ਅੱਪਡੇਟ ਵੇਰਵਾ

3833-vadi.jpg
ਦੁਆਰਾ ਪੋਸਟ ਕੀਤਾ ਡਾ. ਰਣਜੀਤ ਸਿੰਘ
2018-04-04 04:59:54

ਰੁੱਤ ਵਾਢੀਆਂ ਕਰਨ ਦੀ ਆਈ…

ਹੁਣ ਮੌਸਮ ਬਦਲ ਗਿਆ ਹੈ। ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਕਈ ਥਾਈਂ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕਣਕ ਵੱਢ ਕੇ ਪਛਮੀਂ ਜ਼ਿਲ੍ਹਿਆਂ ਵਿੱਚ ਨਰਮੇ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਾਢੀ ਪਿੱਛੋਂ ਖੇਤ ਨੂੰ ਭਰਵੀਂ ਰੌਣੀ ਦੇ ਕੇ ਤਿਆਰ ਕਰੋ। ਅਮਰੀਕਨ ਕਪਾਹ ਜਿਸ ਨੂੰ ਨਰਮਾ ਆਖਦੇ ਹਾਂ ਇਸ ਦੀ ਕਾਸ਼ਤ ਪਛਮੀਂ ਜ਼ਿਲ੍ਹਿਆਂ ਵਿੱਚ ਹੁੰਦੀ ਹੈ ਜਦੋਂਕਿ ਕਪਾਹ ਤਾਂ ਥੋੜ੍ਹੀ ਬਹੁਤ ਸਾਰੇ ਪੰਜਾਬ ਵਿੱਚ ਹੀ ਬੀਜੀ ਜਾਂਦੀ ਹੈ। ਅਮਰੀਕਨ ਸੁੰਡੀ ਦੇ ਹਮਲੇ ਤੋਂ ਡਰਦੇ ਹੁਣ ਬਹੁਤੇ ਕਿਸਾਨ ਬੀਟੀ ਨਰਮੇ ਦੀਆਂ ਕਿਸਮਾਂ ਹੀ ਬੀਜਦੇ ਹਨ। ਇਹ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ। ਬੀਜ ਹਮੇਸ਼ਾ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰੋ। ਹਮੇਸ਼ਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ।

ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਨੇ ਬੀਟੀ ਨਰਮੇ ਦੀ ਕਿਸਮ ਤਿਆਰ ਕਰ ਲਈ ਹੈ। ਪੰਜਾਬ ਬੀਟੀ-1 ਕਿਸਮ ਇਸ ਵਾਰ ਕਾਸ਼ਤ ਲਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਬੀਟੀ ਕਿਸਮਾਂ ਦੀ ਸਿਫ਼ਾਰਸ਼ ਵੀ ਕੀਤੀ ਜਾ ਰਹੀ ਹੈ। ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ। ਇਨ੍ਹਾਂ ਦਾ ਪ੍ਰਤੀ ਏਕੜ ਕੇਵਲ 900 ਗ੍ਰਾਮ ਬੀਜ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਇੱਕ ਦੋਗਲੀ ਕਿਸਮ ਐਲ ਐਚ ਐਚ 144 ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਪ੍ਰਤੀ ਏਕੜ ਡੇਢ ਕਿਲੋ ਬੀਜ ਚਾਹੀਦਾ ਹੈ। ਇਨ੍ਹਾਂ ਤੋਂ ਬਗੈਰ ਐਫ 2228, ਐਫ 2383, ਐਲ ਐਚ 2108 ਅਤੇ ਐਲ ਐਚ 2076 ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਦਾ ਪ੍ਰਤੀ ਏਕੜ 3½ ਕਿਲੋ ਬੀਜ ਚਾਹੀਦਾ ਹੈ। ਜੇਕਰ ਐਫ 2383 ਕਿਸਮ ਬੀਜਣੀ ਹੈ ਤਾਂ ਇਸ ਦਾ 6 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।

ਨਰਮੇ ਉੱਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਕਰਕੇ ਖੇਤ ਵਿੱਚ ਗੇੜਾਂ ਮਾਰਦੇ ਰਹਿਣਾ ਚਾਹੀਦਾ ਹੈ। ਜਦੋਂ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਮਾਹਿਰਾਂ ਨਾਲ ਸੰਪਰਕ ਕਰੋ। ਉਨ੍ਹਾਂ ਵੱਲੋਂ ਸਿਫ਼ਾਰਸ਼ ਕੀਤੀ ਜ਼ਹਿਰ ਅਤੇ ਛਿੜਕਾਅ ਦੇ ਢੰਗ ਤਰੀਕੇ ਅਨੁਸਾਰ ਹੀ ਛਿੜਕਾਅ ਕੀਤਾ ਜਾਵੇ।

ਦੇਸੀ ਕਪਾਹ ਨੂੰ ਖ਼ਾਸ ਕਰਕੇ ਘਰ ਦੀ ਵਰਤੋਂ ਲਈ ਇਸ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਇਸ ਉੱਤੇ ਕੀੜਿਆਂ ਦਾ ਹਮਲਾ ਵੀ ਘਟ ਹੁੰਦਾ ਹੈ। ਐਫ਼ ਡੀ ਕੇ 124, ਐਲ ਡੀ 949, ਐਲ ਡੀ 327 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਵਾਰ ਇੱਕ ਨਵੀਂ ਕਿਸਮ ਐਲ ਡੀ 1019 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਤਿੰਨ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਨਰਮੇ ਅਤੇ ਕਪਾਹ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 67.7 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਵੋ। ਆਮ ਕਿਸਮਾਂ ਲਈ 65 ਕਿਲੋ ਯੂਰੀਆ ਅਤੇ ਬੀ ਟੀ ਕਿਸਾਨਾਂ ਲਈ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਅੱਧਾ ਯੂਰੀਆ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਦਾ ਹਿੱਸਾ ਫੁੱਲ ਖਿੜਣ ਸਮੇਂ ਪਾਵੋ। ਸਿਫ਼ਾਰਸ਼ ਤੋਂ ਵੱਧ ਨਾਈਟ੍ਰਰੋਜਨ ਵਾਲੀ ਖਾਦ ਨਹੀਂ ਪਾਉਣੀ ਚਾਹੀਦੀ। ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਦੋ ਜਾਂ ਤਿੰਨ ਗੋਡੀਆਂ ਕਰੋ। ਬਾਗ਼ਾਂ ਦੇ ਅੰਦਰ ਜਾਂ ਨੇੜੇ ਨਰਮੇ ਦੀ ਬਿਜਾਈ ਨਹੀਂ ਕਰਨੀ ਚਾਹੀਦੀ।

ਪੰਜਾਬ ਵਿੱਚ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ। ਖੇਤੀ ਦੇ ਨਾਲ ਪਸ਼ੂ ਰੱਖ ਕੇ ਆਮਦਨ ਵਿੱਚ ਵਾਧਾ ਹੁੰਦਾ ਹੈ, ਕੰਮ ਵਿੱਚ ਵਾਧਾ ਹੁੰਦਾ ਹੈ ਅਤੇ ਖੇਤਾਂ ਲਈ ਰੂੜੀ ਪ੍ਰਾਪਤ ਹੁੰਦੀ ਹੈ। ਸਾਡੇ ਸੂਬੇ ਵਿੱਚ ਪਸ਼ੂ ਬਾਕੀ ਸੂਬਿਆਂ ਨਾਲੋਂ ਵੱਧ ਦੁੱਧ ਦਿੰਦੇ ਹਨ ਕਿਉਂਕਿ ਇੱਥੇ ਸਾਰਾ ਸਾਲ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਦੇਸ਼ ਦੇ ਦੁਧਾਰੂ ਪਸ਼ੂਆਂ ਦਾ ਕੋਈ ਦੋ ਫ਼ੀਸਦੀ ਹੈ ਜਦੋਂਕਿ ਇੱਥੇ ਦੁੱਧ ਦੇਸ਼ ਦੇ ਕੁੱਲ ਉਤਪਾਦਨ ਦਾ ਅੱਠ ਫ਼ੀਸਦੀ ਹੈ। ਗਰਮੀਆਂ ਦੇ ਚਾਰਿਆਂ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਜੇ ਲੋੜ ਅਨੁਸਾਰ ਪਸ਼ੂਆਂ ਨੂੰ ਪੂਰਾ ਚਾਰਾ ਪਾਇਆ ਜਾਵੇ ਤਾਂ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋ ਸਕਦਾ ਹੈ। ਹੁਣ ਮੱਕੀ, ਚਰ੍ਹੀ, ਵਧੇਰੇ ਲੌ ਦੇਣ ਵਾਲੀ ਚਰ੍ਹੀ, ਬਾਜਰਾ, ਦੋਗਲਾ ਨੇਪੀਅਰ ਬਾਜਰਾ, ਗਿੰਨੀ ਘਾਹ ਅਤੇ ਰਵਾਂਹ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਮੱਕੀ, ਚਰ੍ਹੀ ਜਾਂ ਬਾਜਰੇ ਵਿੱਚ ਰਵਾਂਹ ਰਲਾ ਕੇ ਬੀਜੇ ਜਾਣ ਤਾਂ ਚਾਰਾ ਵਧੇਰੇ ਪੌਸ਼ਟਿਕ ਹੋ ਜਾਂਦਾ ਹੈ।

ਮੱਕੀ ਦੀ ਜੇ 1006 ਕਿਸਮ ਬੀਜੀ ਜਾਵੇ ਇਸ ਦਾ ਇੱਕ ਏਕੜ ਵਿਚ 30 ਕਿਲੋ ਬੀਜ ਪਾਉਣਾ ਚਾਹੀਦਾ ਹੈ। ਚਰ੍ਹੀ ਲਈ ਐਸ ਐਲ 44 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ, ਇਸ ਦਾ ਪ੍ਰਤੀ ਏਕੜ 25 ਕਿਲੋ ਬੀਜ ਚਾਹੀਦਾ ਹੈ। ਪੰਜਾਬ ਸੂਡੈਕਸ ਚਰ੍ਹੀ 4 ਅਤੇ ਪੰਜਾਬ ਸੂਡੈਕਸ ਚਰ੍ਹੀ 1 ਵਧੇਰੇ ਲੌ ਦੇਣ ਵਾਲੀਆਂ ਚਰ੍ਹੀ ਦੀਆਂ ਕਿਸਮਾਂ ਹਨ। ਇੱਕ ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਇਨ੍ਹਾਂ ਤੋਂ ਘੱਟੋ-ਘੱਟ ਤਿੰਨ ਲੌ ਪ੍ਰਾਪਤ ਹੋ ਜਾਂਦੇ ਹਨ ਅਤੇ 480 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਪ੍ਰਾਪਤ ਹੋ ਜਾਂਦਾ ਹੈ। ਬਾਜਰੇ ਦੀਆਂ ਪੀ ਐਚ ਬੀ ਐਫ਼ 1, ਪੀ ਸੀ ਬੀ 164 ਅਤੇ ਐਫ਼ ਬੀ ਸੀ 16 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਕ ਏਕੜ ਲਈ 8 ਕਿਲੋ ਬੀਜ ਚਾਹੀਦਾ ਹੈ।

ਦੋਗਲਾ ਨੇਪੀਅਰ ਬਾਜਰਾ ਇੱਕ ਵਾਰ ਲਗਾ ਕੇ ਦੋ-ਤਿੰਨ ਸਾਲ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਲੁਆਈ ਜੜ੍ਹਾਂ ਜਾਂ ਕਲਮਾਂ ਰਾਹੀਂ ਕੀਤੀ ਜਾਂਦੀ ਹੈ। ਜੜ੍ਹਾਂ 30 ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ ਦੋ ਜਾਂ ਤਿੰਨ ਗੰਢਾਂ ਹੋਣੀਆਂ ਚਾਹੀਦੀਆਂ ਹਨ। ਇੱਕ ਏਕੜ ਲਈ ਕੋਈ 11,000 ਜੜ੍ਹਾਂ ਜਾਂ ਕਲਮਾਂ ਦੀ ਲੋੜ ਪੈਂਦੀ ਹੈ। ਪੀ ਬੀ ਐਨ 346, ਪੀ ਬੀ ਐਨ 233 ਅਤੇ ਪੀ ਬੀ ਐਨ 83 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਏਕੜ ਦੀ ਬਿਜਾਈ ਲਈ ਅੱਠ ਕਿਲੋ ਬੀਜ ਦੀ ਵਰਤੋਂ ਕਰੋ। ਰਵਾਂਹ ਫਲੀਦਾਰ ਚਾਰਾ ਹੋਣ ਕਰਕੇ ਵਧੇਰੇ ਪੌਸ਼ਟਿਕ ਹੁੰਦਾ ਹੈ। ਸੀ ਐਲ 367 ਅਤੇ ਰਵਾਂਹ 363 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਸੀ ਐਲ 367 ਦਾ 12 ਕਿਲੋ ਅਤੇ ਰਵਾਂਹ 88 ਦਾ 25 ਕਿਲੋ ਬੀਜ ਪ੍ਰਤੀ ਏਕੜ ਪਾਵੋ। ਕਣਕ ਤੋਂ ਵਿਹਲੇ ਹੋਏ ਕੁਝ ਰਕਬੇ ਵਿੱਚ ਹਰੇ ਚਾਰੇ ਦੀ ਬਿਜਾਈ ਜ਼ਰੂਰ ਕਰੋ ਤਾਂ ਜੋ ਜੂਨ ਦੀ ਭਰ ਗਰਮੀ ਵਿੱਚ ਪਸ਼ੂਆਂ ਨੂੰ ਹਰਾ ਚਾਰਾ ਮਿਲ ਸਕੇ।

ਪੰਜਾਬ ਵਿੱਚ ਮੂੰਗਫਲੀ ਹੇਠ ਰਕਬਾ ਬਹੁਤ ਘਟ ਗਿਆ ਹੈ ਹੁਣ ਮਸਾਂ ਇੱਕ ਹਜ਼ਾਰ ਹੈਕਟਰ ਵਿੱਚ ਇਸ ਦੀ ਕਾਸ਼ਤ ਹੁੰਦੀ ਹੈ। ਉੱਚੀਆਂ ਤੇ ਰੇਤਲੀਆਂ ਜ਼ਮੀਨਾਂ ਵਿੱਚ ਝੋਨੇ ਦੀ ਥਾਂ ਮੂੰਗਫਲੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਮੂੰਗਫਲੀ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਐਸ ਜੀ 99, ਐਮ 522 ਅਤੇ ਐਸ ਜੀ 84 ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਇਸ ਵਾਰ ਇੱਕ ਨਵੀਂ ਕਿਸਮ ਦੀ ਜੀ 37 ਏ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ 101 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ 12 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਬਿਜਾਈ ਗਿਰੀਆਂ ਨਾਲ ਕੀਤੀ ਜਾਂਦੀ ਹੈ। ਇੱਕ ਏਕੜ ਲਈ ਕੋਈ 40 ਕਿਲੋ ਗਿਰੀਆਂ ਦੀ ਲੋੜ ਪੈਂਦੀ ਹੈ। ਬੀਜਣ ਤੋਂ ਪਹਿਲਾਂ ਗਿਰੀਆਂ ਨੂੰ ਪੰਜ ਗ੍ਰਾਮ ਥੀਰਮ ਪ੍ਰਤੀ ਕਿਲੋ ਜਾਂ ਤਿੰਨ ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋ ਨਾਲ ਸੋਧ ਲਵੋ।