ਜੇਕਰ ਉਪਲੱਬਧ ਫੁੱਲਾਂ ਤੋਂ ਨੈਕਟਰ ਆ ਰਿਹਾ ਹੋਵੇ ਤਾਂ ਲੋੜ ਮੁਤਾਬਕ ਹੋਰ ਬਣੇ ਹੋਏ ਛੱਤੇ ਜਾਂ ਬੁਨਿਆਦੀ ਸ਼ੀਟਾਂ ਲੱਗੀਆਂ ਫਰੇਮਾਂ ਅਤੇ ਸੁਪਰ ਚੈਂਬਰ ਦਿਉ। ਜੇਕਰ ਫ਼ਸਲਾਂ ਤੋਂ ਵਾਧੂ ਨੈਕਟਰ ਆ ਰਿਹਾ ਹੋਵੇ ਤਾਂ ਕਟੁੰਬਾਂ ਵਿੱਚੋਂ ਪੱਕਿਆ ਹੋਇਆ (ਸੀਲ) ਸ਼ਹਿਦ, ਇਸ ਦੇ ਹੋਣ ਦੀ ਸੂਰਤ ਵਿੱਚ ਕੱਢ ਲਿਆ ਜਾਣਾ ਚਾਹੀਦਾ ਹੈ। ਸ਼ਹਿਦ ਕੱਢਣ ਦੌਰਾਨ ਅਤੇ ਉਪਰੰਤ ਲੋੜੀਂਦੇ ਰੋਬਿੰਗ ਰੋਕੂ ਅਹਿਿਤਆਤ ਵਰਤਣੇ ਚਾਹੀਦੇ ਹਨ। ਬਾਹਰੀ ਪ੍ਰਜੀਵੀ ਬਰੂਡ ਮਾਈਟ (ਟਰੋਪਲੀਲੈਪਸ ਕਲੈਰੀ) ਦੇ ਹਮਲੇ ਦੀ ਹੋਂਦ ਵਿੱਚ ਛੱਤਿਆਂ ਦੇ ਉੱਪਰਲੀਆਂ ਡੰਡੀਆਂ ਉਤੇ ਗੰਧਕ ਦਾ ਧੂੜਾ ਇੱਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਢੁੱਕਵੇਂ ਬਦਲਾਅ ਦੇ ਤੌਰ ਤੇ ਫਾਰਮਿਕ ਐਸਿਡ (85%) ਦੀ ਧੂਣੀ ਪੰਜ ਮਿਲੀਲਿਟਰ ਹਰ-ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿੱਚੜੀ ਦੀ ਰੋਕਥਾਮ ਲਈ ਵੀ ਫ਼ਾਇਦੇਮੰਦ ਹੈ ਪਰ ਇਸਦੀ ਵਰਤੋਂ ਨੈਕਟਰ ਦੀ ਆਮਦ ਦੌਰਾਨ ਨਹੀਂ ਕਰਨੀ ਚਾਹੀਦੀ। ਵਰੋਆ ਚਿੱਚੜੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਫਾਰਮਿਕ ਐਸਿਡ ਦੀ ਵਰਤੋਂ ਦੇ ਨਾਲ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਦੇ ਹਿੱਸਿਆਂ ਨੂੰ ਕੱਟ ਕੇ ਨਸ਼ਟ ਕਰਨਾ, ਪੀਸੀ ਖੰਡ ਦੇਰ ਸ਼ਾਮ ਵੇਲੇ ਹਰ ਦੋ ਛੱਤਿਆਂ ਦੇ ਵਿਚਾਲਿਉ ਮੱਖੀਆਂ ਉੱਪਰ ਧੂੜਨਾ, ਬੌਟਮ ਬੋਰਡ ਉੱਤੇ ਚਿਪਕਣ ਵਾਲਾ ਕਾਗਜ਼ (ਸਟੀਕਰ) ਰੱਖਣਾ ਅਤੇ ਜਾਲੀਦਾਰ ਵਰੋਆ ਬੌਟਮ ਬੋਰਡ ਵਰਤਣਾ, ਜਿਹੇ ਗੈਰ-ਰਸਾਇਣਕ ਤਰੀਕੇ ਇਸ ਚਿੱਚੜੀ ਦੀ ਰੋਕਥਾਮ ਲਈ ਸਹਾਈ ਹੁੰਦੇ ਹਨ। ਅਗਜੌਲਿਕ ਐਸਿਡ ਦਾ ਘੋਲ (4.2%, ਖੰਡ ਦੇ ਪਾਣੀ ਵਿੱਚ 60 ਪ੍ਰਤੀਸ਼ਤ ਤਿਆਰ ਘੋਲ ਵਿੱਚ) ਤਿਆਰ ਕਰਕੇ ਹਫ਼ਤੇ-ਹਫ਼ਤੇ ਦੇ ਵਕਫੇ ਤੇ ਤਿੰਨ ਵਾਰ ਸ਼ਾਮ ਨੂੰ ਮੱਖੀਆਂ ਤੇ ਸਪਰੇਅ ਕਰਨ ਨਾਲ ਵੀ ਇਸ ਚਿੱਚੜੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਰੂਡ ਬੀਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਮਾਹਿਰਾਂ ਦੀ ਸਲਾਹ ਲਉ ਅਤੇ ਸੁਝਾਏ ਲੋੜੀਂਦੇ ਰੋਕਥਾਮ ਉਪਰਾਲੇ ਕਰੋ। ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਉ। ਸ਼ੱਕੀ ਕਟੁੰਬ ਨੂੰ ਤੰਦਰੁਸਤ ਕਟੁੰਬਾਂ ਨਾਲੋਂ ਅੱਡ ਕਰ ਦਿਉ। ਕਟੁੰਬਾਂ ਵਿੱਚ ਢੁਕਵੀਂ ਵਿੱਥ ਰੱਖ ਕੇ ਅਤੇ ਸ਼ਹਿਦ ਸਿਰਫ਼ ਸੁਪਰਾਂ ਵਿਚੋਂ ਕੱਢ ਕੇ, ਜੋ ਕਿ ਰਾਣੀ ਨਿਖੇੜੂ ਜਾਲੀ ਦੁਆਰਾ ਬਰੂਡ ਚੈਂਬਰ ਨਾਲੋਂ ਅੱਡ ਕੀਤੇ ਹੋਣ, ਸ਼ਹਿਦ ਮੱਖੀ ਫਾਰਮ ਵਿੱਚ ਚਿਚੜੀ ਅਤੇ ਬਰੂਡ ਬੀਮਾਰੀਆਂ ਦੇ ਫੈਲਾਅ ਨੂੰ ਠੱਲ੍ਹ ਪਾਇਆ ਜਾ ਸਕਦਾ ਹੈ। ਕਟੁੰਬਾਂ ਨੂੰ ਮੋਮੀ ਕੀੜੇ ਦੇ ਹਮਲੇ ਤੋਂ ਬਚਾਉਣ ਲਈ ਇਨ੍ਹਾਂ ਨੂੰ ਤਕੜਾ ਰੱਖੋ ਅਤੇ ਲੋੜੀਦੇ ਸ਼ਹਿਦ ਮੱਖੀ ਫਾਰਮ ਪ੍ਰਬੰਧ ਅਪਣਾਉ।ਸਟੋਰ ਕੀਤੇ ਹੋਏ ਛੱਤਿਆਂ ਤੇ ਮੋਮੀ ਕੀੜੇ ਦੇ ਹਮਲੇ ਦੀ ਸੂਰਤ ਵਿੱਚ ਗੰਧਕ ਜਾਂ ਅਲਮੂਨੀਅਮ ਫਾਸਫਾਈਡ ਦੀ ਧੂਣੀ ਦਿਓ। ਫੁੱਲ ਫੁਲਾਕਾ ਨਾ ਹੋਣ ਦੀ ਸੂਰਤ ਵਿੱਚ ਲੋੜ ਅਨੁਸਾਰ ਕਟੁੰਬਾਂ ਨੂੰ ਖੰਡ ਦਾ ਘੋਲ (ਖੰਡ : ਪਾਣੀ = 1 : 1) ਦਿਉ ਅਤੇ ਰੋਬਿੰਗ ਤੋਂ ਬਚਾਅ ਅਤੇ ਰੋਕਣ ਦੇ ਉਪਰਾਲੇ ਕਰੋ। ਪਰਾਗ ਦੀ ਆਮਦ ਹੋਣ, ਡਰੋਨ ਬਰੂਡ ਪੈਣ ਅਤੇ ਮੌਸਮ ਸੁਖਾਵਾਂ ਹੋਣ ਦੀ ਸੂਰਤ ਵਿੱਚ ਕਟੁੰਬਾਂ ਦੇ ਵਾਧੇ ਲਈ ਅਤੇ ਪੁਰਾਣੀਆਂ ਰਾਣੀਆਂ ਤਬਦੀਲ ਕਰਨ ਲਈ ਨਵੀਆਂ ਰਾਣੀ ਮੱਖੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ । ਇਸ ਮੰਤਵ ਲਈ ਕਿਸੇ ਚੰਗੇ ਰਵੇ ਦੇ ਕਟੁੰਬਾਂ ਤੋਂ ਜ਼ਿਆਦਾ ਸਮਕਾਲੀ ਰਾਣੀ ਮੱਖੀਆਂ ਤਿਆਰ ਕਰਨ ਵਾਲੇ ਢੰਗ ਨੂੰ ਅਪਣਾ ਕੇ ਲੋੜੀਂਦੀਆਂ ਰਾਣੀਆਂ ਮੱਖੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸ਼ਹਿਦ ਮੱਖੀ ਮਾਹਿਰਾਂ ਨੂੰ ਸੰਪਰਕ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store