ਅੱਪਡੇਟ ਵੇਰਵਾ

1229-wheat_seed_sbsidi_update.jpeg
ਦੁਆਰਾ ਪੋਸਟ ਕੀਤਾ ਡਾਇਰੈਕਟਰ ਖੇਤੀਬਾੜੀ, ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
2019-11-01 15:37:24

ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਪਾਲਿਸੀ 2019-20

ਸਾਲ 2019-20 ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਕਣਕ ਦੇ ਤਸਦੀਕਸ਼ੁਦਾ ਬੀਜ ਤੇ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਬੀਜ ਦੀ ਸਬਸਿਡੀ ਦੀ ਵੰਡ ਦੀ ਪ੍ਰਣਾਲੀ ਹੇਠ ਲਿਖੇ ਅਨੁਸਾਰ ਹਨ:

  • ਕਿਸਾਨ ਪੰਜਾਬ ਰਾਜ ਬੀਜ ਪ੍ਰਾਮਨਣ ਸੰਸਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ ਜਿਵੇਂਕਿ ਪਨਸੀਡ, ਐੱਨ.ਐੱਸ.ਸੀ., ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਬੀਜ ਉਤਪਾਦਕ ਅਦਾਰੇ ਆਦਿ ਦੇ ਅਧਿਕਾਰਤ ਡੀਲਰਾਂ ਤੋਂ ਹੀ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਪੂਰੀ ਕੀਮਤ ਤੇ ਪ੍ਰਾਪਤ ਕਰਨਗੇ। ਬਿੱਲ ਉੱਪਰ ਲਾਟ ਨੰ. ਅਤੇ ਪਰਮਿਟ ਨੰ. ਲਾਜ਼ਮੀ ਲਿਖਿਆ ਵੇਖ ਲੈਣਗੇ।
  • ਵੱਖ-ਵੱਖ ਬੀਜ ਵਿਤਰਨ ਕਰਨ ਵਾਲੀਆਂ ਏਜੰਸੀਆਂ ਅਤੇ ਇਨ੍ਹਾਂ ਦੇ ਮਨਜ਼ੂਰਸ਼ੁਦਾ ਸੇਲ ਸੈਂਟਰਾਂ/ਡੀਲਰਾਂ ਦੀ ਸੂਚੀ ਵਿਭਾਗ ਦੇ ਦਫ਼ਤਰਾਂ ਵਿੱਚ ਉਪਲੱਬਧ ਹੋਵੇਗੀ।
  • ਕਿਸਾਨ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰੋਫਾਰਮੇ ਵਿੱਚ ਬਿਨੈ-ਪੱਤਰ ਜੋ ਕਿ ਇਸ ਇਸ਼ਤਿਹਾਰ ਤੇ ਹੇਠਾਂ ਦਿੱਤਾ ਗਿਆ ਹੈ ਅਤੇ ਵਿਭਾਗ ਦੀ ਵੈੱਬਸਾਈਟ www.agripb.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ, ਨੂੰ ਭਰ ਕੇ ਆਪਣੇ ਦਸਤਖਤ ਕਰਕੇ ਕਿਸਾਨ ਆਪਣੇ ਪਿੰਡ ਦੇ ਸਰਪੰਚ/ਨੰਬਰਦਾਰ/ਐੱਮ.ਸੀ ਤੋਂ ਤਸਦੀਕ ਕਰਵਾ ਕੇ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਗੇ।
  • ਕਿਸਾਨ ਆਪਣੀਆਂ ਅਰਜ਼ੀਆਂ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ ਵਿਖੇ ਮਿਤੀ 01-11-2019 ਤੋਂ 11-11-2019 ਤੱਕ ਜਮ੍ਹਾਂ ਕਰਵਾ ਸਕਦੇ ਹਨ। ਯੋਗ ਪਾਏ ਗਏ ਲਾਭਪਾਤਰੀਆਂ ਨੂੰ ਪਰਮਿਟ ਤੁਰੰਤ ਹੀ ਜਾਰੀ ਕੀਤੇ ਜਾਣਗੇ। ਮਿਤੀ ਲੰਘ ਜਾਣ ਤੇ ਪ੍ਰਾਪਤ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
  • ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਰਕਬੇ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ, ਇਸ ਤੋਂ ਬਾਅਦ ਪੰਜ ਏਕੜ ਰਕਬੇ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਕੀਤੀ ਜਾਵੇਗੀ। 
  • ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ ਇੱਕ ਹਜ਼ਾਰ ਰੁਪਏ ਪਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਸਿੱਧਾ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਅਤੇ ਵੱਧ ਤੋਂ ਵੱਧ ਇੱਕ ਕਿਸਾਨ ਨੂੰ ਦੋ ਹੈਕਟੇਅਰ (ਪੰਜ ਏਕੜ) ਲਈ ਸਬਸਿਡੀ ਦਿੱਤੀ ਜਾਵੇਗੀ।
  • ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਐੱਚ ਡੀ 2967, ਐੱਚ ਡੀ 3086, ਉੱਨਤ ਪੀ ਬੀ ਡਬਲਿਊ 343, ਉੱਨਤ ਪੀ ਬੀ ਡਬਲਿਊ 550, ਪੀ ਬੀ ਡਬਲਿਊ 1 ਜ਼ਿੰਕ, ਪੀ ਬੀ ਡਬਲਿਊ 725, ਪੀ ਬੀ ਡਬਲਿਊ 677, ਡਬਲਿਊ ਐੱਚ 1105, ਪੀ ਬੀ ਡਬਲਿਊ 621 ਅਤੇ ਡਬਲਿਊ ਐੱਚ ਡੀ 943 ਪਿਛੇਤੀ ਬਿਜਾਈ ਲਈ ਪੀ ਬੀ ਡਬਲਿਊ 658, ਪੀ ਬੀ ਡਬਲਿਊ 590 ਡੀ ਅਤੇ ਬਰਾਨੀ ਹਾਲਾਤਾਂ ਲਈ ਪੀ ਬੀ ਡਬਲਿਊ 660, ਪੀ ਬੀ  ਡਬਲਿਊ 644 ਤੇ ਹੀ ਦਿੱਤੀ ਜਾਵੇਗੀ। ਕੇਵਲ ਇਨ੍ਹਾਂ ਕਿਸਮਾਂ ਤੇ ਹੀ 1000 /- ਰੁਪਏ ਪ੍ਰਤੀ ਕਇੰਟਲ ਸਬਸਿਡੀ ਦਿੱਤੀ ਜਾਵੇਗੀ। 
  • ਕਿਸਾਨ ਪਰਮਿਟ ਦੇ ਆਧਾਰ ਤੇ ਬੀਜ ਖਰੀਦਣ ਉਪਰੰਤ ਤਸਦੀਕਸ਼ੁਦਾ ਬੀਜ ਦਾ ਬਿੱਲ ਦਫ਼ਤਰ ਵਿੱਚ 10 ਦਿਨਾਂ ਦੇ ਅੰਦਰ-ਅੰਦਰ ਖੇਤੀਬਾੜੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏਗਾ।
  • ਕਣਕ ਦੇ ਬੀਜ ਤੇ ਸਬਸਿਡੀ ਦੀ ਵੰਡ ਦੀ ਨਿਗਰਾਨੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਪਾਲਿਸੀ ਦੀਆਂ ਡਿਟੇਲ ਗਾਈਡਲਾਈਨਜ਼ ਵਿਭਾਗ ਦੀ ਵੈੱਬਸਾਈਟ www.agripb.gov.in ਤੇ ਵੀ ਉਪਲੱਬਧ ਹਨ।