ਅੱਪਡੇਟ ਵੇਰਵਾ

9306-new_variety_of_vegs.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2020-02-05 16:20:43

ਚਾਰ ਨਵੀਆਂ ਕਿਸਮਾਂ ਅਤੇ ਹੋਰ ਨਵੀਆਂ ਉਤਪਾਦਨ ਤਕਨੀਕਾਂ ਨੂੰ ਰਾਜ ਪੱਧਰੀ ਕਮੇਟੀ ਦੀ ਪ੍ਰਵਾਨਗੀ

ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਰਾਜ ਕਿਸਮ ਪ੍ਰਵਾਨਗੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬਾਗਬਾਨੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਮਿਸ ਸ਼ੈਲੇਂਦਰ ਕੌਰ ਆਈ ਐਫ ਐਸ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਪੀ.ਏ.ਯੂ. ਵੱਲੋਂ ਬੀਤੇ ਸਮੇਂ ਦੌਰਾਨ ਵਿਕਸਿਤ ਕੀਤੀਆਂ ਅਤੇ ਬਾਗਬਾਨੀ ਮਾਹਿਰਾਂ ਦੀ ਵਰਕਸ਼ਾਪ ਵਿੱਚ ਜਾਰੀ ਕੀਤੀਆਂ ਕਿਸਮਾਂ ਨੂੰ ਪ੍ਰਵਾਨ ਕਰ ਲਿਆ ਗਿਆ ।

ਇਹਨਾਂ ਕਿਸਮਾਂ ਵਿੱਚ ਪਿਆਜ਼ ਦੀ ਨਵੀਂ ਕਿਸਮ ਪੀ ਓ ਐਚ 1 ਪ੍ਰਮੁੱਖ ਹੈ। ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ ਅਤੇ ਖੜਵੇਂ ਹੁੰਦੇ ਹਨ। ਗੰਢਿਆਂ ਦਾ ਰੰਗ ਹਲਕਾ ਲਾਲ, ਆਕਾਰ ਵੱਡਾ ਗੋਲ ਅਤੇ ਤੰਗ ਘੰਡੀ ਵਾਲਾ ਹੁੰਦਾ ਹੈ। ਇਹ ਕਿਸਮ ਖੇਤ ਵਿੱਚ ਪਨੀਰੀ ਲਾਉਣ ਤੋਂ ਬਾਅਦ 142 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੋਣ ਕਰਕੇ ਗੰਢੇ ਘੱਟ ਨਿਸਰਦੇ ਹਨ ਅਤੇ ਇਸਦਾ ਔਸਤ ਝਾੜ 221 ਕੁਇੰਟਲ ਪ੍ਰਤੀ ਏਕੜ ਹੈ।

ਇਸ ਤੋਂ ਇਲਾਵਾ ਗਾਜਰ ਦੀ ਨਵੀਂ ਕਿਸਮ ਪੀ ਸੀ 161 ਨੂੰ ਪ੍ਰਵਾਨ ਕਰ ਲਿਆ ਗਿਆ। ਇਸ ਕਿਸਮ ਦੇ ਪੱਤੇ ਗੂੜ੍ਹੇ ਹਰੇ ਅਤੇ ਗਾਜਰਾਂ ਗੂੜ੍ਹੀਆਂ ਲਾਲ ਅਤੇ ਲਗਭਗ 30 ਸੈਂਟੀਮੀਟਰ ਲੰਬਾਈ ਦੀਆਂ ਹੁੰਦੀਆਂ ਹਨ। ਇਸ ਕਿਸਮ ਦੀਆਂ ਗਾਜਰਾਂ ਵਿੱਚ ਜੂਸ ਦੀ ਮਿਕਦਾਰ 575 ਮਿਲੀਲਿਟਰ ਪ੍ਰਤੀ ਕਿੱਲੋ, ਬੀਟਾ ਕੈਰੋਟੀਨ 8.8 ਮਿਲੀਗ੍ਰਾਮ ਪ੍ਰਤੀ 100 ਗ੍ਰਾਮ, ਟੀ ਐਸ ਐਸ 9.5 ਪ੍ਰਤੀਸ਼ਤ ਅਤੇ ਖੰਡ ਦੀ ਮਿਕਦਾਰ 8.75 ਪ੍ਰਤੀਸ਼ਤ ਹੈ। ਇਹ ਦੇਸੀ ਕਿਸਮ ਹੈ ਜੋ ਬਿਜਾਈ ਤੋਂ 90 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੁੰਦੀ ਹੈ ਅਤੇ ਇਸਦਾ ਔਸਤ ਝਾੜ 256 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

ਬੈਂਗਣ ਦੀ ਨਵੀਂ ਕਿਸਮ ਪੰਜਾਬ ਭਰਪੂਰ ਛੋਟੇ ਅਤੇ ਗੋਲ ਬੈਂਗਣਾਂ ਦੇ ਜ਼ਿਆਦਾ ਝਾੜ ਵਾਲੀ ਕਿਸਮ ਹੈ। ਇਸ ਦੇ ਬੂਟੇ ਦਰਮਿਆਨੇ, ਭਰਵੇਂ, ਸਿੱਧੇ ਅਤੇ ਕੰਡਿਆਂ ਤੋਂ ਰਹਿਤ ਹੁੰਦੇ ਹਨ। ਇਹ ਕਿਸਮ ਬੂਟਿਆਂ ਦੇ ਸੋਕਾ ਰੋਗ ਨੂੰ ਸਹਾਰਨ ਦੇ ਸਮਰੱਥ ਹੈ ਅਤੇ ਇਸ ਦਾ ਔਸਤ ਝਾੜ 224 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਕਾਲੀ ਤੋਰੀ ਦੀ ਨਵੀਂ ਕਿਸਮ ਪੰਜਾਬ ਨਿਖਾਰ ਨੂੰ ਵੀ ਰਾਜ ਪੱਧਰੀ ਕਿਸਮ ਪ੍ਰਵਾਨਗੀ ਕਮੇਟੀ ਨੇ ਪ੍ਰਵਾਨ ਕੀਤਾ ਹੈ । ਇਸ ਕਿਸਮ ਦੀਆਂ ਵੇਲਾਂ ਦਰਮਿਆਨੀਆਂ ਲੰਮੀਆਂ ਅਤੇ ਪੱਤੇ ਹਰੇ ਰੰਗ ਦੇ ਅਤੇ ਛੋਟੇ ਹੁੰਦੇ ਹਨ। ਇਸਦੇ ਫ਼ਲ ਲੰਮੇ, ਨਰਮ ਅਤੇ ਫਿੱਕੇ ਹਰੇ ਰੰਗ ਦੇ ਹੁੰਦੇ ਹਨ । ਬੂਟੇ ਲਾਉਣ ਤੋਂ ਬਾਅਦ 43 ਦਿਨਾਂ ਵਿੱਚ ਇਹ ਫ਼ਸਲ ਤੁੜਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੇ ਫ਼ਲ ਦਾ ਔਸਤ ਭਾਰ 110 ਗ੍ਰਾਮ ਅਤੇ ਝਾੜ 82 ਕੁਇੰਟਲ ਪ੍ਰਤੀ ਏਕੜ ਹੈ।

ਇਹਨਾਂ ਕਿਸਮਾਂ ਨੂੰ ਮੀਟਿੰਗ ਵਿੱਚ ਸਮੁੱਚੇ ਗੁਣਾਂ ਸਮੇਤ ਵਿਚਾਰਿਆ ਗਿਆ ਅਤੇ ਪੰਜਾਬ ਰਾਜ ਵਿੱਚ ਬਿਜਾਈ ਲਈ ਸਿਫ਼ਾਰਸ਼ਾਂ ਵਿੱਚ ਸ਼ਾਮਿਲ ਕਰ ਲਿਆ ਗਿਆ।