਨ ਮੀਂਹ ਨਾਲ ਨੁਕਸਾਨ ਹੋ ਸਕਦਾ ਹੈ।
ਬੀਜ ਦੀ ਮਾਤਰਾ: ਇੱਕ ਏਕੜ ਲਈ ਐਸ ਐਮ ਐਲ 668 ਕਿਸਮ ਦਾ 15 ਕਿਲੋ, ਐਸ ਐਮ ਐਲ 832 ਅਤੇ ਟੀ ਐਮ ਬੀ 37 ਕਿਸਮ ਦਾ 12 ਕਿਲੋ ਬੀਜ ਕਾਫ਼ੀ ਹੈੈ।
ਬੀਜ ਦੀ ਸੋਧ: ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਪ੍ਰਤੀ ਕਿਲੋ ਬੀਜ ਨੂੰ 3 ਗ੍ਰਾਮ ਕੈਪਟਾਨ ਜਾਂ ਥੀਰਮ ਨਾਲ ਸੋਧ ਲੈਣਾ ਚਾਹੀਦਾ ਹੈ।
ਬੀਜ ਨੂੰ ਟੀਕਾ ਲਾਉਣਾ: ਬੀਜ ਨੂੰ ਮਿਸ਼ਰਤ ਜੀਵਾਣੂ ਖਾਦ ਦਾ ਟੀਕਾ ਲਾਉਣ ਨਾਲ ਝਾੜ ਵਧਦਾ ਹੈ। ਇੱਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰਕੇ ਮਿਸ਼ਰਤ ਜੀਵਾਣੂ ਖਾਦ ਦੇ ਇੱਕ ਪੈਕਿਟ (ਰਾਈਜ਼ੋਬੀਅਮ ਐਲ ਐਸ ਐਮ ਆਰ -1 ਅਤੇ ਰਾਈਜ਼ੋਬੈਕਟੀਰੀਅਮ ਆਰ ਬੀ-3) ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਛਾਂ ਵਿੱਚ ਸਕਾਓ। ਬੀਜ ਨੂੰ ਟੀਕਾ ਲਾਉਣ ਤੋਂ ਬਾਅਦ ਇੱਕ ਘੰਟੇ ਅੰਦਰ ਬੀਜ ਦੇਣਾ ਚਾਹੀਦਾ ਹੈ।
ਬਿਜਾਈ ਦਾ ਢੰਗ: ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਬੀਜ ਡਰਿੱਲ, ਜ਼ੀਰੋ-ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ। ਸਿਆੜਾਂ ਵਿਚਕਾਰ ਫ਼ਾਸਲਾ 22.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਰੱਖੋ। ਬੀਜ ਨੂੰ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 37.5 ਸੈਂਟੀਮੀਟਰ ਚੌੜੇ ਬੈੱਡ ਉੱਤੇ 20 ਸੈਂਟੀਮੀਟਰ ਵਿੱਥ ’ਤੇ ਦੋ ਕਤਾਰਾਂ ਵਿੱਚ ਕਰੋ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣਾਓ। ਗਰਮ ਰੁੱਤ ਦੀ ਮੂੰਗੀ ਦੀ ਬੈੱਡਾਂ ’ਤੇ ਬਿਜਾਈ ਨਾਲ ਫ਼ਸਲ ਨੂੰ ਉੱਗਣ ਸਮੇਂ ਮੀਂਹ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਪੱਧਰੀ ਬਿਜਾਈ ਦੇ ਮੁਕਾਬਲੇ ਲਗਪਗ 10 ਫ਼ੀਸਦੀ ਜ਼ਿਆਦਾ ਝਾੜ ਮਿਲਦਾ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਖਾਦਾਂ: ਕਣਕ ਵੱਢਣ ਪਿੱਛੋਂ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਡਰਿੱਲ ਕਰ ਦਿਓ। ਜੇ ਬਿਜਾਈ ਆਲੂ ਦੀ ਫ਼ਸਲ ਤੋਂ ਪਿੱਛੋਂ ਕਰਨੀ ਹੋਵੇ ਤਾਂ ਖਾਦ ਪਾਉਣ ਦੀ ਲੋੜ ਨਹੀਂਂ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇੱਕ ਮਹੀਨਾਂ ਬਾਅਦ ਪਹਿਲੀ ਗੋਡੀ ਅਤੇ ਉਸ ਤੋਂ 15 ਦਿਨਾਂ ਬਾਅਦ ਦੂਜੀ ਗੋਡੀ ਕਰਨੀ ਚਾਹੀਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਤੋਂ ਦੋ ਦਿਨ ਦੇ ਅੰਦਰ ਸਟੌਂਪ/ਸਟੈਂਪ 30 ਈ ਸੀ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਜਾਂ 600 ਮਿਲੀਲਿਟਰ ਸਟੌਂਪ/ਸਟੈਂਪ 30 ਈ ਸੀ ਪ੍ਰਤੀ ਏਕੜ ਅਤੇ ਬਿਜਾਈ ਤੋਂ ਇੱਕ ਮਹੀਨੇ ਬਾਅਦ ਇੱਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਲਈ 200 ਲਿਟਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਸਿੰਜਾਈ: ਗਰਮ ਰੁੱਤ ਦੀ ਮੂੰਗੀ ਨੂੰ 3 ਤੋਂ 5 ਪਾਣੀਆਂ ਦੀ ਜ਼ਰੂਰਤ ਹੈ। ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਅਤੇ ਆਖਰੀ ਪਾਣੀ ਬਿਜਾਈ ਤੋਂ ਤਕਰੀਬਨ 55 ਦਿਨਾਂ ਬਾਅਦ ਲਾਓ। ਇਸ ਤਰ੍ਹਾਂ ਪਾਣੀ ਲਾਉਣ ਨਾਲ ਝਾੜ ਵਧਦਾ ਅਤੇ ਫਲੀਆਂ ਇੱਕਸਾਰ ਪਕਦੀਆਂ ਹਨ।
ਵਾਢੀ: ਫ਼ਸਲ ਦੀ ਵਾਢੀ ਦਾ ਸਹੀ ਸਮਾਂ ਤਕਰੀਬਨ 80 ਫ਼ੀਸਦੀ ਫਲੀਆਂ ਦੇ ਪੱਕ ਜਾਣ ’ਤੇ ਹੈ। ਕੰਬਾਈਨ ਨਾਲ ਮੂੰਗੀ ਦੀ ਵਾਢੀ ਕਰਨ ਲਈ 800 ਮਿਲੀਲਿਟਰ ਗਰੈਮਕਸੋਨ 24 ਐੱਸ ਐੱਲ (ਪੈਰਾਕੁਇਟ) ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਤਕਰੀਬਨ 80 ਫ਼ੀਸਦੀ ਫਲੀਆਂ ਦੇ ਪੱਕ ਜਾਣ ’ਤੇ ਛਿੜਕਾਅ ਕਰੋ ਤਾਂ ਜੋ ਪੱਤੇ ਅਤੇ ਤਣੇ ਸੁੱਕ ਜਾਣ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store