ਅੱਪਡੇਟ ਵੇਰਵਾ

8444-crops.jpg
ਦੁਆਰਾ ਪੋਸਟ ਕੀਤਾ Apni Kheti
2019-02-13 16:38:06

ਕੀੜਿਆਂ ਦਾ ਘੱਟਣਾ ਦੁਨੀਆਂ ਲਈ ਬਣ ਸਕਦਾ ਹੈ ਖ਼ਤਰਾ

ਦੁਨੀਆਂ ਵਿਚ ਕੀੜਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ 100 ਸਾਲਾਂ ਵਿਚ ਇਹ ਖਤਮ ਹੋ ਸਕਦੇ ਹਨ। ਇਹ ਜਾਣਕਾਰੀ ਕੀੜਿਆਂ ਦੀ ਅਬਾਦੀ 'ਤੇ ਹੋਈ ਇਕ ਖੋਜ ਦੌਰਾਨ ਰੀਪੋਰਟ ਵਿਚ ਦਿਤੀ ਗਈ ਹੈ। ਇਸ ਰੀਪੋਰਟ ਨੂੰ ਫਰਾਂਸਿਸਕੋ ਸੰਚੇਜ ਅਤੇ ਕ੍ਰਿਸ ਏਜੀ ਵਾਇਕਿਊਸ ਨਾਮ ਦੇ ਦੋ ਵਿਗਿਆਨੀਆਂ ਨੇ ਪਿਛਲੇ 40 ਸਾਲਾਂ ਵਿਚ ਪ੍ਰਕਾਸ਼ਿਤ ਕੀੜਿਆਂ 'ਤੇ ਕੀਤੇ ਗਏ 

ਲੰਮੇ ਸਮੇਂ ਦੇ ਸਰਵੇਖਣ ਦੀ ਸਮੀਖਿਆ ਤੋਂ ਬਾਅਦ ਤਿਆਰ ਕੀਤਾ ਹੈ। ਇਸੇ ਖੋਜ ਵਿਚ ਪਤਾ ਲਗਾ ਹੈ ਕਿ 40 ਫ਼ੀ ਸਦੀ ਤੋਂ ਵੱਧ ਕੀੜਿਆਂ ਦੀਆਂ ਪ੍ਰਜਾਤੀਆਂ ਅਗਲੇ ਕੁਝ ਦਹਾਕਿਆਂ ਵਿਚ ਲੁਪਤ ਹੋ ਸਕਦੀਆਂ ਹਨ। ਸਾਇੰਸਦਾਨੀਆਂ ਦਾ ਕਹਿਣਾ ਹੈ ਕਿ ਰੀਪਰੋਟ ਵਿਚ ਜੋ ਕੁਝ ਸਾਹਮਣੇ ਆਇਆ ਹੈ ਉਹ ਬਹੁਤ ਖ਼ਤਰਨਾਕ ਹੈ। ਇਕੋਸਿਸਟਮ ਲਈ ਇਹ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ।

ਸਟੈਨਫੋਰਡ ਯੂਨੀਵਰਸਿਟੀ ਫਾਰ ਕਨਵਰਸੇਸ਼ਨ ਬਾਇਲੋਜੀ ਦੇ ਪ੍ਰੈਜ਼ੀਡੈਂਟ ਪਾਲ ਰਾਲਫ ਏਹਰਲਿਚ ਦਾ ਕਹਿਣਾ ਹੈ ਕਿ ਇਹ ਸ਼ਾਨਦਾਰ ਖੋਜ ਹੈ ਪਰ ਕਿਸੇ ਵੀ ਜੀਵ ਵਿਗਿਆਨੀ ਨੂੰ ਡਰਾ ਦੇਣ ਵਾਲਾ ਹੈ। ਜੇਕਰ ਕੀੜੇ ਮਰ ਗਏ ਤਾਂ ਅਸੀਂ ਵੀ ਮਰ ਜਾਵਾਂਗੇ। ਦੱਸ ਦਈਏ ਕਿ ਫਸਲਾਂ ਅਤੇ ਖੇਤੀ ਲਈ ਕੀੜਿਆਂ ਦਾ ਵਜੂਦ ਲਾਜ਼ਮੀ ਹੈ। ਕਿਸਾਨ ਕੀੜਿਆਂ ਦੇ ਖਾਤਮੇ ਲਈ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ ਤਾਂ ਕਿ ਉਹਨਾਂ ਦੀ ਫਸਲ ਨੂੰ ਨੁਕਸਾਨ ਨਾ ਹੋਵੇ।

ਪਰ ਕੁਝ ਕੀੜੇ ਅਜਿਹੇ ਵੀ ਹੁੰਦੇ ਹਨ ਜੋ ਕਿਸਾਨਾਂ ਦੇ ਦੋਸਤ ਮੰਨੇ ਜਾਂਦੇ ਹਨ ਭਾਵ ਕਿ ਖੇਤੀ ਲਈ ਲਾਹੇਵੰਦ ਹੁੰਦੇ ਹਨ। ਇਹ ਕੀੜੇ ਉਹਨਾਂ ਕੀੜਿਆਂ ਨੂੰ ਖਾਂਦੇ ਹਨ ਜੋ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਵੀ ਕੀੜਿਆਂ ਦੇ ਖਤਮ ਹੋਣ ਲਈ ਜਿੰਮੇਵਾਰ ਹੈ। ਕਿਉਂਕਿ ਕੀਟਨਾਸ਼ਕਾਂ ਦੇ ਨਾਲ ਲਾਭ ਦੇਣ ਵਾਲੇ ਇਹ ਕੀੜੇ ਵੀ ਮਰ ਜਾਂਦੇ ਹਨ। ਭੋਜਨ ਤਿਆਰ ਕਰਨ ਦੀ

ਪ੍ਰਕਿਰਿਆ ਲਈ ਵੀ ਇਹ ਜ਼ਰੂਰੀ ਹਨ। ਕੀੜੇ ਪੌਦਿਆਂ ਦੇ ਵਿਕਾਸ, ਮਿੱਟੀ ਅਤੇ ਪਾਣੀ ਨੂੰ ਸ਼ੁੱਧ ਕਰਨ ਅਤੇ ਕਚਰੇ ਦਾ ਰੀਸਾਇਕਲ ਕਰਨ ਅਤੇ ਕੀੜਿਆਂ ਨੂੰ ਕਾਬੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਰ ਸਾਲ ਇਹਨਾਂ ਦੀ ਗਿਣਤੀ 2.5 ਫ਼ੀ ਸਦੀ ਘੱਟ ਹੋ ਰਹੀ ਹੈ। ਵਿਗਿਆਨੀ ਇਸ ਦੇ ਲਈ ਵਾਤਾਵਰਨ ਪਰਿਵਰਤਨ ਅਤੇ ਸ਼ਹਿਰੀਕਰਨ ਨੂੰ ਵੀ ਜਿੰਮੇਵਾਰ ਮੰਨਦੇ ਹਨ। 

ਸ੍ਰੋਤ: Rozana Spokesman