ਅੱਪਡੇਟ ਵੇਰਵਾ

151-jjvi.jpg
ਦੁਆਰਾ ਪੋਸਟ ਕੀਤਾ ਬਲਵਿੰਦਰ ਸਿੰਘ ਢਿੱਲੋਂ/ ਅਜੀਤਪਾਲ ਸਿੰਘ ਧਾਲੀਵਾਲ *ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ। ਸੰਪਰਕ: 94654-20097
2018-11-05 13:52:50

ਜਵੀ ਦੀਆਂ ਉੱਨਤ ਕਿਸਮਾਂ ਤੇ ਬਿਜਾਈ ਦੇ ਢੰਗ

ਹਰੇ ਚਾਰੇ ਡੇਅਰੀ ਦੇ ਧੰਦੇ ਲਈ ਰੀੜ੍ਹ ਦੀ ਹੱਡੀ ਹਨ ਕਿਉਂਕਿ ਹਰੇ ਚਾਰਿਆਂ ਵਿੱਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਬਰਸੀਮ, ਜਵੀ, ਲੂਸਣ, ਸਫਤਲ, ਸੇਂਜੀ, ਰਾਈ ਘਾਹ ਅਤੇ ਸਰ੍ਹੋਂ ਹਾੜ੍ਹੀ ਦੀ ਰੁੱਤ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਹਰੇ ਚਾਰੇ ਦੀਆਂ ਫ਼ਸਲਾਂ ਹਨ। ਜਵੀ ਵਿੱਚ ਬਰਸੀਮ ਤੋਂ ਬਾਅਦ ਸਭ ਤੋਂ ਵੱਧ ਖ਼ੁਰਾਕੀ ਤੱਤ ਹੁੰਦੇ ਹਨ। ਜਵੀ ਨੂੰ ਠੰਢੇ ਜਲਵਾਯੂ ਦੀ ਲੋੜ ਹੁੰਦੀ ਹੈ ਅਤੇ ਫੁੱਲ ਪੈਣ ਸਮੇਂ ਜ਼ਿਆਦਾ ਗਰਮੀ ਇਸ ਫ਼ਸਲ ਲਈ ਨੁਕਸਾਨਦਾਇਕ ਹੈ। ਵਧੇਰੇ ਗਰਮੀ ਨਾਲ ਬੱਲੀਆਂ ਖਾਲੀ ਰਹਿ ਜਾਂਦੀਆਂ ਹਨ ਅਤੇ ਦਾਣਿਆਂ ਦਾ ਝਾੜ ਘਟ ਜਾਂਦਾ ਹੈ। ਜਵੀ ਸੇਮ ਵਾਲੀ ਜ਼ਮੀਨ ਨੂੰ ਛੱਡ ਕੇ ਬਾਕੀ ਸਭ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਕਾਸ਼ਤ ਕਰ ਸਕਦੇ ਹਾਂ।

ਜਵੀ ਦੀਆਂ ਉੱਨਤ ਕਿਸਮਾਂ: ਓ ਐਲ 12, ਓ ਐਲ 11, ਓ ਐਲ 10, ਓ ਐਲ 9, ਕੈਂਟ।

ਜਵੀ ਦੀ ਕਾਸ਼ਤ ਦੇ ਢੰਗ

ਜ਼ਮੀਨ ਦੀ ਤਿਆਰੀ: ਜਵੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ।

ਬੀਜ ਦੀ ਮਾਤਰਾ ਤੇ ਬੀਜਣ ਦਾ ਢੰਗ: ਜਵੀ ਦੀ ਬਿਜਾਈ ਲਈ 25 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬੀਜ ਨੂੰ ਵੀਟਾਵੈਕਸ 75 ਡਬਲਯੂ ਪੀ (ਕਾਰਬੌਕਸਿਨ) ਇਕ ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਬਿਜਾਈ ਦੌਰਾਨ ਕਤਾਰ ਤੋਂ ਕਤਾਰ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ। ਜਵੀ ਦਾ 25 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਦੋ ਪਾਸੀ ਬਿਜਾਈ ਕੀਤੀ ਜਾ ਸਕਦੀ ਹੈ।

ਜਵੀ ਅਤੇ ਰਾਇਆ ਦਾ ਮਿਸ਼ਰਤ ਚਾਰਾ ਲੈਣ ਲਈ ਜਵੀ ਦੀ ਬਿਜਾਈ ਤੋਂ ਬਾਅਦ ਇਸ ਵਿਚ ਇੱਕ ਕਿਲੋ ਰਾਇਆ ਪ੍ਰਤੀ ਏਕੜ ਦਾ ਛਿੱਟਾ ਦੇ ਕੇ ਸੁਹਾਗਾ ਫੇਰੋ। ਇਹ ਮਿਸ਼ਰਤ ਚਾਰਾ ਬਿਜਾਈ ਤੋਂ 55-65 ਦਿਨਾਂ ਬਾਅਦ ਜਿਸ ਵੇਲੇ ਚਾਰੇ ਦੀ ਥੁੜ੍ਹ ਹੁੰਦੀ ਹੈ ਖ਼ੁਰਾਕੀ ਤੱਤਾਂ ਨਾਲ ਭਰਪੂਰ ਵਧੇਰੇ ਚਾਰਾ ਦਿੰਦਾ ਹੈ। ਜਵੀ ਦੀ ਦੂਜੀ ਕਟਾਈ ਚਾਰੇ ਜਾਂ ਬੀਜ ਵਾਸਤੇ ਲਈ ਜਾ ਸਕਦੀ ਹੈ।

ਬਿਨਾਂ ਵਹਾਈ ਬਿਜਾਈ: ਜਵੀ ਦੀ ਬਿਜਾਈ ਬਿਨਾਂ ਵਹਾਏ ਵੀ ਜ਼ੀਰੋ ਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਖੇਤਾਂ ਵਿੱਚ ਨਦੀਨ ਜ਼ਿਆਦਾ ਹੋਣ ਉੱਥੇ ਅੱਧਾ ਲਿਟਰ ਗ੍ਰਾਮੈਕਸੋਨ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਣ ਨਾਲ ਬੀਜਣ ਤੋਂ ਪਹਿਲਾਂ ਉਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ।

ਪੀ ਏ ਯੂ ਹੈਪੀਸੀਡਰ ਨਾਲ ਬਿਜਾਈ: ਪੀ ਏ ਯੂ ਹੈਪੀ ਸੀਡਰ ਦੀ ਸਮੱਰਥਾ ਵਧਾਉਣ ਲਈ ਕੰਬਾਈਨ ਨਾਲ ਕਟਾਈ ਉਪਰੰਤ ਪੂਰੀ ਪਰਾਲੀ ਦਾ ਕੁਤਰਾ ਕਰਨ ਅਤੇ ਇੱਕਸਾਰ ਖਿਲਾਰਨ ਲਈ ‘ਪੀ ਏ ਯੂ ਕਟਰ-ਕਮ ਸਪਰੈਡਰ’ ਨੂੰ ਵਰਤੋਂ। ਇਸ ਢੰਗ ਰਾਹੀਂ ਝੋਨੇ ਦਾ ਸਾਰਾ ਪਰਾਲ ਮੱਲਚ ਦੇ ਰੂਪ ਵਿੱਚ ਸਿਆੜਾਂ ਵਿਚਕਾਰ ਪਿਆ ਰਹਿਣ ਕਰਕੇ ਫ਼ਸਲ ਵਿੱਚ ਨਦੀਨ ਘੱਟ ਉੱਗਦੇ ਹਨ।

ਖਾਦਾਂ ਦੀ ਵਰਤੋਂ: ਜਵੀ ਦੀ ਇੱਕ ਕਟਾਈ ਲੈਣ ਲਈ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬੀਜਣ ਸਮੇਂ ਪਾ ਦਿਓ। ਬਿਜਾਈ ਤੋਂ 30-40 ਦਿਨ ਬਾਅਦ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਹੋਰ ਪਾਓ। ਦੋ ਲੌਅ ਦੇਣ ਵਾਲੀ ਜਵੀ ਦੀ ਪਹਿਲੀ ਕਟਾਈ ਨੂੰ ਇਕ ਕਟਾਈ ਵਾਸਤੇ ਸਿਫ਼ਾਰਸ਼ ਕੀਤੀਆਂ ਖਾਦਾਂ ਪਾਉ ਅਤੇ ਦੂਜੀ ਕਟਾਈ ਲੈਣ ਲਈ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਪ੍ਰਤੀ ਏਕੜ ਜਵੀ ਦੇ ਫੁਟਾਰੇ ਤੋਂ ਬਾਅਦ ਪਾਉ।

ਸਿੰਜਾਈ ਅਤੇ ਨਦੀਨਾਂ ਦੀ ਰੋਕਥਾਮ: ਜਵੀ ਨੂੰ ਰੌਣੀ ਸਣੇ ਤਿੰਨ ਤੋਂ ਚਾਰ ਪਾਣੀ ਕਾਫ਼ੀ ਹੁੰਦੇ ਹਨ। ਇਸ ਫ਼ਸਲ ਨੂੰ ਆਮ ਤੌਰ ’ਤੇ ਗੋਡੀ ਦੀ ਲੋੜ ਨਹੀਂ ਪਰ ਜੇ ਨਦੀਨ ਜ਼ਿਆਦਾ ਹੋ ਜਾਣ ਤਾਂ ਇਕ ਗੋਡੀ ਕਰ ਦੇਣੀ ਚਾਹੀਦੀ ਹੈ।

ਕਟਾਈ: ਜਵੀ ਦੀ ਇੱਕ ਕਟਾਈ ਦੇਣ ਵਾਲੀ ਕਿਸਮ ਗੋਭ ਵਿਚ ਸਿੱਟਾ ਬਣਨ ਤੋਂ ਲੈ ਕੇ ਦੁਧੀਆ ਦਾਣਿਆਂ ਦੀ ਹਾਲਤ ਵਿਚ ਚਾਰੇ ਲਈ ਕੱਟ ਲੈਣੀ ਚਾਹੀਦੀ ਹੈ। ਦੋ ਕਟਾਈਆਂ ਦੇਣ ਵਾਲੀ ਕਿਸਮ ਦੀ ਪਹਿਲੀ ਕਟਾਈ ਬਿਜਾਈ ਤੋਂ 65-70 ਦਿਨਾਂ ਬਾਅਦ ਕਰੋ ਤੇ ਦੂਜੀ ਕਟਾਈ ਗੋਭ ਵਿੱਚ ਕੀਤੀ ਜਾਵੇ।