ਮਾਹਰ ਸਲਾਹਕਾਰ ਵੇਰਵਾ

idea99collage_fisrhthth.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-12 14:14:26

Management of fish ponds in rainy season

ਬਰਸਾਤ ਦੇ ਮੌਸਮ ਵਿੱਚ ਮੱਛੀ ਪਾਲਕਾਂ ਨੂੰ ਮੱਛੀ ਦੇ ਤਲਾਬਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਪਾਣੀ ਦੀ ਕੁਆਲਿਟੀ ਵਿੱਚ ਕੰਢਿਆਂ ਦੀ ਮਿੱਟੀ ਖੁਰਣ ਨਾਲ ਆਈ ਤਬਦੀਲੀ ਜਾਂ ਮੀਂਹ ਦੇ ਪਾਣੀ ਦਾ ਸਹੀ ਨਿਕਾਸੀ ਨਾ ਹੋਣ ਕਾਰਣ ਮੱਛੀ ਨੂੰ ਨੁਕਸਾਨ ਹੋ ਸਕਦਾ ਹੈ। ਇਹ ਵਿਚਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਬਰਸਾਤੀ ਮੌਸਮ ਵਿੱਚ ਮੱਛੀ ਦੀ ਸਾਂਭ ਸੰਭਾਲ ਬਾਰੇ ਗੱਲ ਕਰਦਿਆਂ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਤਲਾਬਾਂ ਵਿੱਚ ਪਾਣੀ ਦਾ ਪੱਧਰ 5 ਤੋਂ 6 ਫੁੱਟ ਹੋਣਾ ਚਾਹੀਦਾ ਹੈ ਪਰ ਤਲਾਬਾਂ ਦੇ ਕੰਢਿਆਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਬਰਸਾਤੀ ਪਾਣੀ ਵਿੱਚ ਪੈਣ 'ਤੇ ਉਹ 2 ਫੁੱਟ ਪਾਣੀ ਦੇ ਵਾਧੇ ਨੂੰ ਸੰਭਾਲ ਸਕੇ। ਜੇ ਮੱਛੀ ਪਾਲਣ ਨੀਵੇਂ ਖੇਤਰਾਂ ਵਿੱਚ ਕੀਤਾ ਜਾ ਰਿਹਾ ਹੈ ਤਾਂ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਵਧੇਰੇ ਪਾਣੀ ਆਉਣ ਦੀ ਸੂਰਤ ਵਿੱਚ ਮੱਛੀ ਕਿਤੇ ਕੰਢਿਆਂ ਤੋਂ ਬਾਹਰ ਨਾ ਨਿਕਲ ਜਾਵੇ। ਜੇ ਕੰਢੇ ਨੀਵੇਂ ਹੋਣਗੇ ਤਾਂ ਕਈ ਤਰ੍ਹਾਂ ਦਾ ਪ੍ਰਦੂਸ਼ਣ ਜਾਂ ਹੋਰ ਜੀਵ ਤਲਾਬਾਂ ਵਿੱਚ ਪਹੁੰਚ ਸਕਦੇ ਹਨ। ਕੰਢਿਆਂ ਨੂੰ ਖੁਰਣ ਤੋਂ ਬਚਾਉਣ ਲਈ ਉਨ੍ਹਾਂ 'ਤੇ ਘਾਹ ਜਾਂ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ। ਜ਼ਿਆਦਾ ਮਿੱਟੀ ਵਾਲਾ ਪਾਣੀ ਹੋ ਜਾਣ ਦੀ ਸੂਰਤ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਅਜਿਹੇ ਮੌਕੇ 'ਤੇ ਪਾਣੀ ਵਿੱਚ ਏਰੀਏਟਰ ਚਲਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਬਰਸਾਤ ਹੋਣ ਤੋਂ ਬਾਅਦ ਪਾਣੀ ਦੇ ਤੇਜ਼ਾਬੀ ਅਤੇ ਖਾਰੇਪਣ ਨੂੰ ਜ਼ਰੂਰ ਜਾਂਚ ਲੈਣਾ ਚਾਹੀਦਾ ਹੈ ਅਤੇ ਉਸ ਦੇ ਸੰਤੁਲਨ ਨੂੰ ਬਣਾਈ ਰੱਖਣਾ ਚਾਹੀਦਾ ਹੈ। ਅਜਿਹੇ ਮੌਕੇ 'ਤੇ ਪਾਣੀ ਦੀ ਉਪਰਲੀ ਤਹਿ ਵਿੱਚ ਕਈ ਤਬਦੀਲੀਆਂ ਆਉਂਦੀਆਂ ਹਨ ਇਸ ਲਈ ਪਾਣੀ ਨੂੰ ਹਿਲਦਾ ਜੁਲਦਾ ਰੱਖਣਾ ਚਾਹੀਦਾ ਹੈ। ਅਜਿਹੇ ਮੋਂਟਮੈਲੇ ਪਾਣੀ ਨੂੰ ਖੇਤਾਂ ਵਿੱਚ ਵਰਤ ਲੈਣਾ ਚਾਹੀਦਾ ਹੈ ਅਤੇ ਤਾਜ਼ਾ ਪਾਣੀ ਤਲਾਬ ਵਿੱਚ ਪਾਉਣਾ ਚਾਹੀਦਾ ਹੈ। ਜੋ ਜ਼ਿਆਦਾ ਬੱਦਲਵਾਈ ਵਾਲਾ ਮੌਸਮ ਰਹੇ ਤਾਂ ਫੀਡ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ ਜਾਂ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਮੁੜ ਮੌਸਮ ਖੁਲ੍ਹਣ 'ਤੇ ਹੀ ਫੀਡ ਪਾਉਣੀ ਚਾਹੀਦੀ ਹੈ।

ਜੇ ਪਾਣੀ ਵਿੱਚ ਕੋਈ ਬੂਟੀਆਂ ਆਦਿ ਵੱਧ ਜਾਣ ਜਾਂ ਉਨ੍ਹਾਂ ਦਾ ਵਿਕਾਸ ਹੋ ਜਾਏ ਤਾਂ ਉਦੋਂ ਵੀ ਮੱਛੀਆਂ ਨੂੰ ਖੁਰਾਕ ਪਾਉਣੀ ਰੋਕ ਦੇਣੀ ਚਾਹੀਦੀ ਹੈ। ਜੇ ਕਿਸੇ ਤਲਾਬ ਵਿੱਚ ਜ਼ਿਆਦਾ ਮੱਛੀਆਂ ਦਿਖ ਰਹੀਆਂ ਹੋਣ ਤਾਂ ਉਥੋਂ ਦੀ ਮੱਛੀ ਦੂਸਰੇ ਤਲਾਬ ਵਿੱਚ ਤਬਦੀਲ ਕਰ ਦੇਣੀ ਚਾਹੀਦੀ ਹੈ।