ਮਾਹਰ ਸਲਾਹਕਾਰ ਵੇਰਵਾ

idea99march_sugarcane.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-02-27 11:20:28

Expert's suggestion for sugarcane crop

ਗੰਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ.ਓ.ਪੀ.ਬੀ.92, ਸੀ ਓ 118, ਸੀ ਓ ਜੇ 85, ਸੀ ਓ ਜੇ 64 (ਅਗੇਤੀ ਪੱਕਣ ਵਾਲੀ), ਸੀ ਓ 238, ਸੀ ਓ ਪੀ ਬੀ 91 ਅਤੇ ਸੀ ਓ ਜੇ 88, (ਦਰਮਿਆਨੀ- ਪਛੇਤੀ ਪੱਕਣ ਵਾਲੀਆਂ ਕਿਸਮਾਂ) ਅਤੇ ਸੀ.ਓ.ਪੀ.ਬੀ.94 ਦੀ ਬਿਜਾਈ ਇਸ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਵੋ। ਗੰਨੇ ਦੀ ਬਿਜਾਈ ਲਈ ਜੋ ਬੀਜ ਚੁਣਿਆ ਹੈ ਉਹ ਰੱਤਾ ਰੋਗ, ਸੋਕੜਾ, ਕਾਂਗਿਆਰੀ, ਮੁੱਢੇ ਕਮਾਦ ਦਾ ਮਧਰੇਪਣ ਦਾ ਰੋਗ, ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਹੋਣਾ ਚਾਹੀਦਾ ਹੈ।ਗੰਨੇ ਦੀ ਫ਼ਸਲ ਨੂੰ ਉੱਗਣ ਵੇਲੇ ਅਗੇਤੀ ਫੋਟ ਦੇ ਗੜੂੰਏ ਦੇ ਹਮਲੇ ਤੋਂ ਬਚਾਉਣ ਲਈ ਖ਼ਾਲੀਆਂ ਵਿੱਚ ਪਈਆਂ ਪੋਰੀਆਂ ਉੱਪਰ 10 ਕਿਲੋ ਰੀਜੈਂਟ ਮਰੋਟੈਲ/ਰਿੱਪਨ 0.3 ਜੀ (ਫਿਪਰੋਨਿਲ) ਮਿੱਟੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਵਰਤੋ।ਕਾਰਮੈਕਸ/ਕਲਾਸ (ਡਾਈਯੂਰੋਨ) 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਉੱਗਣ ਤੋਂ ਪਹਿਲਾਂ ਵਰਤਣ ਨਾਲ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਕਮਾਦ ਦੀ ਬਿਜਾਈ ਤੋਂ 15 ਦਿਨ ਪਹਿਲਾ 8 ਟਨ ਰੂੜੀ ਜਾਂ ਪੈ੍ਰਸ ਮੱਡ ਪ੍ਰਤੀ ਏਕੜ ਖੇਤ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਨਾਈਟਰੋਜਨ ਦੀ ਮਾਤਰਾ 60 ਕਿੱਲੋ ਦੀ ਥਾਂ 40 ਕਿੱਲੋ ਪ੍ਰਤੀ ਏਕੜ ਪਾਓ। ਪਰੰਤੂ ਹਲਕੀਆਂ ਜ਼ਮੀਨਾਂ ਵਿੱਚ ਜੇ ਸਿਫਾਰਸ਼ ਖਾਦਾਂ ਦੇ ਨਾਲ ਰੂੜੀ ਪਾਈ ਹੋਵੇ ਤਾਂ ਕਮਾਦ ਦਾ 10% ਵੱਧ ਝਾੜ ਲਿਆ ਜਾ ਸਕਦਾ ਹੈ। ਰੇਤਲੀਆਂ ਜ਼ਮੀਨਾਂ ਵਿੱਚ ਨਾਈਟਰੋਜਨ ਖਾਦ ਪਹਿਲੇ ਪਾਣੀ ਤੋਂ ਬਾਅਦ ਪਾਓ।

ਕਮਾਦ ਦੀ ਬਿਜਾਈ ਤੋਂ ਬਾਅਦ 65 ਕਿੱਲੋ ਯੂਰੀਆ ਪ੍ਰਤੀ ਏਕੜ ਕਮਾਦ ਜੰਮਣ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਉ। ਫਾਸਫੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 75 ਕਿੱਲੋ ਸੁਪਰਫਾਸਫੇਟ ਬਿਜਾਈ ਵੇਲੇ ਪਾਉ। ਕਮਾਦ ਦਾ ਚੰਗਾ ਝਾੜ ਲੈਣ ਲਈ ਅਜੋਟੋਬੈਕਟਰ ਜਾਂ ਕੰਨਸੋਰਸ਼ੀਅਮ ਬਾਇਓਫਰਟੀਲਾਈਜਰ 4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਓ। ਪੱਤਝੜ ਰੁੱਤ ਦੇ ਕਮਾਦ ਨੂੰ 65 ਕਿਲੋ ਯੂਰੀਆ ਮਾਰਚ ਦੇ ਅਖ਼ੀਰ ਵਿੱਚ ਪਾ ਦਿਓ। ਵਧੇਰੇ ਆਮਦਨ ਲੈਣ ਲਈ ਕਮਾਦ ਦੀਆਂ ਦੋ ਕਤਾਰਾਂ ਵਿੱਚ ਇੱਕ ਕਤਾਰ ਸੱਠੀ ਮੂੰਗੀ ਜਾਂ ਮਾਂਹ/ਪੁਦੀਨੇ ਦੀ ਬੀਜੀ ਜਾ ਸਕਦੀ ਹੈ। ਇਹ ਗੰਨੇ ਦੀ ਫ਼ਸਲ ਦਾ ਨੁਕਸਾਨ ਨਹੀਂ ਕਰੇਗੀ।