ਮਾਹਰ ਸਲਾਹਕਾਰ ਵੇਰਵਾ

idea99flowers.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-03 11:42:30

Experts' advice for Ornamentals in January

ਸਜਾਵਟੀ ਬੂਟਿਆਂ ਲਈ ਮਾਹਿਰਾਂ ਵੱਲੋਂ ਦੱਸੇ ਸੁਝਾਅ ਇਸ ਤਰ੍ਹਾਂ ਹਨ:

  • ਮੌਸਮੀ ਫੁੱਲ: ਮੌਸਮੀ ਫੁੱਲਾਂ ਦੀਆਂ ਜ਼ਿਆਦਾਤਰ ਕਿਸਮਾਂ ਇਸ ਮਹੀਨੇ ਦੇ ਅਖੀਰ ਵਿੱਚ ਫੁੱਲ ਦੇਣਾ ਸ਼ੁਰੂ ਕਰ ਦੇਣਗੀਆਂ। ਉੱਚੀਆਂ ਜਾਣ ਵਾਲੀਆਂ ਕਿਸਮਾਂ ਨੂੰ ਸਹਾਰਾ ਦਿਉ। ਗਮਲਿਆਂ ਵਿੱਚ ਲੱਗੇ ਹੋਏ ਮੌਸਮੀ ਫੁੱਲਾਂ ਨੂੰ ਸਰਦੀ ਤੋਂ ਬਚਾਉਣ ਲਈ ਢੁੱਕਵਾਂ ਉਪਰਾਲਾ ਕਰੋ।
  • ਗੁਲਦਾਉਦੀ: ਲਗਭਗ ਸਾਰੀਆਂ ਹੀ ਕਿਸਮਾਂ ਇਸ ਮਹੀਨੇ ਦੇ ਅਖ਼ੀਰ ਤੱਕ ਫੁੱਲ ਦੇਣਾ ਬੰਦ ਕਰ ਦਿੰਦੀਆਂ ਹਨ। ਸੁੱਕੇ ਹੋਏ ਫੁੱਲਾਂ ਨੂੰ ਜ਼ਮੀਨ ਤੋਂ 4-5 ਸੈਂਟੀਮੀਟਰ ਛੱਡ ਕੇ ਕੱਟ ਦਿਉ। ਇਸ ਨਾਲ ਜੜੂੰਏ ਦੇ ਵਾਧੇ ਵਿੱਚ ਮੱਦਦ ਮਿਲੇਗੀ।
  • ਗਮਲਿਆਂ ਵਾਲੇ ਬੂਟੇ: ਗਮਲਿਆਂ ਵਾਲੇ ਬੂਟਿਆਂ ਨੂੰ ਸਰਦੀ ਤੋਂ ਬਚਾਉ, ਬੂਟਿਆਂ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਕੁੱਝ ਬੂਟੇ ਜਿਵੇ ਕਰੋਟੋਨ ਆਦਿ ਨੂੰ ਠੰਡ ਤੋਂ ਜਰੂਰ ਬਚਾਓ ਨਹੀ ਤਾਂ ਇਹਨਾਂ ਦੇ ਪੱਤੇ ਝੜ ਜਾਂਦੇ ਹਨ। ਅਜਿਹੇ ਬੂਟਿਆਂ ਨੂੰ ਵਰਾਂਡੇ ਆਦਿ ਵਿੱਚ ਰੱਖ ਦੇਣਾ ਚਾਹੀਦਾ ਹੈ।
  • ਪੱਕੇ ਬੂਟੇ : ਪਹਿਲਾਂ ਲੱਗੇ ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਕਰ ਦਿਉ। ਫ਼ਰਵਰੀ-ਮਾਰਚ ਦੌਰਾਨ ਪੱਕੇ ਬੂਟੇ ਲਗਾਉਣ ਲਈ ਟੋਏ ਤਿਆਰ ਕਰ ਲਉ। 3 ਫੁੱਟ×3 ਫੁੱਟ ਆਕਾਰ ਦਾ ਟੋਆ ਰੁੱਖਾਂ ਅਤੇ 2 ਫੁੱਟ×2 ਫੁੱਟ ਆਕਾਰ ਦਾ ਟੋਆ ਝਾੜੀਆਂ ਅਤੇ ਵੇਲਾਂ ਲਈ ਕਾਫ਼ੀ ਰਹੇਗਾ। ਟੋਇਆਂ ਨੂੰ 2/3 ਹਿੱਸਾ ਮਿੱਟੀ ਅਤੇ 1/3 ਹਿੱਸਾ ਗੋਹੇ ਦੀ ਖਾਦ ਦੇ ਮਿਸ਼ਰਣ ਨਾਲ ਭਰ ਦਿਉ। ਕੁਝ ਪੱਤਝੜੀ ਬੂਟੇ ਤੇ ਝਾੜੀਆਂ ਆਦਿ ਦਾ ਕਲਮਾਂ ਦੁਆਰਾ ਵਾਧਾ ਵੀ ਇਸ ਮਹੀਨੇ ਕੀਤਾ ਜਾ ਸਕਦਾ ਹੈ ਜਿਵੇਂ, ਪਗੋਡਾ, ਯੂਫੋਰਬੀਆ, ਲੈਜਰਸਟਰੋਮੀਆ ਆਦਿ।
  • ਗੇਂਦਾ : ਇਹ ਸਮਾਂ ਗਰਮੀ ਰੁੱਤ ਵਿੱਚ ਫੁੱਲ ਪੈਦਾ ਕਰਨ ਵਾਲੀ ਪੰਜਾਬ ਗੇਂਦਾ ਨੰ.1 ਦੀ ਪਨੀਰੀ ਲਗਾਉਣ ਲਈ ਢੁੱਕਵਾਂ ਹੈ।