ਮਾਹਰ ਸਲਾਹਕਾਰ ਵੇਰਵਾ

idea99cotton_crop.jpg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਮਿਸ਼ਨ ਤੰਦਰੁਸਤ ਪੰਜਾਬ, ਪੰਜਾਬ
ਪੰਜਾਬ
2019-07-19 10:22:58

किसान भाईयों के लिए नरमे से संबंधित कुछ जरूरी सुझाव

ਕਿਸਾਨ ਵੀਰੋ! ਆਪਣੇ ਨਰਮੇ ਦੇ ਖੇਤਾਂ ਦਾ ਚਿੱਟੀ ਮੱਖੀ, ਹਰੇ ਤੇਲੇ ਅਤੇ ਭੂਰੀ ਜੂੰ ਵਾਸਤੇ ਲਗਾਤਾਰ ਸਰਵੇਖਣ ਕਰੋ। ਬਾਗਾਂ ਦੇ ਨੇੜੇ ਬੀਜੇ ਨਰਮੇ 'ਤੇ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ।

  • ਫ਼ਸਲ ਨੂੰ ਸੋਕਾ ਨਾ ਲੱਗਣ ਦਿਓ ਕਿਉਂਕਿ ਔਡ਼ ਵਿੱਚ ਚਿੱਟੀ ਮੱਖੀ ਅਤੇ ਬੁਰੀ ਜੂੰ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਭਾਰੀ ਬਾਰਿਸ਼ ਨਾਲ ਫ਼ਸਲ ਵਿੱਚ ਖੜ੍ਹੇ ਪਾਣੀ ਦਾ ਤੁਰੰਤ ਨਿਕਾਸ ਕਰ ਦਿੱਤਾ ਜਾਵੇ।
  • ਪੀਲੇ ਚਿਪਕੂ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ।
  • ਨਰਮੇ ਤੇ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾ ਜਾਵੇ। ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਚਾਰ ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਜੇਕਰ ਪਤੰਗੇ ਚਾਰ ਤੋਂ ਛੇ ਹੋਣ ਤਾਂ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਘਰ ਦਾ ਬਣਾਇਆ ਨਿੰਮ ਦਾ ਘੋਲ 1200 ਮਿਲੀਲਿਟਰ ਜਾਂ ਇੱਕ ਲਿਟਰ ਨਿੰਬੀਸੀਡੀਨ/ਅਚੂਕ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫ਼ਾਰਿਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ।
  • ਚਿੱਟੀ ਮੱਖੀ ਦਾ ਜ਼ਿਆਦਾ ਹਮਲਾ ਹੋਣ 'ਤੇ 80 ਗ੍ਰਾਮ ਫਲੋਨੀਕਾਮਿਡ 50 ਡਬਲਿਊ ਜੀ (ਉਲਾਲਾ) ਜਾਂ 60 ਗ੍ਰਾਮ ਡਾਈਨੋਟੈਫੂਰਾਨ 20 ਐਸ ਜੀ (ਓਸ਼ੀਨ) ਦਾ ਛਿੜਕਾਅ ਕਰੋ। ਇਹ ਕੀਟਨਾਸ਼ਕ ਤੇਲੇ ਦੀ ਵੀ ਰੋਕਥਾਮ ਕਰਦੀਆਂ ਹਨ।
  • ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਪਾਈਰੀਪ੍ਰੋਕਸੀਫਿਨ 10 ਈ ਸੀ (ਲੈਨੋ) ਜਾਂ 200 ਮਿਲੀਲਿਟਰ ਸਾਈਪ੍ਰੋਮੈਸੀਫਿਨ 22 .9 ਐਸ ਸੀ (ਓਬਰੇਨ/ਵੋਲਟੇਜ) ਦਾ ਛਿੜਕਾਅ ਕਰੋ।
  • ਜੇਕਰ ਪੈਰਾਵਿਲਟ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਹੀ 24 ਘੰਟੇ ਦੇ ਅੰਦਰ ਕੋਬਾਲਟ ਕਲੋਰਾਈਡ 1 ਗ੍ਰਾਮ ਪ੍ਰਤੀ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
  • ਚਿੱਟੀ ਮੱਖੀ ਦਾ ਹਮਲਾ ਨਰਮੇ ਤੋਂ ਇਲਾਵਾ ਹੋਰ ਫ਼ਸਲਾਂ ਜਿਵੇਂ ਕਿ ਬੈਂਗਣ ਅਤੇ ਕੱਦੂ ਜਾਤੀ ਦੀਆਂ ਫ਼ਸਲਾਂ (ਖੀਰਾ, ਤਰ, ਕੱਦੂ ਆਦਿ) 'ਤੇ ਪਾਇਆ ਜਾਂਦਾ ਹੈ। ਇਸ ਵਾਸਤੇ ਇਹਨਾਂ ਫ਼ਸਲਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਮੁਤਾਬਿਕ ਰੋਕਥਾਮ ਕਰੋ।
  • ਸਿਫ਼ਾਰਿਸ਼ ਕੀਤੀਆਂ ਕੀੜੇਮਾਰ ਜ਼ਹਿਰਾਂ ਸਹੀ ਸਮੇਂ 'ਤੇ ਸਿਫ਼ਾਰਿਸ਼ ਮਾਤਰਾ ਵਿੱਚ ਹੀ ਵਰਤੋ। ਚਿੱਟੀ ਮੱਖੀ ਦੀ ਅਸਰਦਾਰ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ 'ਤੇ ਛਿੜਕਾਅ ਪਹੁੰਚਣਾ ਜ਼ਰੂਰੀ ਹੈ।

ਵਧੇਰੇ ਜਾਣਕਾਰੀ ਲਈ ਆਪਣੇ ਹਲਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰੋ ਜਾਂ ਕਿਸਾਨ ਕਾਲ ਸੈਂਟਰ ਦੇ ਟੋਲ ਫ੍ਰੀ ਨੰਬਰ 1800-180-1551 'ਤੇ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਮੁਫ਼ਤ ਸਲਾਹ ਲੈ ਸਕਦੇ ਹੋ।