ਮਾਹਰ ਸਲਾਹਕਾਰ ਵੇਰਵਾ

idea99collage_grapes.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-27 13:27:15

ਇਹ ਬਿਮਾਰੀਆਂ ਬਰਸਾਤਾਂ ਦੌਰਾਨ ਬਹੁਤ ਜ਼ਿਆਦਾ ਵੱਧਦੀਆਂ ਹਨ ਅਤੇ ਇਸ ਦੇ ਨਤੀਜੇ ਨਾਲ ਸਤੰਬਰ ਤੋਂ ਨਵੰਬਰ ਤੱਕ ਬਹੁਤ ਵੇਲਾਂ ਸੁੱਕ ਜਾਂਦੀਆਂ ਹਨ।

ਅੰਗੂਰਾਂ ਦੀਆਂ ਟਾਹਣੀਆਂ ਸੁੱਕਣ ਦਾ ਰੋਗ/ਪੱਤਿਆਂ ਦੇ ਧੱਬੇ:

  • ਇਸ ਬਿਮਾਰੀ ਨਾਲ ਲਾਲ, ਭੂਰੇ ਤੋਂ ਕਾਲੇ ਰੰਗ ਦੇ ਗੋਲ ਧੱਬੇ ਪੱਤਿਆਂ, ਟਾਹਣੀਆਂ ਅਤੇ ਅੰਗੂਰਾਂ ਦੇ ਗੁੱਛਿਆਂ 'ਤੇ ਨਜ਼ਰ ਆਉਂਦੇ ਹਨ।
  • ਟਾਹਣੀਆਂ 'ਤੇ ਅੰਦਰ ਧੱਸੇ, ਗੂੜ੍ਹੇ ਭੂਰੇ ਰੰਗ ਦੇ ਨਿਸ਼ਾਨ ਪੈ ਜਾਂਦੇ ਹਨ, ਜਿਹਨਾਂ ਕਰਕੇ ਟਾਹਣੀਆਂ ਕਰੂੰਬਲਾਂ ਤੋਂ ਪਿੱਛੇ ਵੱਲ੍ਹ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪੱਤਿਆਂ 'ਤੇ ਧੱਬਿਆਂ ਵਿਚਲਾ ਹਿੱਸਾ ਡਿੱਗ ਜਾਂਦਾ ਹੈ, ਜਿਸ ਕਰਕੇ ਪੱਤਿਆਂ 'ਤੇ ਮੋਰੀਆਂ ਨਜ਼ਰ ਆਉਂਦੀਆਂ ਹਨ।
  • ਰੋਗੀ ਟਾਹਣੀਆਂ 'ਤੇ ਲੱਗੇ ਉੱਲੀ ਦੇ ਟਿਮਕਣੇ ਬਿਮਾਰੀ ਦੇ ਫ਼ੈਲਾਅ ਲਈ ਸਹਾਈ ਹੁੰਦੇ ਹਨ।

ਪੱਤਿਆਂ ਦੇ ਪੀਲੇ ਧੱਬਿਆਂ ਦਾ ਰੋਗ

  • ਪੱਤਿਆਂ ਦੇ ਉੱਪਰਲੇ ਹਿੱਸੇ 'ਤੇ ਹਲਕੇ ਪੀਲੇ ਤੇਲ ਵਰਗੇ ਧੱਬੇ ਨਜ਼ਰ ਆਉਂਦੇ ਹਨ। ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੀ ਉੱਲੀ ਨਜ਼ਰ ਆਉਂਦੀ ਹੈ।
  • ਬਿਮਾਰੀ ਵਾਲੇ ਪੱਤਿਆਂ ਉੱਪਰ ਛੋਟੇ-ਛੋਟੇ ਧੱਬੇ ਬਣ ਜਾਂਦੇ ਹਨ। ਬਾਅਦ ਵਿੱਚ ਇਹ ਚਟਾਖ ਭੂਰੇ ਰੰਗ ਦੇ ਭੁਰਭੁਰੇ ਹੋ ਜਾਂਦੇ ਹਨ। ਪੱਤੇ ਸਮੇਂ ਤੋਂ ਪਹਿਲਾਂ ਝੜ ਜਾਂਦੇ ਹਨ। ਜੇ ਵਾਤਾਵਰਣ ਬਹੁਤ ਅਨੁਕੂਲ ਹੋਵੇ ਤਾਂ ਉੱਲੀ ਸਾਰੇ ਪੱਤੇ ਨੂੰ ਢੱਕ ਦਿੰਦੀ ਹੈ।

ਰੋਕਥਾਮ:

  • ਬਾਗਾਂ ਵਿੱਚ ਸਾਫ਼-ਸਫ਼ਾਈ ਰੱਖ ਕੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਕਰੋ।
  • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਬਰਸਾਤਾਂ ਦੌਰਾਨ ਅੰਗੂਰਾਂ 'ਤੇ ਇਹਨਾਂ ਬਿਮਾਰੀਆਂ ਦਾ ਹਮਲਾ ਘਟਾਇਆ ਜਾ ਸਕੇ, ਇਸ ਲਈ ਮਾਰਚ, ਮਈ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਬੋਰਡੋ ਮਿਸ਼ਰਣ (2:2:250) ਦੇ ਛਿੜਕਾਅ 500 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਦੇ ਰਹੋ।
  • ਇਸ ਤੋਂ ਬਾਅਦ ਅਖੀਰ ਅਗਸਤ ਅਤੇ ਅਖੀਰ ਸਤੰਬਰ ਵਿੱਚ ਬੋਰਡੋ ਮਿਸਰਣ (2:2:250) ਦੇ ਛਿੜਕਾਅ 500 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਪਿੱਛੇ ਕਰੋ।
  • ਅੱਧ ਸਤੰਬਰ ਵਿੱਚ ਸਕੋਰ 25 ਈ ਸੀ 500 ਮਿਲੀਲੀਟਰ ਦਾ ਛਿੜਕਾਅ 500 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।