ਮਾਹਰ ਸਲਾਹਕਾਰ ਵੇਰਵਾ

idea99wheat.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2022-01-27 11:02:53

गेहूं की बालियां खराब होने से बचाव

ਕਣਕ ਦੀ ਫ਼ਸਲ ਦੇ ਸਿੱਟੇ ਵਿੰਗੇ-ਟੇਢੇ ਜਾਂ ਖਰਾਬ ਨਿਕਲਣ ਦੇ ਕੁਝ ਸੰਭਾਵਿਤ ਕਾਰਨ ਅਤੇ ਇਸ ਦੇ ਬਚਾਅ/ਇਲਾਜ ਹੇਠ ਲਿਖੇ ਅਨੁਸਾਰ ਹਨ।

ਮੈਂਗਨੀਜ਼ ਦੀ ਘਾਟ-

  • ਕਣਕ ਵਿੱਚ ਮੈਂਗਨੀਜ਼ ਦੀ ਘਾਟ ਅਕਸਰ ਉਹਨਾਂ ਜ਼ਮੀਨਾਂ ਵਿੱਚ ਆਉਂਦੀ ਹੈ, ਜਿੱਥੇ ਜ਼ਮੀਨ ਰੇਤਲੀ ਹੋਵੇ/ਜ਼ਮੀਨ ਵਿੱਚ ਪਾਣੀ ਜ਼ਿਆਦਾ ਰਿਸਦਾ ਹੋਵੇ ਅਤੇ ਸਾਉਣੀ ਰੁੱਤ ਵਿੱਚ ਝੋਨਾ ਲਗਾਇਆ ਹੋਵੇ।
  • ਸ਼ੁਰੂ ਵਿੱਚ ਮੈਂਗਨੀਜ਼ ਦੀ ਘਾਟ ਆਉਣ 'ਤੇ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਵਿਚਕਾਰਲੀ ਥਾਂ ਹਲਕੀ ਪੀਲੀ ਸਲੇਟੀ ਜਾਂ ਗੁਲਾਬੀ ਭੂਰੇ ਰੰਗ ਦੀ ਹੋ ਜਾਂਦੀ ਹੈ।
  • ਲੇਟ ਸਮੇਂ ਘਾਟ ਆਉਣ ਤੇ ਕਣਕ ਦੇ ਉੱਪਰਲੇ ਪੱਤੇ 'ਤੇ ਘਾਟ ਦੀਆਂ ਨਿਸ਼ਾਨੀਆਂ ਆ ਜਾਂਦੀਆਂ ਹਨ ਅਤੇ ਕਈ ਵਾਰ ਸਿੱਟੇ ਵਿੰਗੇ ਟੇਢੇ ਜਾਂ ਦਾਤੀਆਂ ਵਰਗੇ ਨਿਕਲ ਆਉਂਦੇ ਹਨ।

ਰੋਕਥਾਮ-

  • ਜਿਨ੍ਹਾਂ ਜ਼ਮੀਨਾਂ ਵਿੱਚ ਮੈਂਗਨੀਜ਼ ਦੀ ਘਾਟ ਹੋਵੇ, ਉੱਥੇ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ ਦਾ ਛਿੜਕਾਅ ਕਰੋ ਅਤੇ ਪਾਣੀ ਲਗਾਉਣ ਉਪਰੰਤ ਹਫ਼ਤੇ-ਹਫ਼ਤੇ ਦੀ ਵਿੱਥ 'ਤੇ 3 ਛਿੜਕਾਅ ਹੋਰ ਕਰੋ।
  • ਮੈਂਗਨੀਜ਼ ਸਲਫੇਟ ਦੇ 0.5 ਪ੍ਰਤੀਸ਼ਤ ਦਾ ਘੋਲ ਬਣਾਉਣ ਲਈ 1 ਕਿੱਲੋ ਮੈਂਗਨੀਜ਼ ਸਲਫ਼ੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ।
  • ਮੈਂਗਨੀਜ਼ ਜ਼ਮੀਨ ਵਿੱਚ ਪਾਉਣ 'ਤੇ ਅਸਰ ਨਹੀਂ ਕਰਦੀ, ਇਸ ਲਈ ਮੈਂਗਨੀਜ਼ ਸਲਫੇ਼ਟ ਦਾ ਹਮੇਸ਼ਾਂ ਛਿੜਕਾਅ ਹੀ ਕਰੋ ਅਤੇ ਕਦੇ ਵੀ ਜ਼ਮੀਨ ਵਿੱਚ ਨਾ ਪਾਉ।

2,4-ਡੀ ਦਾ ਅਸਰ-

  • ਕਣਕ ਵਿੱਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਅਕਸਰ 2,4-ਡੀ ਨਦੀਨਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ।
  • ਸਿਫਾਰਿਸ਼ ਤੋਂ ਵੱਧ ਮਾਤਰਾ ਵਿੱਚ 2,4-ਡੀ ਦੇ ਛਿੜਕਾਅ ਕਾਰਨ ਜਾਂ ਛਿੜਕਾਅ ਕਰਨ ਸਮੇਂ ਦੂਹਰਾ ਜਾਂ ਵੱਧ ਛਿੜਕਾਅ ਹੋ ਜਾਣ ਕਰਕੇ ਕਣਕ ਉੱਪਰ ਵੀ ਇਸ ਨਦੀਨ ਨਾਸ਼ਕ ਦਾ ਬੁਰਾ ਪ੍ਰਭਾਵ ਆ ਜਾਂਦਾ ਹੈ।
  • ਇਸ ਦਾ ਅਸਰ ਕਣਕ ਦੇ ਸਿੱਟਿਆਂ ਉੱਪਰ ਜ਼ਿਆਦਾ ਦੇਖਣ ਵਿੱਚ ਆਉਂਦਾ ਹੈ।
  • ਸਿੱਟਿਆਂ ਵਿੱਚ ਸੈੱਲਾਂ ਦੀ ਵੰਡ ਦਾ ਵਿਗਾੜ ਹੋਣ ਕਰਕੇ ਅਤੇ ਵਾਧਾ ਬੇਕਾਬੂ ਤਰੀਕੇ ਨਾਲ ਹੋਣ ਕਰਕੇ ਸਿੱਟੇ ਵਿੰਗੇ-ਟੇਢੇ ਅਤੇ ਮੁੜਵੇਂ ਹੋ ਜਾਂਦੇ ਹਨ। ਇਸ ਨਾਲ ਕਣਕ ਦੇ ਝਾੜ ਉੱਪਰ ਵੀ ਅਸਰ ਪੈਂਦਾ ਹੈ।

ਰੋਕਥਾਮ-

  • ਛਿੜਕਾਅ ਸਮੇਂ ਸਿਰ ਬੀਜੀ ਕਣਕ ਉੱਪਰ ਬਿਜਾਈ ਤੋਂ 35-45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਪਿਛੇਤੀ ਬੀਜੀ ਕਣਕ ਉੱਪਰ 45-55 ਦਿਨ ਬਾਅਦ ਕਰੋ।
  • ਛਿੜਕਾਅ ਲਈ ਪਾਣੀ ਦੀ ਮਾਤਰਾ 150 ਲੀਟਰ ਪ੍ਰਤੀ ਏਕੜ ਵਰਤੋ ਅਤੇ ਪਾਣੀ ਦੀ ਘੱਟ ਮਾਤਰਾ ਨਾਲ ਛਿੜਕਾਅ ਨਾ ਕਰੋ।
  • 2,4-ਡੀ ਦਾ ਛਿੜਕਾਅ ਇਕਸਾਰ ਅਤੇ ਇਕਹਰਾ ਕਰੋ।

ਕਣਕ ਦੀ ਕਾਂਗਿਆਰੀ-

  • ਕਣਕ ਦੀ ਫ਼ਸਲ ਤੇ ਪੱਤਿਆਂ ਦੀ ਕਾਂਗਿਆਰੀ ਦਾ ਹਮਲਾ ਕਣਕ ਬੀਜਣ ਤੋਂ 60-70 ਦਿਨਾਂ ਬਾਅਦ ਖੇਤ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ।
  • ਪੱਤਿਆਂ ਉੱਪਰ ਸਲੇਟੀ ਜਾਂ ਕਾਲੇ ਰੰਗ ਦੀਆਂ ਲੰਮੀਆਂ ਧਾਰੀਆਂ ਪੈ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਉੱਲੀ ਦੇ ਕੀਟਾਣੂੰ ਕਾਲੇ ਧੂੜੇ ਦੇ ਰੂਪ ਵਿੱਚ ਬਾਹਰ ਨਿਕਲਦੇ ਨਜ਼ਰ ਆਉਂਦੇ ਹਨ।
  • ਬਿਮਾਰੀ ਨਾਲ ਪ੍ਰਭਾਵਿਤ ਬੂਟੇ ਛੋਟੇ ਰਹਿ ਜਾਂਦੇ ਹਨ ਅਤੇ ਗੰਭੀਰ ਹਾਲਤਾਂ ਵਿੱਚ ਉਨ੍ਹਾਂ ਨੂੰ ਸਿੱਟੇ ਵੀ ਨਹੀਂ ਪੈਂਦੇ।

ਰੋਕਥਾਮ-

  • ਬੀਜ ਨੂੰ ਬੀਜਣ ਤੋਂ ਪਹਿਲਾਂ 13 ਮਿਲੀਲੀਟਰ  Raxil Easy/Orius (13 ਮਿਲੀਲੀਟਰ ਦਵਾਈ ਨੂੰ 400 ਮਿਲੀਲੀਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਲਗਾਓ) ਜਾਂ 120 ਗ੍ਰਾਮ Vitavax power ਜਾਂ 80 ਗ੍ਰਾਮ Vitavax ਜਾਂ 40 ਗ੍ਰਾਮ Seedex/Exzole ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਕੀਤਾ ਜਾ ਸਕਦਾ ਹੈ।