ਮਾਹਰ ਸਲਾਹਕਾਰ ਵੇਰਵਾ

idea99unnamed.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-01 12:53:42

ਪਸ਼ੂ ਢਾਰਿਆਂ ਦਾ ਪ੍ਰਬੰਧ:- ਪਸ਼ੂਆਂ ਲਈ ਢਾਰਿਆਂ ਦੀ ਲੰਬਾਈ ਉੱਤਰ-ਦੱਖਣ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਢਾਰਿਆਂ ਦੇ ਕੋਲ ਛਾਂਦਾਰ ਦਰੱਖਤਾਂ ਨੂੰ ਤਰਜੀਹ ਦਿਉ ਜਿਸ ਨਾਲ ਤੇਜ਼ ਧੁੱਪ ਅਤੇ ਲੂ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ। ਪਸ਼ੂ ਢਾਰੇ ਵਿੱਚ ਗਰਮ ਹਵਾ ਦੇ ਸਿੱਧੇ ਵੇਗ ਨੂੰ ਰੋਕਣ ਲਈ ਬੋਰੀਆਂ ਜਾਂ ਪੱਲੀਆਂ ਦੀ ਵਰਤੋਂ ਕਰੋ ਅਤੇ ਖਿੜਕੀਆਂ 'ਤੇ ਇਨ੍ਹਾਂ ਪੱਲੀਆਂ ਨੂੰ ਗਿੱਲਾ ਕਰ ਕੇ ਟੰਗ ਦਿਉ ਤਾਂ ਜੋ ਢਾਰਿਆਂ ਵਿੱਚ ਠੰਡਕ ਬਣੀ ਰਹੇ। ਪਸ਼ੂ ਘਰਾਂ ਦੀ ਸਮਰੱਥਾ ਦੇ ਮੁਤਾਬਿਕ ਹੀ ਪਸ਼ੂਆਂ ਨੂੰ ਰੱਖਣਾ ਚਾਹੀਦਾ ਹੈ। ਪਸ਼ੂ ਘਰਾਂ ਦੀ ਛੱਤ ਜੇ ਕੰਕਰੀਟ ਜਾਂ ਐਸਬੈਟਸ ਦੀ ਬਣੀ ਹੋਵੇ ਤਾਂ ਉਸਦੇ ਉਪਰ 4-6 ਇੰਚ ਤੱਕ ਘਾਹ ਦੀ ਪਰਤ ਵਿਛਾ ਦੇਣੀ ਚਾਹੀਦੀ ਹੈ। ਗਰਮੀ ਤੋਂ ਬਚਾਉ ਦੇ ਲਈ ਪੱਖੇ, ਕੂਲਰ, ਫੋਗਰ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। 

ਖੁਰਾਕ ਦਾ ਪ੍ਰਬੰਧ:- ਗਰਮੀ ਦੇ ਮੌਸਮ ਵਿੱਚ ਦੁੱਧ ਉਤਪਾਦਨ ਅਤੇ ਪਸ਼ੂਆਂ ਦੀ ਸ਼ਰੀਰਕ ਸ਼ਮਤਾ ਬਣਾਈ ਰੱਖਣ ਦੇ ਲਈ ਪਸ਼ੂ ਖੁਰਾਕ ਦਾ ਮਹੱਤਵਪੂਰਨ ਯੋਗਦਾਨ ਹੈ। ਪਸ਼ੂ ਖੁਰਾਕ ਵਿੱਚ ਗਰਮ ਮੌਸਮ ਵਿੱਚ ਹਰੇ ਚਾਰੇ ਦੀ ਜਿਆਦਾ ਵਰਤੋ ਕਰਨੀ ਚਾਹੀਦੀ ਹੈ। ਇਸ ਵਿੱਚ 70-90 % ਪਾਣੀ ਦੀ ਮਾਤਰਾ ਹੁੰਦੀ ਹੈ ਜਿਸ ਨਾਲ ਪਸ਼ੂਆਂ ਦੀ ਪਾਣੀ ਦੀ ਲੋੜ ਪੂਰੀ ਹੁੰਦੀ ਹੈ। ਗਰਮ ਮੌਸਮ ਵਿੱਚ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਲਈ ਚਾਰੇ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਵਾਸਤੇ ਹੇਅ ਅਤੇ ਸਾਈਲੇਜ ਤਿਆਰ ਕੀਤਾ ਜਾ ਸਕਦਾ ਹੈ। ਸੰਤੁਲਿਤ ਵੰਡ ਦੀ ਵਰਤੋਂ ਕਰੋ ਤਾਂ ਜੋ ਕਿਸੇ ਵੀ ਖੁਰਾਕੀ ਤੱਤ ਦੀ ਘਾਟ ਕਾਰਣ ਪਸ਼ੂ ਦੀ ਸਿਹਤ ਜਾਂ ਉਤਪਾਦਨ ਤੇ ਮਾੜਾ ਅਸਰ ਨਾ ਪਵੇ।

ਪਾਣੀ ਦਾ ਪ੍ਰਬੰਧ:- ਗਰਮੀ ਦੇ ਮੌਸਮ ਵਿੱਚ ਪਸ਼ੂਆਂ ਨੂੰ ਸਾਫ ਸੁਥਰਾ ਪਾਣੀ ਲੋੜ ਮੁਤਾਬਿਕ ਦਿਨ ਵਿੱਚ ਹਰ ਸਮੇਂ ਉਪਲੱਬਧ ਹੋਣਾ ਚਾਹੀਦਾ ਹੈ ਤਾਂ ਜੋ ਪਸ਼ੂ ਦੇ ਸ਼ਰੀਰ ਦਾ ਤਾਪਮਾਨ ਠੀਕ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਪਾਣੀ ਵਿੱਚ ਇਲੈਕਟ੍ਰਲ ਪਾਉਡਰ 50-60 ਗ੍ਰਾਮ ਦੀ ਵਰਤੋ ਵੀ ਕਰਨੀ ਚਾਹੀਦੀ ਹੈ। ਪਸ਼ੂ ਨੂੰ ਦਿਨ ਵਿੱਚ 2-3 ਵਾਰ ਨਵਾਉ। ਦੋਗਲੇ ਪਸ਼ੂਆ ਦੀ ਉਤਪਾਦਨ ਸਮਰੱਥਾ ਬਣਾਈ ਰੱਖਣ ਲਈ ਗਰਮੀਆਂ ਵਿੱਚ ਉਨ੍ਹਾਂ ਲਈ ਖਾਸ ਪ੍ਰਬੰਧ ਬਹੁਤ ਜ਼ਰੂਰੀ ਹੈ।

ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਵਰਤੋ:- ਗਰਮੀ ਦੇ ਮੌਸਮ ਵਿੱਚ ਪਸ਼ੂਆਂ ਨੂੰ ਤਣਾਅ ਤੋਂ ਬਚਾਉਣ ਲਈ ਵਿਟਾਮਿਨ-ਖਣਿਜ ਮਿਸ਼ਰਣ ਦੀ ਵਰਤੋ ਵੱਡੇ ਪਸ਼ੂਆਂ ਵਿੱਚ 30-50 ਗ੍ਰਾਮ ਅਤੇ ਛੋਟੇ ਪਸ਼ੂਆਂ ਵਿੱਚ 15-25 ਗ੍ਰਾਮ ਕਰੋ।

ਸਿਹਤ ਪ੍ਰਬੰਧ:- ਗਰਮ ਮੌਸਮ ਵਿੱਚ ਪਸ਼ੂਆਂ ਦੇ ਬਿਮਾਰ ਹੋਣ ਦੀ ਦਰ ਵੱਧ ਜਾਂਦੀ ਹੈ। ਬਦਹਜਮੀ ਹੋਣਾ, ਲੂ ਲੱਗਣਾ, ਥਨੈਲਾ, ਬਾਹਰੀ ਪਰਜੀਵੀਆਂ ਦਾ ਹਮਲਾ, ਪ੍ਰੋਟੋਜੋਅਲ ਬਿਮਾਰੀਆਂ, ਜੀਵਾਣੂੰ ਅਤੇ ਵਿਸ਼ਾਣੂੰ ਨਾਲ ਹੋਣ ਵਾਲੇ ਰੋਗ ਵੀ ਵੱਧ ਜਾਂਦੇ ਹਨ। ਸੋ ਸਮੇਂ-ਸਮੇਂ 'ਤੇ ਟੀਕਾਕਰਣ ਕਰੋ, ਮਲੱਪਾਂ ਦੀ ਦਵਾਈ ਦਿੰਦੇ ਰਹੋ ਅਤੇ ਚਿੱਚੜੀਆਂ ਤੋਂ ਬਚਾਉ ਲਈ ਅਮਿਤਰਾਜ, ਮੈਲਾਥਿਉਣ ਆਦਿ ਦਵਾਈਆਂ ਦੀ ਵਰਤੋ ਵੀ ਡਾਕਟਰ ਦੀ ਸਲਾਹ ਨਾਲ ਕਰੋ।