ਅਮਰੂਦ ਫਲ ਪੰਜਾਬ ਦਾ ਬਹੁਤ ਹੀ ਮਹੱਤਵਪੂਰਨ ਫਲ ਹੈ। ਰਕਬੇ ਅਤੇ ਪੈਦਾਵਾਰ ਦੇ ਪੱਖ ਤੋਂ ਇਸ ਦਾ ਨਿੰਬੂ ਜਾਤੀ ਤੋਂ ਬਾਅਦ ਦੂਸਰਾ ਸਥਾਨ ਹੈ। ਇਹ ਫਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਹੁਤ ਹੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਜਿੱਥੇ ਇਹ ਫਲ ਵਪਾਰਕ ਪੱਖ ਲਈ ਉਗਾਇਆ ਜਾਂਦਾ ਹੈ ਉੱਥੇ ਘਰੇਲੂ ਪੱਧਰ 'ਤੇ ਵੀ ਆਮ ਲਗਾਇਆ ਜਾਂਦਾ ਹੈ। ਅਮਰੂਦ ਦਾ ਬੂਟਾ ਸਾਲ ਵਿੱਚ ਦੋ ਵਾਰ ਫਲ ਦਿੰਦਾ ਹੈ, ਇੱਕ ਬਰਸਾਤ ਮੌਸਮ ਵਿੱਚ ਅਤੇ ਦੂਸਰਾ ਸਰਦੀਆਂ ਵਿੱਚ ਆਦਿ। ਮੇਰੇ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਵਿੱਚ ਸਰਵਿਸ ਕਰਦੇ ਸਮੇਂ ਦੇਖਿਆ ਗਿਆ ਕਿ ਕਿਸਾਨਾਂ ਅਤੇ ਪਬਲਿਕ ਨੂੰ ਆਮ ਸ਼ਿਕਾਇਤ ਹੁੰਦੀ ਸੀ ਕਿ ਬਰਸਾਤ ਵਿੱਚ ਸਾਡੇ ਅਮਰੂਦਾਂ ਦਾ ਫਲ ਕਾਣਾ ਹੋ ਜਾਂਦਾ ਹੈ। ਇਸ ਸੰਬੰਧ ਵਿੱਚ ਬਾਗਬਾਨੀ ਵਿਭਾਗ, ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਖਬਾਰਾਂ, ਰੇਡੀਓ ਅਤੇ ਟੈਲੀਵੀਜ਼ਨ ਰਾਹੀਂ ਜਾਗਰਿਤ ਕੀਤਾ ਜਾ ਰਿਹਾ ਹੈ।
ਆਮ ਲੋਕਾਂ ਦੀ ਧਾਰਨਾ ਹੈ ਕਿ ਜੁਲਾਈ-ਅਗਸਤ ਦੇ ਮਹੀਨੇ ਜੋ ਅਮਰੂਦ ਦਾ ਫਲ ਕਾਣਾ ਹੋ ਜਾਂਦਾ ਹੈ, ਉਸ ਵਿੱਚ ਅਮਰੂਦ ਦਾ ਤਸੱਲੀ ਬਖਸ਼ ਨਾ ਹੋਣਾ ਹੈ, ਪਰ ਇਸ ਦੀ ਸੱਚਾਈ ਇਹ ਹੈ ਕਿ ਜੁਲਾਈ-ਅਗਸਤ ਦੇ ਮਹੀਨੇ ਵਿੱਚ ਫਰੂਟ ਫਲਾਈ ਐਕਟਿਵ ਹੋ ਜਾਂਦੀ ਹੈ ਅਤੇ ਇਹ ਫਲ ਹਰੇ ਤੋਂ ਪੀਲਾ ਹੋਣ 'ਤੇ ਡੰਗ ਮਾਰ ਕੇ ਆਂਡੇ ਦੇ ਦਿੰਦੀ ਹੈ, ਜਿਸ ਨਾਲ ਫਲ ਵਿੱਚ ਕੀੜਾ ਪੈ ਜਾਂਦਾ ਹੈ। ਇਸ ਦੀ ਰੋਕਥਾਮ ਲਈ ਫੈਨਵਿਲਰੇਟ 20 ਈ ਸੀ ਦਵਾਈ 2.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਹਫਤਾਵਾਰੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਪਰੇਅ ਕਰਨ ਤੋਂ 3 ਦਿਨ ਬਾਅਦ ਇਸ ਦਾ ਫਲ ਖਾਣਾ ਚਾਹੀਦਾ ਹੈ।
ਫਰੂਟ ਫਲਾਈ ਤੋਂ ਬਚਾਅ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 16 ਫਰੂਟ ਫਲਾਈ ਟਰੈਪ ਪ੍ਰਤੀ ਏਕੜ ਜੁਲਾਈ ਦੇ ਪਹਿਲੇ ਹਫਤੇ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਨਾਲ ਨਰ ਮੱਖੀਆਂ ਫਰੂਟ ਫਲਾਈ ਟਰੈਪ ਵੱਲ ਖਿੱਚੀਆਂ ਜਾਂਦੀਆਂ ਹਨ ਅਤੇ ਟਰੈਪ ਦੇ ਅੰਦਰ ਜਾ ਕੇ ਮਰ ਜਾਂਦੀਆਂ ਹਨ। ਇਸ ਨਾਲ ਫਰੂਟ ਫਲਾਈ ਦੀ ਪਾਪੂਲੇਸ਼ਨ (ਆਬਾਦੀ) ਵਿੱਚ ਵਾਧਾ ਨਹੀਂ ਹੁੰਦਾ। ਇਹ ਫਰੂਟ ਫਲਾਈ ਟਰੈਪ ਬਾਗਬਾਨੀ ਵਿਭਾਗ, ਪੰਜਾਬ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹਨਾਂ ਟਰੈਪ ਦੀ ਕੀਮਤ ਲਗਭਗ 120 ਰੁਪਏ ਪ੍ਰਤੀ ਟਰੈਪ ਹੈ। ਸੋ ਜਿਮੀਂਦਾਰ ਭਰਾਵਾਂ ਨੂੰ ਅਤੇ ਆਮ ਲੋਕਾਂ ਨੂੰ ਅਮਰੂਦ ਫਲ ਕਾਣਾ ਹੋਣ ਤੋਂ ਬਚਾਉਣ ਲਈ ਇਸ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੀ ਆਰਥਿਕਤਾ ਵਿੱਚ ਵਾਧਾ ਕਰਨਾ ਚਾਹੀਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਿਸ਼ ਅਨੁਸਾਰ ਗਰਮੀਆਂ ਦੀ ਫਸਲ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਰਦੀ ਦੀ ਫਸਲ ਲੈਣ ਲਈ ਮਈ ਮਹੀਨੇ ਅਮਰੂਦਾਂ ਦਾ ਫਲ ਝਾੜ ਦੇਣਾ ਚਾਹੀਦਾ ਹੈ। ਫਲ ਝਾੜਨ ਲਈ 10% ਯੂਰੀਆ ਦੀ ਸਪਰੇਅ ਕੀਤੀ ਜਾ ਸਕਦੀ ਹੈ ਜਾਂ 60 ਗ੍ਰਾਮ ਐਨ. ਏ. ਏ. 100 ਮਿਲੀਲੀਟਰ ਅਲਕੋਹਲ ਵਿੱਚ ਘੋਲਣ ਉਪਰੰਤ 100 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕੀਤੀ ਜਾ ਸਕਦੀ ਹੈ। ਮਈ ਮਹੀਨੇ ਗਰਮੀਆਂ ਵਿੱਚ ਪਾਣੀ ਦੇਣਾ ਬੰਦ ਕਰਕੇ ਵੀ ਫੁੱਲ ਝਾੜਿਆ ਜਾ ਸਕਦਾ ਹੈ। ਘਰੇਲੂ ਪੱਧਰ 'ਤੇ ਅਮਰੂਦ ਦਾ ਫਲ ਆਪਣੇ ਵੱਲੋਂ ਵੀ ਹੱਥ ਨਾਲ ਤੋੜਿਆ ਜਾ ਸਕਦਾ ਹੈ। ਇਸ ਨਾਲ ਸਰਦੀਆਂ ਦੀ ਫਲਾਵਰਿੰਗ ਜਲਦੀ ਆਵੇਗੀ ਅਤੇ ਫਸਲ ਵੀ ਜਲਦੀ ਪ੍ਰਾਪਤ ਹੋਵੇਗਾ। ਫਲ ਖਾਣ ਦੀ ਕੁਆਲਿਟੀ ਬਹੁਤ ਹੀ ਵਧੀਆ ਹੋਵੇਗੀ ਅਤੇ ਆਰਥਿਕ ਪੱਖ ਤੋਂ ਵੀ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕੇਗੀ ।
10 ਸਾਲ ਦੇ ਪੂਰੀ ਤਰ੍ਹਾਂ ਜਵਾਨ ਹੋਏ ਬੂਟੇ ਨੂੰ ਹੇਠ ਲਿਖੇ ਅਨੁਸਾਰ ਸਾਲ ਵਿਚ ਦੋ ਵਾਰ ਖਾਦ ਪਾਉਣੀ ਚਾਹੀਦੀ ਹੈ।
ਰੂੜੀ ਦੀ ਖਾਦ 50 ਕਿਲੋ ਮਈ ਮਹੀਨੇ ਪਾਓ।
ਅੱਧਾ ਕਿਲੋ ਯੂਰੀਆ, 1.25 ਕਿਲੋ ਸੁਪਰਫਾਸਫੇਟ ਅਤੇ 750 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਜੂਨ ਮਹੀਨੇ ਵਿੱਚ ਪਾਓ।
ਜੂਨ ਮਹੀਨੇ ਵਾਲੀ ਉਕਤ ਉਤਨੀ ਹੀ ਰਸਾਇਣਕ ਖਾਦ ਸਤੰਬਰ-ਅਕਤੂਬਰ ਮਹੀਨੇ ਵਿੱਚ ਹੋਰ ਵੀ ਪਾਓ ।
ਸੋ ਇਸ ਲਈ ਸਮੇਂ ਸਿਰ ਅਤੇ ਸਹੀ ਮਾਤਰਾ ਵਿੱਚ ਖਾਦ ਪਾਉਣ ਨਾਲ ਫਲ ਦਾ ਆਕਾਰ, ਝਾੜ ਅਤੇ ਗੁਣਵੱਤਾ ਵਿੱਚ ਵਾਧਾ ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਬਾਗਬਾਨੀ ਵਿਭਾਗ, ਪੰਜਾਬ ਜਾਂ ਪੀ. ਏ. ਯੂ. ਲੁਧਿਆਣਾ ਦੇ ਮਾਹਿਰਾਂ ਨਾਲ ਸੰਪਰਕ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store