
ਹਰੇ ਚਾਰੇ ਦੀ ਬਿਜਾਈ ਦਾ ਵੇਲਾ

ਮੌਸਮ ਬਹੁਤ ਹੀ ਬੇਭਰੋਸਗੀ ਦਾ ਚੱਲ ਰਿਹਾ ਹੈ। ਜੇ ਭਾਰੀ ਬਾਰਸ਼ ਹੋ ਜਾਵੇ ਤਾਂ ਝੋਨੇ ਤੋਂ ਬਗੈਰ ਹੋਰ ਕਿਸੇ ਫ਼ਸਲ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਫ਼ਸਲਾਂ ਵਿੱਚ ਨਦੀਨ ਨਾ ਹੋਣ ਦਿੱਤੇ ਜਾਣ। ਜੇ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਮਾਹਿਰ ਨਾਲ ਸੰਪਰਕ ਕਰੋ। ਉਸੇ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਸਾਉਣੀ ਦੀਆਂ ਫ਼ਸਲਾਂ ਨੂੰ ਨਾਈਟ੍ਰੋਜਨ ਵਾਲੀ ਖਾਦ ਜਾਂ ਯੂਰੀਆ ਲੋੜ ਤੋਂ ਵੱਧ ਨਾ ਪਾਇਆ ਜਾਵੇ। ਇਸ ਨਾਲ ਫ਼ਸਲ ਢਹਿ ਵੀ ਸਕਦੀ ਹੈ ਤੇ ਕੀੜਿਆਂ ਦਾ ਹਮਲਾ ਵਧੇਰੇ ਹੋ ਸਕਦਾ ਹੈ। ਕਮਾਦ ਨੂੰ ਢਹਿਣ ਤੋਂ ਬਚਾਉਣ ਲਈ ਉਸ ਦੇ ਮੂੰਹੇ ਬੰਨ੍ਹ ਦੇਣੇ ਚਾਹੀਦੇ ਹਨ। ਹਰੇ ਚਾਰੇ ਦੇ ਖਾਲੀ ਹੋਏ ਖੇਤਾਂ ਵਿੱਚ ਮੁੜ ਹਰੇ ਚਾਰੇ ਦੀ ਬਿਜਾਈ ਕਰੋ। ਹੁਣ ਮੱਕੀ, ਬਾਜਰਾ ਜਾਂ ਗੁਆਰਾ ਬੀਜਿਆ ਜਾ ਸਕਦਾ ਹੈ। ਮੱਕੀ ਦੀ ਜੇ 1006 ਕਿਸਮ ਬੀਜੀ ਜਾਵੇ। ਇਸ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਜਰੇ ਦੀਆਂ ਪੀ.ਐੱਚ.ਬੀ.ਐਫ਼.-1, ਪੀ.ਸੀ.ਬੀ. 164 ਅਤੇ ਐਫ਼.ਬੀ.ਸੀ. 16 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਸ ਮੌਸਮ ਵਿੱਚ ਫ਼ਸਲਾਂ ਉੱਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਨ੍ਹਾਂ ਦੀ ਰੋਕਥਾਮ ਲਈ ਕੀੜੇ ਮਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਰਮੇ ਦੀ ਫ਼ਸਲ ਉੱਤੇ ਤਾਂ ਇਹ ਛਿੜਕਾ ਜ਼ਰੂਰੀ ਹੈ। ਜ਼ਹਿਰ ਛਿੜਕਦੇ ਸਮੇਂ ਜੇ ਪੂਰਾ ਧਿਆਨ ਨਾ ਰੱਖਿਆ ਜਾਵੇ ਤਾਂ ਹਾਦਸੇ ਹੋ ਜਾਂਦੇ ਹਨ। ਜ਼ਹਿਰ ਛਿੜਕਦੇ ਸਮੇਂ ਇਨ੍ਹਾਂ ਗੱਲਾਂ ਵੱਲ ਜਰੂਰ ਧਿਆਨ ਦੇਵੋ।
* ਛਿੜਕਾਅ ਕਰਨ ਲਈ ਵੱਖਰੇ ਕੱਪੜੇ ਰੱਖੋ। ਹੱਥਾਂ ਉੱਤੇ ਦਸਤਾਨੇ, ਪੈਰਾਂ ਵਿੱਚ ਬੂਟ, ਸਿਰ ਤੇ ਪੱਗੜੀ ਤੇ ਅੱਖਾਂ ਉੱਤੇ ਐਨਕ ਲਗਾਵੋ। ਛਿੜਕਾਅ ਕਰਨ ਪਿਛੋਂ ਇਨ੍ਹਾਂ ਨੂੰ ਧੋ ਲਵੋ।
* ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
* ਜਿਸ ਪਾਸੇ ਦੀ ਹਵਾ ਚੱਲ ਰਹੀ ਹੋਵੇ ਛਿੜਕਾਅ ਦਾ ਰੁੱਖ ਉਸੇ ਪਾਸੇ ਰੱਖੋ ਤਾਂ ਜੋ ਜ਼ਹਿਰ ਮੂੰਹ ਉਤੇ ਨਾ ਪਵੇ।
* ਛਿੜਕਾਅ ਕਰਦੇ ਸਮੇਂ ਖੇਤ ਵਿੱਚ ਇਕੱਲਾ ਕਾਮਾ ਨਹੀਂ ਹੋਣਾ ਚਾਹੀਦਾ।
* ਛਿੜਕਾਅ ਕੀਤੇ ਖੇਤਾਂ ਵਿੱਚ ਬੈਠ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ।
* ਕਿਸੇ ਵੀ ਪੰਪ ਦੀ ਨੋਜਲ ਖੋਲ੍ਹਣ ਲਈ ਫ਼ੂਕ ਨਾ ਮਾਰੀ ਜਾਵੇ।
* ਛਿੜਕਾ ਪਿਛੋਂ ਬਾਲਟੀ ਅਤੇ ਪੰਪ ਨੂੰ ਚੰਗੀ ਤਰ੍ਹਾਂ ਧੋਇਆ ਜਾਵੇ ਤੇ ਇਹ ਪਾਣੀ ਕਿਸੇ ਬੰਜਰ ਧਰਤੀ ਉਤੇ ਜਾਂ ਟੋਇਆ ਪੁੱਟ ਕੇ ਡੋਲ੍ਹਿਆ ਜਾਵੇ।
* ਜ਼ਹਿਰ ਨੂੰ ਪਾਣੀ ਵਿੱਚ ਰਲਾਣ ਲਈ ਕਦੇ ਵੀ ਹੱਥਾਂ ਦੀ ਵਰਤੋਂ ਨਾ ਕਰੋ।
* ਜ਼ਹਿਰਾਂ ਦੇ ਡੱਬਿਆਂ ਨੂੰ ਕਿਸੇ ਵੀ ਹੋਰ ਕੰਮ ਲਈ ਨਾ ਵਰਤਿਆ ਜਾਵੇ ਸਗੋਂ ਟੋਇਆ ਪੁੱਟ ਕੇ ਦੱਬ ਦਿੱਤਾ ਜਾਵੇ।
ਗਰਮੀ ਦਾ ਜ਼ੋਰ ਘਟ ਰਿਹਾ ਹੈ। ਫ਼ਸਲਾਂ ਨੂੰ ਕੇਵਲ ਲੋੜ ਵੇਲੇ ਹੀ ਪਾਣੀ ਲਗਾਇਆ ਜਾਵੇ। ਝੋਨੇ ਵਿੱਚ ਪਾਣੀ ਖੜ੍ਹਾ ਕਰਨ ਦੀ ਲੋੜ ਨਹੀਂ ਹੈ, ਜਦੋਂ ਧਰਤੀ ਸੁਕ ਜਾਵੇ ਤਾਂ ਪਾਣੀ ਦੇਵੋ। ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀ ਲੋੜ ਅਨੁਸਾਰ ਆਉਣ ਵਾਲੀ ਹਾੜ੍ਹੀ ਲਈ ਢੁਕਵੀਂ ਸਿਫ਼ਾਰਸ਼ ਕੀਤੀ ਕਿਸਮ ਦੇ ਵਧੀਆ ਬੀਜ ਦਾ ਪ੍ਰਬੰਧ ਕਰ ਲੈਣ। ਫ਼ਸਲ ਦਾ ਪੂਰਾ ਝਾੜ ਲੈਣ ਲਈ ਇਨ੍ਹਾਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਨਵੇਂ ਲਾਏ ਬੂਟਿਆਂ ਦੀ ਘੱਟੋ ਘੱਟ ਤਿੰਨ ਸਾਲ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ। ਸਿਉਂਕ ਦੀ ਰੋਕਥਾਮ ਲਈ ਬੂਟਾ ਲਾਉਣ ਲਈ ਬਣਾਏ ਟੋਏ ਵਿੱਚ 75 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਤਾਕਤ ਨੂੰ ਦੋ ਕਿਲੋ ਮਿੱਟੀ ਵਿੱਚ ਮਿਲਾ ਕੇ ਪਾਵੋ। ਪੰਜਾਬ ਵਿੱਚ ਹੁਣ ਸਫ਼ੈਦਾ, ਟਾਹਲੀ, ਤੂਤ, ਕਿਕਰ, ਡੇਕ, ਬਰਮਾ ਛੇਕ, ਸਾਗਵਾਨ, ਸੂਬਾਬੂਲ, ਤੁਣ ਤੇ ਖੇਰ ਦੇ ਬੂਟੇ ਲਗਾਏ ਜਾ ਸਕਦੇ ਹਨ। ਬੂਟੇ ਹਮੇਸ਼ਾ ਰੋਗ ਰਹਿਤ, ਸਹੀ ਉਮਰ ਦੇ ਪੂਰੀਆਂ ਜੜ੍ਹਾਂ ਸਮੇਤ ਗਾਚੀਆਂ ਵਿੱਚ ਹੋਣੇ ਚਾਹੀਦੇ ਹਨ, ਬੂਟੇ ਵਣ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਰਸਰੀ ਤੋਂ ਲੈਣੇ ਚਾਹੀਦੇ ਹਨ। ਇਨ੍ਹਾਂ ਨੂੰ ਵਣ ਖੇਤੀ ਦੇ ਰੂਪ ਵਿਚ ਵੀ ਲਗਾਇਆ ਜਾ ਸਕਦਾ ਹੈ। ਪਹਿਲੇ ਕਈ ਸਾਲ ਇਨ੍ਹਾਂ ਵਿਚ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਵਣ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਿਤ ਮਾਹਿਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ।
ਹੁਣ ਵੀ ਸ਼ਿੰਗਾਰ ਰੁੱਖ, ਵੇਲਾਂ, ਝਾੜੀਆਂ ਅਤੇ ਫ਼ੁਲ ਬੂਟੇ ਲਗਾਏ ਜਾ ਸਕਦੇ ਹਨ। ਜਿਹੜੇ ਸਜਾਵਟੀ ਬੂਟੇ ਹੁਣ ਲਗਾਏ ਜਾ ਸਕਦੇ ਹਨ ਉਨ੍ਹਾਂ ਵਿੱਚ ਅਸਟ੍ਰੇਲੀਅਨ ਕਿੱਕਰ, ਪਿਲਕਣ, ਮੈਕਸੀਕਨ ਸਿੰਬਲ, ਕੁਈਨ ਫ਼ਲਾਵਰ, ਅਜਰਨ, ਸੁਖਚੈਨ, ਜੋੜ ਤੋੜ ਤੇ ਕਨਕ ਚੰਪਾ ਪ੍ਰਮੁੱਖ ਹਨ। ਕੰਧਾਂ ਅਤੇ ਵਾੜਾਂ ਉਤੇ ਸਜਾਵਟੀ ਵੇਲਾਂ ਨੂੰ ਝੜਾਇਆ ਜਾ ਸਕਦਾ ਹੈ। ਲਸਣ ਵੇਲ, ਪੀਲੀ ਚਮੇਲੀ, ਝੁਮਕਾ ਵੇਲ ਅਤੇ ਗੋਲਡਨ ਸ਼ਾਵਰ ਕੁਝ ਵੇਲਾਂ ਹਨ ਜਿਨ੍ਹਾਂ ਨਾਲ ਘਰਾਂ ਦੇ ਚੌਗਿਰਦੇ ਨੂੰ ਅਤੇ ਬੰਬੀ ਲਾਗਲੀ ਥਾਂ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਇਸ ਤਰ੍ਹਾਂ ਬੰਬੀ ਦੇ ਲਾਗੇ ਅਤੇ ਕੰਧਾਂ ਦੇ ਨਾਲ ਸਜਾਵਟੀ ਝਾੜੀਆਂ ਨੂੰ ਲਗਾਇਆ ਜਾ ਸਕਦਾ ਹੈ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|