ਮਾਹਰ ਸਲਾਹਕਾਰ ਵੇਰਵਾ

idea99cotton_advice_april.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-04-04 11:01:02

PAU expert's suggestion for cotton crop

ਅਪ੍ਰੈਲ ਦੇ ਮਹੀਨੇ ਵਿੱਚ ਕਪਾਹ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਾਂ ਦੋਗਲੀਆਂ ਕਿਸਮਾਂ ਜਾਂ ਬੀ ਟੀ ਨਰਮੇ ਦੀ ਬਿਜਾਈ ਸ਼ੁਰੂ ਕਰ ਦਿਉ। ਕਪਾਹ-ਨਰਮੇਂ ਦੀ ਫ਼ਸਲ ਵਿੱਚ ਨਾਗੇ ਭਰਨ ਲਈ ਲਿਫਾਫਿਆਂ ਵਿੱਚ ਬੀਜ ਲਗਾਉ। ਉਹ ਖੇਤ ਜਿਨ੍ਹਾਂ ਤੇ ਕਾਫ਼ੀ ਦੇਰ ਤੋਂ ਝੋਨੇ ਦੀ ਕਾਸ਼ਤ ਹੋ ਰਹੀ ਹੋਵੇ ਉਥੇ ਬੀਜਣ ਤੋਂ ਪਹਿਲਾਂ ਖੇਤ ਨੂੰ ਡੂੰਘਾ ਵਾਹੁਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਨਰਮੇ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ ਅਤੇ ਕਈ ਵਾਰ ਇਸ ਫ਼ਸਲ ਦੇ ਬੂਟੇ ਪਾਣੀ ਲੱਗਣ ਤੋਂ ਬਾਅਦ ਮੁਰਝਾ ਜਾਂਦੇ ਹਨ। ਵਧੀਆ ਜਮਾਅ ਲਈ ਚੰਗੇ ਪਾਣੀ ਨਾਲ ਭਰਵੀ ਰੌਣੀ ਕਰੋ। ਨਰਮੇ ਅਤੇ ਕਪਾਹ ਦੀ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਕਰ ਲਉ । ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਘੱਟ ਕਰਨ ਲਈ ਨਰਮੇ ਨੂੰ ਨਿੰਬੂ ਜਾਤੀ ਦੇ ਬਾਗਾਂ ਕੋਲ ਜਾਂ ਭਿੰਡੀ ਦੇ ਖੇਤਾਂ ਕੋਲ ਨਾ ਬੀਜੋ। ਟੀਂਡੇ ਦੀ ਅਮਰੀਕਨ ਅਤੇ ਚਿੱਤਕਬਰੀ ਸੁੰਡੀ, ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਨਰਮੇ ਵਾਲੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਭਿੰਡੀ, ਮੂੰਗੀ ਜਾਂ ਅਰਹਰ ਨਾ ਬੀਜੋ। ਜੇ ਇਹ ਫ਼ਸਲਾਂ ਹੋਣ ਤਾਂ ਇਨ੍ਹਾਂ ਕੀੜਿਆਂ ਦੀ ਰੋਕਥਾਮ ਕਰੋ ਤਾਂ ਕਿ ਇਹ ਨਰਮੇ ਦੀ ਫ਼ਸਲ ਉੱਤੇ ਨਾ ਆ ਜਾਣ। ਉਖੇੜੇ ਤੋਂ ਪ੍ਰਭਾਵਤ ਖੇਤਾਂ ਵਿੱਚ ਐਲ ਡੀ 949 ਅਤੇ ਐੱਲ ਡੀ 1019 ਕਿਸਮਾਂ ਨੂੰ ਬੀਜਣ ਦੀ ਪਹਿਲ ਦਿਉ। ਤੇਲੇ ਦੀ ਰੋਕਥਾਮ ਲਈ ਬਿਜਾਈ ਸਮੇਂ ਬੀਜ ਨੂੰ ਗਾਚੋ 70 ਡਬਲਯੂ ਐਸ 5 ਗ੍ਰਾਮ ਜਾਂ ਕਰੂਜ਼ਰ 30 ਐਫ ਐਸ 7 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਦੇਸੀ ਅਤੇ ਅਮਰੀਕਨ ਕਪਾਹ ਦੀ ਬਿਜਾਈ ਸਮੇਂ ਲਾਈਨ ਤੋਂ ਲਾਈਨ ਦਾ ਫ਼ਾਸਲਾ 67.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 60 ਸੈਂਟੀਮੀਟਰ ਨਰਮੇ ਲਈ ਅਤੇ 45 ਸੈਂਟੀਮੀਟਰ ਕਪਾਹ ਲਈ ਰੱਖੋ ਜਦੋ ਕਿ ਬੀ ਟੀ ਨਰਮੇਂ ਦੀਆਂ ਦੋਗਲੀਆਂ ਕਿਸਮਾਂ ਦੇ ਬੂਟਿਆਂ ਲਈ ਫ਼ਾਸਲਾ 75 ਸੈਂਟੀਮੀਟਰ ਰੱਖੋ। ਬਿਜਾਈ ਵੇਲੇ 75 ਕਿੱਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿੱਲੋ ਡੀ ਏ ਪੀ ਪ੍ਰਤੀ ਏਕੜ ਡਰਿੱਲ ਕਰ ਦਿਉ। ਜੇਕਰ ਕਣਕ ਤੋਂ ਬਾਅਦ ਬਿਜਾਈ ਕਰਨੀ ਹੈ ਜਿਸ ਨੂੰ ਪੂਰੀ ਫਾਸਫੋਰਸ ਪਾਈ ਗਈ ਸੀ, ਤਾਂ ਨਰਮੇਂ/ਕਪਾਹ ਵਿੱਚ ਫਾਸਫੋਰਸ ਨਾ ਪਾਉ। ਹਲਕੀਆਂ ਜ਼ਮੀਨਾਂ ਵਿੱਚ 33 ਕਿੱਲੋ ਯੂਰੀਆ ਪ੍ਰਤੀ ਏਕੜ ਕਿਸਮਾਂ ਨੂੰ ਅਤੇ 45 ਕਿੱਲੋ ਯੂਰੀਆ ਪ੍ਰਤੀ ਏਕੜ ਬੀ ਟੀ ਅਤੇ ਬੀ ਟੀ ਰਹਿਤ ਦੋਗਲੀਆਂ ਕਿਸਮਾਂ ਨੂੰ ਪਾਉ। ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ ਏ ਯੂ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ।ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 20 ਕਿੱਲੋ ਮਿਊਰੇਟ ਆਫ ਪੋਟਾਸ਼ ਅਤੇ ਜ਼ਿੰਕ ਦੀ ਘਾਟ ਵਾਲੀ ਹਲਕੀ ਜ਼ਮੀਨ ਵਿੱਚ 10 ਕਿੱਲੋ ਜਿੰਕ ਸਲਫੇਟ (ਹੈਪਟਾਹਾਈਡਰੇਟ) ਜਾਂ 6.5 ਕਿੱਲੋ ਜ਼ਿੰਕ ਸਲਫੇਟ (ਮੋਨੋਹਾਈਡਰੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾ ਦਿਉ। ਨਦੀਨਾਂ ਦੀ ਰੋਕਥਾਮ ਲਈ ਫ਼ਸਲ ਬੀਜਣ ਤੋਂ ਪਹਿਲਾਂ ਟਰੈਫਲਾਨ 48 ਤਾਕਤ ਜਾਂ ਸ਼ਕਤੀਮਾਨ ਟਰਾਈਫਲੂਰੈਕਸ 48 ਤਾਕਤ (ਟਰਾਈਫਲੂਰਾਲਿਨ) 1.0 ਲਿਟਰ ਪ੍ਰਤੀ ਏਕੜ ਜਾਂ ਸਟੌਂਪ 30 ਤਾਕਤ ਇੱਕ ਲਿਟਰ ਪ੍ਰਤੀ ਏਕੜ ਉੱਗਣ ਤੋਂ ਪਹਿਲਾਂ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਛਿੜਕਾਅ ਕਰਦੇ ਸਮੇਂ ਜ਼ਮੀਨ ਵਿੱਚ ਸਿੱਲ੍ਹ ਹੋਣੀ ਚਾਹੀਦੀ ਹੈ। ਇਟਸਿੱਟ ਦੀ ਰੋਕਥਾਮ ਲਈ, ਜੋ ਕਿ ਆਮ ਕਰਕੇ ਪਹਿਲੀ ਸਿੰਜਾਈ ਤੋਂ ਬਾਅਦ ਹੁੰਦੀ ਹੈ, ਸਟੌਂਪ 1.0 ਲਿਟਰ ਪ੍ਰਤੀ ਏਕੜ ਦੀ ਵਰਤੋਂ ਪਹਿਲੀ ਸਿੰਜਾਈ ਤੋਂ ਬਾਅਦ ਕਰੋ।