ਮਾਹਰ ਸਲਾਹਕਾਰ ਵੇਰਵਾ

idea99forestry.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-10 10:18:44

Suggestions for Farm Forestry

ਮਾਹਿਰਾਂ ਵਲੋਂ ਵਣ ਖੇਤੀ ਲਈ ਸੁਝਾਅ ਹੇਠ ਦੱਸੇ ਅਨੁਸਾਰ ਹਨ:

  • ਪਾਪਲਰ: ਪਾਪਲਰ ਦੀ ਨਰਸਰੀ ਜਾਂ ਖੇਤਾਂ ਵਿੱਚ ਲਗਾਉਣ ਲਈ ਪੂਰੀ ਵਿਉਂਤਬੰਦੀ ਪਹਿਲੇ ਹਫ਼ਤੇ ਵਿੱਚ ਕਰ ਲਵੋ। ਪਾਪਲਰ ਲਗਾਉਣ ਦਾ ਸਹੀ ਸਮਾਂ ਅੱਧ ਜਨਵਰੀ ਤੋਂ ਫਰਵਰੀ ਦੇ ਅਖੀਰ ਤੱਕ ਹੈ। ਕਲਮਾਂ ਜਾਂ ਬੂਟੇ ਪੀ ਏ ਯੂ ਜਾਂ ਕਿਸੇ ਹੋਰ ਪੰਜੀਕ੍ਰਤ ਨਰਸਰੀ ਤੋਂ ਹੀ ਲਵੋ। ਇੱਕ ਸਾਲ ਪੁਰਾਣੇ ਬੂਟੇ ਖੇਤ ਵਿੱਚ ਲਗਾਉਣ ਲਈੇ ਸਹੀ ਫਾਸਲਾ 5×4 ਮੀਟਰ ਜਾਂ 8×2.5 ਮੀਟਰ ਰੱਖੋ। ਬੰਨਿਆਂ ਤੇ ਬੂਟੇ 3 ਮੀਟਰ ਫਾਸਲੇ ਤੇ ਲਗਾਓ। ਦਿਸ਼ਾ ਉੱਤਰ-ਦੱਖਣ ਰੱਖੋ। ਟੋਏ 15-20 ਸੈਂਟੀਮੀਟਰ ਵਿਆਸ ਅਤੇ 100 ਸੈਟੀਂਮੀਟਰ ਡੂੰਘੇ ਪੁੱਟੋ। ਭਾਰੀਆਂ ਜ਼ਮੀਨਾਂ ਵਿੱਚ 75 ਸੈਂਟੀਮੀਟਰ ਡੂੰਘਾਈ ਠੀਕ ਹੈ।ਹਰ ਟੋਏ ਵਿੱਚ 50 ਗ੍ਰਾਮ ਯੂਰੀਆ ਤੇ 85 ਗ੍ਰਾਮ ਡੀ ਏ ਪੀ ਖਾਦ ਉਪਰਲੀ ਮਿੱਟੀ ਵਿੱਚ ਰਲਾ ਕੇ ਪਾਓ। ਬੂਟੇ ਦੁਆਲੇ ਮਿੱਟੀ ਚੰਗੀ ਤਰ੍ਹਾਂ ਕੁੱਟ ਦਿਓ ਅਤੇ ਪਾਣੀ ਲਗਾ ਦਿਓ।ਅਗਲੇ ਤਿੰਨ ਮਹੀਨੇ ਹਰ ਹਫ਼ਤੇ ਪਾਣੀ ਦਿੰਦੇ ਰਹੋ। ਨਰਸਰੀ ਲਗਾਉਣ ਲਈ 20-25 ਸੈਂਟੀਮੀਟਰ ਲੰਬੀਆਂ ਤੇ 2-3 ਸੈਂਟੀਮੀਟਰ ਵਿਆਸ ਵਾਲੀਆਂ ਕਲਮਾਂ ਤਿਆਰ ਕਰੋ। ਚੰਗੀ ਤਰ੍ਹਾਂ ਤਿਆਰ ਖੇਤ ਵਿੱਚ 60×60 ਸੈਂਟੀਮੀਟਰ ਫਾਸਲੇ ਤੇ ਕਲਮਾਂ ਲਗਾਓ। ਇੱਕ ਅੱਖ ਜ਼ਮੀਨ ਤੋਂ ਉੱਪਰ ਰੱਖੋ ਤੇ ਬਾਕੀ ਕਲਮ ਜ਼ਮੀਨ ਵਿੱਚ ਧੱਕ ਦਿਓ। 7-10 ਦਿਨ ਦੇ ਵਕਫੇ ਨਾਲ ਪਾਣੀ ਦਿੰਦੇ ਰਹੋ।
  • ਸਫ਼ੈਦਾ: ਲੱਕੜ ਦੇ ਚੰਗੇ ਮੰਡੀਕਰਨ ਵਾਸਤੇ ਸਫ਼ੈਦੇ ਦੇ ਰੁੱਖਾਂ ਨੂੰ ਲੱਕੜ ਲਈ 10-12 ਸਾਲ ਦੀ ਉਮਰ ਤੇ ਕੱਟਣਾ ਚਾਹੀਦਾ ਹੈ, ਜਦੋਂ ਰੁੱਖਾਂ ਦੀ ਲਪੇਟ 1.0 ਤੋਂ 1.5 ਮੀਟਰ (ਛਾਤੀ ਦੀ ਉਚਾਈ ਜਾਂ 1.40 ਮੀਟਰ ਧਰਤੀ ਤੋਂ ਉੱਤੇ) ਹੋ ਜਾਵੇ। ਸਫ਼ੈਦੇ ਦੀ ਲੱਕੜ ਪੇਪਰ, ਪੱਲਪ ਅਤੇ ਬੱਲੀਆਂ ਲਈ ਵਰਤਣੀ ਹੋਵੇ ਤਾਂ ਰੁੱਖਾਂ ਨੂੰ 5 ਸਾਲ ਦੀ ਉਮਰ ਤੋਂ ਬਾਅਦ ਕੱਟਣਾ ਚਾਹੀਦਾ ਹੈ। ਜਦੋਂ ਰੁੱਖਾਂ ਦੀ ਲਪੇਟ 40 ਸੈਂਟੀਮੀਟਰ (ਛਾਤੀ ਦੀ ਉਚਾਈ ਜਾਂ 1.40 ਮੀਟਰ ਧਰਤੀ ਤੋਂ ਉੱਤੇ) ਤੋਂ ਜ਼ਿਆਦਾ ਹੋ ਜਾਵੇ। ਰੁੱਖਾਂ ਦੀ ਕਟਾਈ ਸਰਦੀਆਂ ਵਿੱਚ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਮੋਛੇ ਛਾਂ ਹੇਠ ਸੁਕਾਉਣੇ ਚਾਹੀਦੇ ਹਨ ਤਾਂ ਜੋ ਲੱਕੜ ਨੂੰ ਘੁੰਮਣ ਤੇ ਫਟਣ ਤੋਂ ਬਚਾਇਆ ਜਾ ਸਕੇ।
  • ਟਾਹਲੀ: ਟਾਹਲੀ ਦੀ ਨਰਸਰੀ ਉਗਾਉਣ ਵਾਸਤੇ ਸਿਹਤਮੰਦ ਅਤੇ ਸਿੱਧੇ ਦਰੱਖਤਾਂ ਤੋਂ ਫ਼ਲੀਆਂ ਇਕੱਠੀਆਂ ਕਰਕੇ, ਸੁਕਾ ਕੇ ਅਤੇ ਫਿਰ ਹਵਾਂ ਬੰਦ ਬਰਤਨ ਵਿੱਚ ਸਾਂਭ ਲਵੋ ਅਤੇ ਫਰਵਰੀ-ਮਾਰਚ ਵਿੱਚ ਬੀਜ ਦਿਓ।