ਵਣ ਖੇਤੀ ਕਰਨ ਲਈ ਹੇਠ ਦੱਸੇ ਕੁੱਝ ਸੁਝਾਅ ਜ਼ਰੂਰ ਵਰਤੋਂ:
ਪਾਪਲਰ: ਨਰਸਰੀ ਉਗਾਉਣ ਲਈ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਦੌਰਾਨ 50×50 ਜਾਂ 60×60 ਸੈਂ.ਮੀ. ਦੇ ਫਾਸਲੇ ਤੇ ਪਾਪਲਰ ਦੀਆਂ ਕਲਮਾਂ ਲਗਾਉ। ਇੱਕ ਸਾਲ ਦੇ ਬੂਟੇ ਤੋਂ 2-3 ਸੈਂ.ਮੀ. ਮੋਟੀਆਂ ਅਤੇ 20-25 ਸੈਂ.ਮੀ. ਲੰਬਾਈ ਦੀਆਂ ਕਲਮਾਂ ਤਿਆਰ ਕਰੋ। ਲਗਾਉਣ ਤੋਂ ਪਹਿਲਾਂ ਕਲਮਾਂ ਨੂੰ 24 ਘੰਟੇ ਵਾਸਤੇ ਤਾਜ਼ੇ ਪਾਣੀ ਵਿੱਚ ਭਿਉਂ ਦਿਉ। ਜ਼ਮੀਨ ਦੀ ਕਿਸਮ ਦੇ ਆਧਾਰ ਤੇ 8-12 ਟਨ ਗੋਹੇ ਦੀ ਖਾਦ, ਸਿੰਗਲ ਸੁਪਰਫਾਸਫੇਟ (40-80 ਕਿੱਲੋ) ਅਤੇ ਮਿਊਰੇਟ ਆਫ ਪੋਟਾਸ਼ (20-40 ਕਿੱਲੋਗ੍ਰਾਮ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਝੋਨੇ ਦੀ ਪਰਾਲੀ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਛਾਉਣ ਨਾਲ ਨਦੀਨਾਂ ਦੀ ਰੋਕਥਾਮ ਵਧੀਆ ਹੁੰਦੀ ਹੈ।
ਖੇਤ ਵਿੱਚ ਲੁਆਈ : ਅੱਧ ਜਨਵਰੀ ਤੋਂ ਫ਼ਰਵਰੀ ਤੱਕ ਨੰਗੀ ਜੜ੍ਹ ਵਾਲੇ ਪਾਪਲਰ ਦੇ ਬੂਟਿਆਂ ਨੂੰ ਖਾਲ਼ੀਆਂ ਵਿੱਚ ਲਗਾਉ। ਖੇਤ ਵਿੱਚ ਬੂਟੇ 5×4 ਮੀਟਰ ਜਾਂ 8×2.5 ਮੀਟਰ ਦੇ ਫ਼ਾਸਲੇ ਤੇ ਅਤੇ ਕਤਾਰਾਂ ਉੱਤਰ-ਦੱਖਣ ਦੀ ਦਿਸ਼ਾ ਵਿੱਚ ਲਗਾਉ ਅਤੇ ਇਕਹਿਰੀ ਕਤਾਰ ਵਿੱਚ 3 ਮੀਟਰ ਦੇ ਫ਼ਾਸਲੇ ਤੇ ਬੂਟੇ ਤੋਂ ਬੂਟਾ ਲਗਾਉ। ਕੇਂਦਰੀ ਮੈਦਾਨੀ ਇਲਾਕਿਆਂ ਵਿੱਚ ਪੀ ਐਲ-1, ਪੀ ਐੱਲ-2, ਪੀ ਐੱਲ-3, ਪੀ ਐਲ-4, ਪੀ ਐਲ-5, ਐਲ-47/88 ਅਤੇ ਐਲ 48/89 ਪੰਜਾਬ ਦੇ ਦੱਖਣੀ-ਪੱਛਮੀ ਭਾਗ ਵਿੱਚ ਪੀ ਐਲ-3, ਪੀ ਐੱਲ-6, ਪੀ ਐੱਲ-7 ਅਤੇ ਐਲ48/89 ਕਿਸਮਾਂ ਵਧੀਆ ਹਨ। ਔਗਰ ਦੀ ਮਦਦ ਨਾਲ 15-20 ਸੈਂਟੀਮੀਟਰ ਵਿਆਸ ਦੇ ਟੋਏ ਬਣਾਉ। ਇਨ੍ਹਾਂ ਟੋਇਆਂ ਦੀ ਡੂੰਘਾਈ ਭਾਰੀਆਂ ਜ਼ਮੀਨਾਂ ਵਿੱਚ 75 ਸੈਂਟੀਮੀਟਰ ਅਤੇ ਹਲਕੀਆਂ ਜ਼ਮੀਨਾਂ ਵਿੱਚ 100 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬੂਟੇ ਲਗਾਉਣ ਤੋਂ ਪਹਿਲਾਂ 48 ਘੰਟੇ ਲਈ ਚੱਲਦੇ ਪਾਣੀ ਵਿੱਚ ਰੱਖ ਦਿਉ। ਟੋਏ ਵਿੱਚ ਬੂਟੇ ਰੱਖਣ ਤੋਂ ਬਾਅਦ ਟੋਏ ਨੂੰ ਉੱਪਰਲੀ ਮਿੱਟੀ ਅਤੇ ਰੂੜੀ ਦੀ ਖਾਦ (1:1), 110 ਗ੍ਰਾਮ ਯੂਰੀਆ ਅਤੇ 315 ਗ੍ਰਾਮ ਸਿੰਗਲ ਸੁਪਰਫਾਸਫੇਟ ਦੀ ਖਾਦ ਦੇ ਮਿਸ਼ਰਣ ਨਾਲ ਭਰ ਦਿਉ। ਪਾਪਲਰ ਦੀਆਂ ਤਿੰਨ ਸਾਲ ਤੋਂ ਘੱਟ ਉਮਰ ਦੀਆਂ ਪਲਾਂਟੇਸ਼ਨਾਂ ਵਿੱਚ ਗੰਨੇ ਦੀ ਬੀਜਾਈ ਅੱਧ ਫ਼ਰਵਰੀ ਵਿੱਚ ਕਰ ਦੇਣੀ ਚਾਹੀਦੀ ਹੈ।
ਸਫ਼ੈਦਾ: ਸਫ਼ੈਦੇ ਦੇ ਬੀਜ ਨੂੰ ਧਰਤੀ ਤੋਂ ਉੱਚੀਆਂ ਕਿਆਰੀਆਂ ਤੇ ਕਤਾਰਾਂ ਵਿੱਚਕਾਰ 10 ਸੈਂਟੀਮੀਟਰ ਦੀ ਦੂਰੀ ਰੱਖ ਕੇ ਬੀਜ ਦਿਉ। ਘਾਹ ਦੇ ਬਣੇ ਹੋਏ ਛੱਪਰ ਨਾਲ ਢੱਕ ਦਿਉ ਅਤੇ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕਰਦੇ ਰਹੋ ਤਾਂ ਜੋ ਮਿੱਟੀ ਦੀ ਉੱਪਰਲੀ ਸਤਹਿ ਗਿੱਲੀ ਰਹੇ। ਜਦੋਂ ਪੌਦੇ ਤਿੰਨ ਜਾਂ ਚਾਰ ਪੱਤੇ ਕੱਢ ਲੈਣ ਤਾਂ ਇਨ੍ਹਾਂ ਨੂੰ ਪੋਲੀਥੀਨ ਦੀਆਂ ਥੈਲੀਆਂ ਵਿੱਚ (9”×6”) ਜਿੰਨ੍ਹਾਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (1:1) ਨਾਲ ਭਰਿਆ ਹੋਵੇ ਉਹਨਾਂ ਥੈਲੀਆਂ ਵਿੱਚ ਲਗਾ ਦਿਉ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.