ਮਾਹਰ ਸਲਾਹਕਾਰ ਵੇਰਵਾ

idea99vegetables_in_march.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-30 11:11:46

Experts' advice for cultivation of Vegetable crops

ਹੇਠ ਲਿਖੀਆਂ ਸਬਜ਼ੀਆਂ ਦੀ ਕਾਸ਼ਤ ਲਈ ਮਾਹਿਰਾਂ ਦੇ ਸੁਝਾਅ ਇਸ ਤਰ੍ਹਾਂ ਹਨ:

  • ਟਮਾਟਰ : ਟਮਾਟਰ ਦੀ ਫ਼ਸਲ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ ਤਾਂ ਜੋ ਫੁੱਲ ਚੰਗੇ ਪੈਣ ਅਤੇ ਫ਼ਲ ਦਾ ਵਾਧਾ ਵੀ ਚੰਗਾ ਹੋਵੇ। ਪੰਜਾਬ ਰੱਤਾ, ਪੰਜਾਬ ਛੁਹਾਰਾ, ਪੀ ਐਨ ਆਰ-7, ਪੰਜਾਬ ਉਪਮਾ ਅਤੇ ਦੋਗਲੀ ਕਿਸਮ ਟੀ ਐੱਚ-1 ਇਸ ਮਹੀਨੇ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲਾਲ ਹੋ ਰਹੇ ਅਤੇ ਲਾਲ ਹੋਏ ਟਮਾਟਰਾਂ ਦੀ ਤੁੜਾਈ ਕਰਕੇ ਉਹਨਾਂ ਨੂੰ ਦੂਰ ਅਤੇ ਨੇੜੇ ਦੀਆਂ ਮੰਡੀਆਂ ਵਿੱਚ ਭੇਜਣਾ ਸ਼ੁਰੂ ਕਰ ਦਿਉ। ਤੁੜਾਈ ਸਮੇਂ ਬੂਟਿਆਂ ਦਾ ਧਿਆਨ ਰੱਖੋ ਤਾਂ ਜੋ ਇਹਨਾਂ ਨੂੰ ਨੁਕਸਾਨ ਨਾ ਪਹੁੰਚੇ।
  • ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ: ਸੁਰੰਗੀ ਖੇਤੀ ਜਾਂ ਪੌਲੀ ਨੈੱਟ ਹਾਊਸ ਵਿੱਚ ਬੀਜੀਆਂ ਸਬਜ਼ੀਆਂ ਦੀ ਤੁੜਾਈ ਸਮੇਂ-ਸਮੇਂ ਤੇ ਕਰਦੇ ਰਹੋ। ਸਬਜ਼ੀਆਂ ਦੀ ਤੁੜਾਈ ਹਫ਼ਤੇ ਵਿੱਚ ਦੋ ਵਾਰ ਦੁਪਹਿਰ ਵੇਲੇ ਕਰੋ ਪਰ ਘੀਆ ਕੱਦੂ ਦੀ ਤੁੜਾਈ ਸਵੇਰੇ-ਸਵੇਰੇ ਹੀ ਕਰਨੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਫ਼ਸਲਾਂ ਦੀ ਪ੍ਰਾਗਣ ਕਿਰਿਆ ਕੀੜਿਆਂ ਰਾਹੀਂ ਹੁੰਦੀ ਹੈ। ਆਦਮੀਆਂ ਦੇ ਚੱਲਣ-ਫਿਰਨ ਨਾਲ ਪ੍ਰਾਗਣ ਕਿਰਿਆ ਵਿੱਚ ਵਿਘਨ ਪੈਂਦਾ ਹੈ। ਸੋ ਇਸ ਗੱਲ ਦਾ ਧਿਆਨ ਰੱਖੋ ਨਹੀਂ ਤਾਂ ਫ਼ਲ ਪੈਣ ਅਤੇ ਪੈਦਾਵਾਰ ਤੇ ਮਾੜਾ ਪ੍ਰਭਾਵ ਪਵੇਗਾ। ਇਹਨਾਂ ਫ਼ਸਲਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ ।
  • ਗੰਢੇ: ਮਾਰਚ ਵਿੱਚ ਬੀਜੀ ਗਈ ਸਾਉਣੀ ਦੇ ਗੰਢਿਆਂ ਦੀ ਪਨੀਰੀ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਅਤੇ 5-7 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ।
  • ਬੀਜ ਉਤਪਾਦਨ: ਮਟਰ, ਗਾਜਰ, ਮੂਲੀ ਅਤੇ ਸ਼ਲਗਮ ਦੇ ਬੀਜ ਵਾਲੀਆਂ ਫ਼ਸਲਾਂ ਦੀ ਕਟਾਈ ਕਰ ਲਉ। ਇਹਨਾਂ ਦੇ ਬੀਜ ਖੇਤ ਵਿੱਚ ਖਿੱਲਰਨ ਤੋਂ ਬਚਾਉਣ ਲਈ ਇਹਨਾਂ ਦੀ ਕਟਾਈ ਤਦ ਹੀ ਸ਼ੁਰੂ ਕਰੋ ਜਦ ਕਿ ਅਜੇ ਕੁਝ ਫ਼ਲੀਆਂ ਪੀਲੀਆਂ ਹਰੀਆਂ ਹੀ ਹੋਣ। ਕਟਾਈ ਕਰਦੇ ਸਮੇਂ ਹੀ ਗਹਾਈ ਪੂਰੀ ਕਰੋ ਅਤੇ ਫਿਰ ਸੁਕਾ ਕੇ ਬੀਜ ਦੀ ਦਰਜ਼ਾਬੰਦੀ ਕਰਕੇ ਥੈਲੀਆਂ ਜਾਂ ਲਿਫ਼ਾਫ਼ਿਆਂ ਵਿੱਚ ਬੰਦ ਕਰ ਦਿਉ।
  • ਮਿਰਚਾਂ : ਮਿਰਚਾਂ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ 20 ਕਿੱਲੋ ਮਿਊਰੇਟ ਆਫ ਪੋਟਾਸ਼, 175 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਯੂਰੀਆ ਪ੍ਰਤੀ ਏਕੜ ਪਾ ਕੇ ਖੇਤ ਤਿਆਰ ਕਰੋ। ਕਤਾਰਾਂ ਦੀ ਦੂਰੀ 75 ਸੈਂ:ਮੀ: ਅਤੇ ਬੂਟਿਆਂ ਦਾ ਫ਼ਾਸਲਾ 45-60 ਸੈ:ਮੀ: ਰੱਖੋ। ਖੇਤ ਵਿੱਚ ਪਨੀਰੀ ਦੁਪਹਿਰ ਬਾਅਦ ਲਗਾਉ ਅਤੇ ਜਲਦੀ ਹੀ ਖੇਤ ਨੂੰ ਪਾਣੀ ਲਾ ਦਿਉ। ਫਿਰ ਇਕ ਹਫ਼ਤੇ ਬਾਅਦ ਖਾਲੀ ਜਗ੍ਹਾ ਭਰ ਕੇ ਖੇਤ ਨੂੰ ਪਾਣੀ ਲਾ ਦਿਉ।
  • ਲਸਣ : ਇਸ ਮਹੀਨੇ ਦੇ ਪਹਿਲੇ ਹਫ਼ਤੇ ਪਾਣੀ ਦੇਣਾ ਬੰਦ ਕਰ ਦਿਉ। ਅਖੀਰਲੇ ਹਫ਼ਤੇ ਹਲਕਾ ਪਾਣੀ ਦਿਉ, ਅਤੇ ਵੱਤਰ ਆਉਣ ਤੇ ਪੁਟਾਈ ਸ਼ੁਰੂ ਕਰ ਦਿਉ। 5-7 ਦਿਨਾਂ ਤਕ ਖੇਤ ਵਿੱਚ ਰੱਖੋ। ਫਿਰ ਇੱਕ-ਇੱਕ ਕਿੱਲੋ ਦੀਆਂ ਗੁੱਛੀਆਂ ਬਣਾ ਲਉ ਅਤੇ ਠੰਢੀ ਹਵਾਦਾਰ ਜਗ੍ਹਾ ਤੇ ਭੰਡਾਰ ਕਰੋ।