ਮਾਹਰ ਸਲਾਹਕਾਰ ਵੇਰਵਾ

idea99veg_onion_potato.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-15 11:55:18

PAU experts' suggestions for vegetable farming

ਸਬਜ਼ੀਆਂ ਦੀ ਖੇਤੀ ਲਈ ਮਾਹਿਰਾਂ ਵੱਲੋਂ ਦੱਸੇ ਕੁੱਝ ਸੁਝਾਅ ਇਹ ਹਨ:

  • ਆਲੂ: ਬਹਾਰ ਰੁੱਤ ਦੇ ਆਲੂਆਂ ਦੀ ਬਿਜਾਈ ਇਸ ਮਹੀਨੇ ਦੇ ਦੂਜੇ ਪੰਦਰਵਾੜੇ ਵਿੱਚ ਖ਼ਤਮ ਕਰ ਦੇਣੀ ਚਾਹੀਦੀ ਹੈ। ਜੇਕਰ ਪੱਤਝੜ ਵਾਲੀ ਫ਼ਸਲ ਤੋਂ ਤਿਆਰ ਕੀਤਾ ਬੀਜ ਬਹਾਰ ਦੇ ਮੌਸਮ ਵਾਲੀ ਫ਼ਸਲ ਲਈ ਵਰਤਣਾ ਹੋਵੇ ਤਾਂ ਬੀਜ ਦਾ ਸੁੱਤਾਪਣ ਜਗਾਉਣ ਜਾਂ ਆਲੂ ਵਿੱਚ ਨਾ ਉੱਗਣ ਦੀ ਸ਼ਕਤੀ ਖ਼ਤਮ ਕਰਨ ਲਈ ਆਲੂਆਂ ਦੇ ਛੋਟੇ ਟੁਕੜੇ (ਹਰ ਇੱਕ ਟੁਕੜੇ ਤੇ ਦੋ ਅੱਖਾਂ ਜ਼ਰੂਰ ਹੋਣ) ਬਣਾ ਕੇ ਉਨ੍ਹਾਂ ਨੂੰ ਇੱਕ ਪ੍ਰਤੀਸ਼ਤ ਥਾਇਓ ਯੂਰੀਆ ਘੋਲ ਅਤੇ ਇੱਕ ਪੀ ਪੀ ਐਮ ਜ਼ਿਬਰੈਲਿਕ ਐਸਿਡ ਵਿੱਚ ਇੱਕ ਘੰਟਾ ਡੋਬੋ। ਇਸ ਸੋਧੇ ਹੋਏ ਬੀਜ ਨੂੰ 24 ਘੰਟਿਆਂ ਲਈ ਛਾਵੇਂ ਪਤਲੀਆਂ ਤਹਿਆਂ ਵਿੱਚ ਵਿਛਾ ਕੇ ਸੁਕਾਉ। ਖਰੀਂਂਢ ਰੋਗ ਤੋਂ ਬਚਾਅ ਲਈ ਬਹਾਰ ਰੁੱਤੇ ਆਲੂ ਦੇ ਬੀਜ ਨੂੰ ਬਿਜਾਈ ਤੋਂ ਪਹਿਲਾਂ ਲਈ 83 ਮਿ.ਲਿ. ਇਮਿਸਟੋ ਪ੍ਰਾਇਮ ਜਾਂ 250 ਮਿ.ਲਿ. ਮੋਨਸਰਨ 100 ਲਿਟਰ ਪਾਣੀ ਵਿੱਚ 10 ਮਿੰਟ ਲਈ ਡੋਬੋ। 20 ਟਨ ਦੇਸੀ ਰੂੜੀ ਦੇ ਨਾਲ 75 ਕਿੱਲੋ ਨਾਈਟ੍ਰੋਜਨ (165 ਕਿੱਲੋ ਯੂਰੀਆ), 25 ਕਿੱਲੋ ਫਾਸਫੋਰਸ (155 ਕਿੱਲੋ ਸਿੰਗਲ ਸੁਪਰਫਾਸਫੇਟ) ਅਤੇ 25 ਕਿੱਲੋ ਪੋਟਾਸ਼ (40 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਆਲੂਆਂ ਦੀ ਫ਼ਸਲ ਤੇ ਅਗੇਤੇ ਅਤੇ ਪਿਛੇਤੇ ਝੁਲਸ ਰੋਗ ਤੋਂ ਰੋਕਥਾਮ ਲਈ 500-700 ਗ੍ਰਾਮ ਇੰਡੋਫਿਲ ਐਮ45/ਕਵਚ/ਮਾਸ ਐਮ-45/ਮਾਰਕਜ਼ੈਬ ਦਾ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਤੇਲੇ ਦੇ ਹਮਲੇ ਨੂੰ ਘਟਾਉਣ ਲਈ 300 ਮਿਲੀਲਿਟਰ ਮੈਟਾਸਿਸਟਾਕਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ।
  • ਪਿਆਜ਼: ਜਨਵਰੀ ਦੇ ਪਹਿਲੇ ਪੰਦਰਵਾੜੇ 7-8 ਹਫ਼ਤੇ ਪੁਰਾਣੀ ਪਨੀਰੀ ਖੇਤ ਵਿੱਚ ਲਾ ਦਿਉ। ਬਿਜਾਈ ਤੋਂ ਪਹਿਲਾਂ 20 ਟਨ ਗਲੀ ਸੜੀ ਦੇਸੀ ਰੂੜੀ, 45 ਕਿੱਲੋ ਯੂਰੀਆ ਖਾਦ, 125 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਉ। ਨਦੀਨਾਂ ਦੀ ਰੋਕਥਾਮ ਲਈ ਗੋਲ 23.5 ਤਾਕਤ 380 ਮਿ.ਲਿ. ਪ੍ਰਤੀ ਏਕੜ ਦਾ ਛਿੜਕਾਅ ਕਰਕੇ 100 ਦਿਨਾਂ ਪਿੱਛੋਂ ਇੱਕ ਗੋਡੀ ਕਰੋ।ਜਾਮਨੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਤੇ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਨੂੰ 200 ਮਿਲੀਲਿਟਰ ਟ੍ਰੀਟੇਨ ਜਾਂ ਅਲਸੀ ਦੇ ਤੇਲ ਵਿੱਚ ਮਿਲਾਉ।ਇਸ ਘੋਲ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਉ। ਦਸ ਦਿਨਾਂ ਦੇ ਵਕਫ਼ੇ ਤੇ ਇਹ ਛਿੜਕਾਅ ਦੁਹਰਾਉ।
  • ਅਗੇਤੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ: ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਅਗੇਤੀ ਫ਼ਸਲ ਲੈਣ ਲਈ 5 ਕਿੱਲੋ 100 ਗੇਜ ਮੋਟੇ ਚਿੱਟੇ ਲਿਫ਼ਾਫੇ 15×10 ਸੈਂਟੀਮੀਟਰ ਆਕਾਰ ਦੇ ਲਉ।ਇਨ੍ਹਾਂ ਨੂੰ ਰੂੜੀ ਦੀ ਖਾਦ ਅਤੇ ਭੱਲ ਦੀ ਬਰਾਬਰ ਮਾਤਰਾ ਨਾਲ ਭਰ ਲਓ।ਲਿਫ਼ਾਫ਼ੇ ਦੇ ਹੇਠਾਂ ਮੋਰੀ ਕਰ ਦਿਉ ਅਤੇ ਇਹ ਰਲੀ ਹੋਈ ਮਿੱਟੀ ਨਾਲ ਭਰ ਦਿਉ। ਇਹ ਲਿਫ਼ਾਫ਼ੇ ਠੰਢ ਤੋਂ ਬਚਾ ਕੇ ਰੱਖੋ। ਜਨਵਰੀ ਦੇ ਅਖੀਰਲੇ ਹਫ਼ਤੇ ਹਰ ਲਿਫ਼ਾਫ਼ੇ ਵਿੱਚ ਦੋ ਬੀਜ ਦਬਾ ਦਿਉ ਅਤੇ ਫੁਆਰੇ ਨਾਲ ਪਾਣੀ ਪਾ ਦਿਉ। ਇਸ ਤਰ੍ਹਾਂ ਸਾਰੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਬਿਜਾਈ ਕੀਤੀ ਜਾ ਸਕਦੀ ਹੈ। ਇੱਕ ਏਕੜ ਪਨੀਰੀ ਤਿਆਰ ਕਰਨ ਲਈ 200-500 ਗ੍ਰਾਮ ਬੀਜ ਕਾਫ਼ੀ ਹੈ।