ਮਾਹਰ ਸਲਾਹਕਾਰ ਵੇਰਵਾ

idea99collage_pili_kungi.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-02-16 17:46:22

Symptoms and prevention of yellow rust in wheat

ਪੰਜਾਬ ਵਿੱਚ ਪੀਲੀ ਕੁੰਗੀ ਦਾ ਹਮਲਾ ਨੀਂਮ ਪਹਾੜੀ ਇਲਾਕਿਆਂ ਜਿਵੇਂ ਕਿ ਆਨੰਦਪੁਰ ਸਾਹਿਬ, ਨੂਰਪੁਰ ਬੇਦੀ, ਬਲਾਚੌਰ, ਗੁਰਦਾਸਪੁਰ, ਪਠਾਨਕੋਟ ਆਦਿ ਵਿੱਚ ਸ਼ੁਰੂ ਹੁੰਦਾ ਹੈ। ਬਿਮਾਰੀ ਦੀ ਉੱਲੀ ਗਰਮੀ ਰੁੱਤੇ ਪਹਾੜੀ ਇਲਾਕਿਆਂ ਵਿੱਚ ਬੀਜੀ ਕਣਕ ਦੇ ਉੱਪਰ ਪੱਲਦੀ ਰਹਿੰਦੀ ਹੈ। ਇੱਥੋਂ ਇਸ ਦੇ ਕਣ ਹਵਾ ਰਾਹੀਂ ਉੱਡ ਕੇ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੇ ਨੀਂਮ ਪਹਾੜੀ ਇਲਾਕਿਆਂ ਵਿੱਚ ਕਣਕ 'ਤੇ ਹਮਲਾ ਕਰ ਦਿੰਦੇ ਹਨ ਜੋ ਕਿ ਧੌੜੀਆਂ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ । ਪੀਲੀ ਕੁੰਗੀ ਦੀਆਂ ਇਹ ਧੌੜੀਆਂ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਬਿਮਾਰੀ ਦਾ ਸ੍ਰੋਤ ਬਣਦੀਆਂ ਹਨ। ਇਸ ਸਾਲ ਪੀਲੀ ਕੁੰਗੀ ਦਾ ਹਮਲਾ ਰੋਪੜ ਜ਼ਿਲ੍ਹੇ ਦੇ ਬਲਾਕ ਆਨੰਦਪੁਰ ਸਾਹਿਬ ਦੇ ਦੋਨਾਲ, ਡਰੋਲੀ, ਮਗਲੂਰ, ਗੰਭੀਰਪੁਰ, ਸੂਰੇਵਾਲ, ਭੱਟੀ, ਗੱਗ, ਨਿਕੂ ਨੰਗਲ ਆਦਿ ਪਿੰਡਾਂ ਵਿੱਚ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸੜੋਆ ਬਲਾਕ ਦੇ ਦਿਆਲਾ, ਟਪਰੀਆਂ ਅਤੇ ਸੜੋਆ ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਲਈ ਹੁਣ ਸੁਚੇਤ ਹੋਣ ਦੀ ਲੋੜ ਹੈ ਅਤੇ ਆਪਣੇ ਖੇਤਾਂ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। 

ਨਿਸ਼ਾਨੀਆਂ: ਪੀਲੀ ਕੁੰਗੀ ਦੇ ਹਮਲੇ ਨਾਲ ਪੱਤਿਆਂ ਉੱਤੇ ਪੀਲੇ ਰੰਗ ਦੇ ਧੂੜੇਦਾਰ ਧੱਬੇ ਧਾਰੀਆਂ ਦੇ ਰੂਪ ਵਿੱਚ ਬਣ ਜਾਂਦੇ ਹਨ ਜਿਨ੍ਹਾਂ ਵਿੱਚੋਂ ਹਲਦੀ ਵਰਗਾ ਪੀਲੇ ਰੰਗ ਦਾ ਧੂੜਾ ਨਿਕਲਦਾ ਹੈ। ਜੇਕਰ ਬਿਮਾਰੀ ਵਾਲੇ ਪਤਿਆਂ ਨੂੰ ਛੂਹਿਆ ਜਾਵੇ ਤਾਂ ਬਿਮਾਰੀ ਵਾਲਾ ਧੂੜਾ ਉਂਗਲੀਆਂ ਉੱਤੇ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਪੀਲੇ ਧੂੜੇ ਤੋਂ ਹੀ ਪੀਲੀ ਕੁੰਗੀ ਦੀ ਅਸਲ ਪਹਿਚਾਣ ਕੀਤੀ ਜਾ ਸਕਦੀ ਹੈ। ਇਹ ਧੂੜਾ ਹਵਾ ਦੇ ਨਾਲ ਉੱਡ ਕੇ ਬਿਮਾਰੀ ਨੂੰ ਦੂਰ ਤੱਕ ਫੈਲਾਉਂਦਾ ਹੈ। ਅਨੁਕੂਲ ਮੌਸਮ ਵਿੱਚ ਇਹ ਧਾਰੀਆਂ ਤਣੇ ਦੁਆਲੇ ਪੱਤੇ (ਸ਼ੀਥ) ਉੱਪਰ ਵੀ ਬਣ ਜਾਂਦੀਆਂ ਹਨ। ਬਿਮਾਰੀ ਨਾਲ ਪ੍ਰਭਾਵਿਤ ਪੱਤੇ ਸੁੱਕ ਜਾਂਦੇ ਹਨ ਅਤੇ ਦਾਣੇ ਸੁੰਗੜ ਜਾਂਦੇ ਹਨ ਜਿਸ ਕਰਕੇ ਕਣਕ ਦਾ ਝਾੜ ਘੱਟ ਜਾਂਦਾ ਹੈ। ਇਸ ਹਫਤੇ ਵਿਆਪਕ ਬਾਰਿਸ਼ਾਂ ਕਾਰਨ ਹਵਾ ਵਿੱਚ ਨਮੀ ਵੱਧ ਗਈ ਹੈ ਅਤੇ ਤਾਪਮਾਨ ਵਿੱਚ ਵਾਧਾ ਹੋਣ ਕਾਰਨ ਮੌਸਮ ਪੀਲੀ ਕੂੰਗੀ ਦੇ ਵਾਧੇ ਅਤੇ ਫੈਲਾਅ ਲਈ ਢੁੱਕਵਾਂ ਹੋ ਗਿਆ ਹੈ। ਇਸ ਲਈ ਨੀਂਮ ਪਹਾੜੀ ਖੇਤਰਾਂ ਵਾਲੇ ਕਿਸਾਨ ਵੀਰ ਆਪਣੇ ਖੇਤਾਂ ਦਾ ਸਰਵੇਖਣ ਕਰਨ।

ਬਚਾਅ: ਸਰਵੇਖਣ ਦੌਰਾਨ ਜਿਥੇ ਵੀ ਇਸ ਬਿਮਾਰੀ ਦੀਆ ਧੋੜੀਆਂ ਨਜ਼ਰ ਆਉਣ, ਉਹਨਾਂ 'ਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਉੱਲੀਨਾਸ਼ਕ ਜਿਵੇਂ ਕਿ ਕੈਵੀਅਟ ਜਾਂ ਅੰਮਪੈਕਟ ਐਕਸਟਰਾ ਜਾਂ ਓਪੇਰਾ ਜਾਂ ਕਸਟੋਡੀਆ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ ਦੇ 0.1 ਪ੍ਰਤੀਸ਼ਤ ਜਾਂ ਨਟੀਵੋ 0.06 ਪ੍ਰਤੀਸ਼ਤ ਦੇ ਘੋਲ ਦਾ ਛਿੜਕਾਅ ਕਰੋ ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦੇ ਵਾਧੇ ਅਤੇ ਫੈਲਾਅ ਨੂੰ ਰੋਕਿਆ ਜਾ ਸਕੇ।