ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਨੀਂਮ ਪਹਾੜੀ ਇਲਾਕਿਆਂ 'ਚ ਕਣਕ ਦਾ ਸਰਵੇਖਣ ਕਰਨ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਦੇ ਰੋਪੜ ਜ਼ਿਲੇ ਦੇ ਸ਼੍ਰੀ ਆਨੰਦਪੁਰ ਸਾਹਿਬ (ਚੰਦਪੁਰ ਬੇਲਾ, ਉਪਰਲੀ ਡਰੌਲੀ, ਸੰਧੇਵਾਲ, ਡੁਕਲੀ ਅਤੇ ਲੰਗ ਮਜਾਰੀ), ਚਮਕੌਰ ਸਾਹਿਬ (ਫਤਿਹਗੜ ਵੀਰਾਂ), ਪਠਾਨਕੋਟ ਦੇ ਧਾਰ ਕਲਾਂ (ਢੁੰਗ, ਢੱਕੀ ਸੈਦਾ ਅਤੇ ਚੱਕ ਨਰੈਇਣੀ) ਬਲਾਕ 'ਚ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਦਿਆਲ ਅਤੇ ਪਰਾਗਪੁਰ ਪਿੰਡਾਂ 'ਚ ਪੀਲੀ ਕੁੰਗੀ ਦਾ ਹਮਲਾ ਕੁਝ ਕੁ ਖੇਤਾਂ 'ਚ ਸ਼ੁਰੂ ਹੋਇਆ ਹੈ।
ਡਾ. ਨਰਿੰਦਰ ਸਿੰਘ, ਮੁਖੀ, ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਇਸ ਵੇਲੇ ਪੀਲੀ ਕੁੰਗੀ ਦੇ ਵੱਧਣ-ਫੁੱਲਣ ਲਈ ਮੌਸਮ ਬਹੁਤ ਅਨੁਕੂਲ ਚੱਲ ਰਿਹਾ ਹੈ ਅਤੇ ਸਭ ਤੋਂ ਪਹਿਲਾਂ ਪੀਲੀ ਕੁੰਗੀ ਖੇਤ 'ਚ ਧੌੜੀਆਂ 'ਚ ਦਿਖਾਈ ਦਿੰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਣਕ ਦੇ ਖੇਤਾਂ ਦਾ ਸਰਵੇਖਣ ਲਗਾਤਾਰ ਕਰਦੇ ਰਹਿਣ ਅਤੇ ਜਦੋਂ ਹੀ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ (ਪੱਤਿਆਂ ਉਤੇ ਪੀਲੀਆਂ ਧੂੜੇਦਾਰ ਧਾਰੀਆਂ) ਧੌੜੀਆਂ 'ਚ ਦਿਖਾਈ ਦੇਣ ਤਾਂ ਉਨਾਂ ਧੌੜੀਆਂ ਤੇ ਅਤੇ ਆਲੇ-ਦੁਆਲੇ ਦੀ ਫਸਲ ਤੇ ਨਟੀਵੋ (9 ਗ੍ਰਾਮ ਪ੍ਰਤੀ ਢੋਲੀ 15 ਲਿਟਰ ਵਾਲੀ) ਜਾਂ ਟਿਲਟ 25 ਈ. ਸੀ. ਜਾਂ ਸ਼ਾਈਨ 25 ਈ. ਸੀ. ਜਾਂ ਬੰਪਰ 25 ਈ. ਸੀ. ਜਾਂ ਕੰਮਪਾਸ 25 ਈ. ਸੀ. ਜਾਂ ਸਟਿਲਟ 25 ਈ. ਸੀ. ਜਾਂ ਮਾਰਕਜ਼ੋਲ 25 ਈ. ਸੀ. (ਇੱਕ ਮਿ.ਲਿ. ਦਵਾਈ ਇੱਕ ਲਿਟਰ ਪਾਣੀ ਦੇ ਹਿਸਾਬ ਨਾਲ) ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਜੋ ਪੀਲੀ ਕੁੰਗੀ ਦੇ ਵਾਧੇ ਨੂੰ ਉਥੇ ਹੀ ਰੋਕਿਆ ਜਾ ਸਕੇ।
ਉਨਾਂ ਨੇ ਦੱਸਿਆ ਕਿ ਇਸ ਸਮੇਂ ਚੱਲ ਰਿਹਾ ਮੌਸਮ (ਜਿਵੇਂ ਕਿ ਲਗਾਤਾਰ ਬੂੰਦਾਂ-ਬਾਂਦੀ, ਬੱਦਲਵਾਈ, ਮੌਸਮ 'ਚ ਵਧੇਰੇ ਨਮੀਂ) ਕਣਕ ਦੀ ਕਰਨਾਲ ਬੰਟ ਜਿਸ ਨੂੰ ਦਾਣਿਆਂ ਦੀ ਕਾਲਖ ਵੀ ਕਹਿੰਦੇ ਹਨ, ਲਈ ਵੀ ਅਨੁਕੂਲ ਹੈ। ਪਿਛਲੇ ਕੁਝ ਸਾਲਾਂ ਦੇ ਸਰਵੇਖਣਾਂ ਦੇ ਅਧਾਰ ਤੇ ਉਨਾਂ ਦੱਸਿਆ ਕਿ ਇਸ ਬਿਮਾਰੀ ਦੇ ਕਣ ਬੀਜ ਅਤੇ ਮਿੱਟੀ 'ਚ ਮੌਜੂਦ ਹੁੰਦੇ ਹਨ ਜੋ ਹਵਾ ਰਾਹੀਂ ਉਡ ਕੇ ਬਣ ਰਹੇ ਬੀਜ ਤੇ ਸਿੱਧਾ ਹਮਲਾ ਕਰ ਦਿੰਦੇ ਹਨ, ਜਿਸ ਨਾਲ ਦਾਣਿਆਂ ਤੇ ਕਾਲੇ ਰੰਗ ਦਾ ਮਾਦਾ ਪੈਦਾ ਹੋ ਜਾਂਦਾ ਹੈ। ਸਮੇਂ ਸਿਰ ਬੀਜੀ ਫਸਲ ਗੋਭ ਤੇ ਆਉਂਣੀ ਸ਼ੁਰੂ ਹੋ ਚੁੱਕੀ ਹੈ ਅਤੇ ਛੇਤੀ ਹੀ ਇਹ ਫਸਲ ਨਿਸਰਣ ਲੱਗ ਪਵੇਗੀ, ਜੋ ਕਿ ਇਸ ਬਿਮਾਰੀ ਦੇ ਹਮਲੇ ਲਈ ਢੁੱਕਵੀਂ ਅਵਸਥਾ ਹੈ। ਮੌਜੂਦਾ ਚੱਲ ਰਹੇ ਮੌਸਮ ਦੀਆਂ ਹਾਲਤਾਂ ਉਪਰੋਕਤ ਦਰਸਾਈਆ ਢੁੱਕਵੀਂਆਂ ਹਾਲਤਾਂ ਨਾਲ ਮੇਲ ਖਾਂਦੀਆਂ ਹਨ। ਜਦੋਂ ਵੀ ਫਸਲ ਨਿਸਾਰੇ ਤੇ ਆਉਣੀ ਸ਼ੁਰੂ ਹੋ ਜਾਵੇ ਤਾਂ ਸਿਫਾਰਿਸ਼ ਕੀਤਾ ਉਲੀਨਾਸ਼ਕ ਟਿਲਟ 25 ਤਾਕਤ ਨੂੰ 200 ਮਿ. ਲਿ. ਮਾਤਰਾ 200 ਲਿਟਰ ਪਾਣੀ 'ਚ ਪਾ ਕੇ ਕੋਨ ਵਾਲੀ ਨੋਜ਼ਲ ਨਾਲ ਛਿੜਕਾਅ ਕਰਨ ਤਾਂ ਜੋ ਬਿਮਾਰੀ ਰਹਿਤ ਬੀਜ ਪੈਦਾ ਕੀਤਾ ਜਾ ਸਕੇ। ਉਨਾਂ ਨੇ ਜੋਰ ਦੇ ਕੇ ਆਖਿਆ ਕਿ ਜਦੋਂ ਸਾਰੀ ਕਣਕ ਦਾ ਨਿਸਾਰਾ ਹੋ ਜਾਵੇ ਤਾਂ ਉਪਰੋਕਤ ਛਿੜਕਾਅ ਬਹੁਤ ਘੱਟ ਅਸਰਦਾਰ ਰਹਿੰਦਾ ਹੈ। ਇਸ ਲਈ ਫਸਲ ਦੀ ਸਹੀ ਅਵਸਥਾ ਤੇ ਹੀ ਛਿੜਕਾਅ ਕਰਨਾ ਜਰੂਰੀ ਹੈ।
ਸ੍ਰੋਤ: Jagbani
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store