khushpal pb

ਖੁਸ਼ਪਾਲ ਸਿੰਘ

(ਗੰਨਾ ਪ੍ਰੋਸੈਸਿੰਗ)

ਖੇਤੀ ਦੇ ਨਾਲ-ਨਾਲ ਗੰਨੇ ਤੋਂ ਜ਼ਹਿਰ-ਮੁਕਤ ਗੁੜ-ਸ਼ੱਕਰ ਤਿਆਰ ਕਰਕੇ ਵਧੀਆ ਕਮਾਈ ਕਰ ਕਰਨ ਵਾਲਾ ਕਿਸਾਨ

ਸਾਡੇ ਦੇਸ਼ ਵਿੱਚ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿੱਚ ਰਵਾਇਤੀ ਖੇਤੀ ਦਾ ਰੁਝਾਨ ਜ਼ਿਆਦਾ ਹੈ। ਪਰ ਕੁੱਝ ਕਿਸਾਨ ਅਜਿਹੇ ਵੀ ਹਨ ਜੋ ਸਮੇਂ ਦੇ ਨਾਲ ਬਦਲ ਰਹੇ ਹਨ ਅਤੇ ਖੇਤੀਬਾੜੀ ਦੇ ਕਿੱਤੇ ਨੂੰ ਹੋਰ ਵੀ ਲਾਹੇਵੰਦ ਕਿੱਤਾ ਬਣਾ ਕੇ ਹੋਰਨਾਂ ਕਿਸਾਨਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਇਹ ਕਹਾਣੀ ਵੀ ਇੱਕ ਅਜਿਹੇ ਕਿਸਾਨ ਦੀ ਹੈ ਜਿਸਨੇ ਰਵਾਇਤੀ ਖੇਤੀ ਨਾਲ-ਨਾਲ ਕੁੱਝ ਅਲੱਗ ਕਰਨ ਬਾਰੇ ਸੋਚਿਆ ਅਤੇ ਆਪਣੀ ਮਿਹਨਤ ਤੇ ਲਗਨ ਦੇ ਸਦਕਾ ਆਪਣੀ ਇੱਕ ਅਲੱਗ ਪਹਿਚਾਣ ਬਣਾਈ।

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਨਾਂ ਦੇ ਕਿਸਾਨ ਖੁਸ਼ਪਾਲ ਸਿੰਘ ਦੇ ਪਿਤਾ ਸਰਦਾਰ ਜਿਊਣ ਸਿੰਘ ਜੀ 22 ਏਕੜ ਜ਼ਮੀਨ ‘ਤੇ ਰਵਾਇਤੀ ਖੇਤੀ ਕਰਦੇ ਸਨ। ਕਿਸਾਨੀ ਪਰਿਵਾਰ ਵਿੱਚ ਪੈਦਾ ਹੋਏ ਖੁਸ਼ਪਾਲ ਸਿੰਘ ਦਾ ਵੀ ਖੇਤੀਬਾੜੀ ਵੱਲ ਹੀ ਰੁਝਾਨ ਸੀ। ਪਿਤਾ ਦੇ ਅਚਾਨਕ ਹੋਏ ਦੇਹਾਂਤ ਤੋਂ ਬਾਅਦ ਖੇਤੀਬਾੜੀ ਦੀ ਸਾਰੀ ਜ਼ਿੰਮੇਵਾਰੀ ਖੁਸ਼ਪਾਲ ਜੀ ਦੇ ਸਿਰ ‘ਤੇ ਆ ਗਈ। ਜਦੋਂ ਖੁਸ਼ਪਾਲ ਜੀ ਨੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਹੋਰ ਫ਼ਸਲਾਂ ਜਿਵੇਂ ਕਿ ਸਰ੍ਹੋਂ, ਹਲਦੀ, ਝੋਨਾ, ਬਾਸਮਤੀ, ਆਲੂ, ਮੱਕੀ ਅਤੇ ਗੰਨਾ ਆਦਿ ਦੀ ਖੇਤੀ ਕਰਨੀ ਵੀ ਸ਼ੁਰੂ ਕਰ ਦਿੱਤੀ। ਸਮਾਂ ਬੀਤਣ ‘ਤੇ ਉਹਨਾਂ ਨੇ ਖੇਤੀ ਦੇ ਨਾਲ ਹੀ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਦਾ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ। ਮਧੂ-ਮੱਖੀ ਦੇ ਕੰਮ ਵਿੱਚ ਉਹ ਸ਼ਹਿਦ ਦੀਆਂ ਮੱਖੀਆਂ ਨੂੰ ਰਾਜਸਥਾਨ, ਅਫ਼ਗਾਨਗੜ੍ਹ ਆਦਿ ਇਲਾਕਿਆਂ ਵਿੱਚ ਲੈ ਕੇ ਜਾਂਦੇ ਸਨ, ਪਰ ਕੁੱਝ ਸਮੇਂ ਬਾਅਦ ਕੁੱਝ ਕਾਰਨਾਂ ਕਰਕੇ ਉਨ੍ਹਾਂ ਨੂੰ ਮਧੂ-ਮੱਖੀ ਪਾਲਣ ਦਾ ਧੰਦਾ ਛੱਡਣਾ ਪਿਆ।

ਫਿਰ ਖੁਸ਼ਪਾਲ ਜੀ ਨੇ ਸੋਚਿਆ ਕਿ ਕਿਉਂ ਨਾ ਆਪਣੇ ਖੇਤੀ ਦੇ ਕੰਮ ਦੇ ਨਾਲ ਹੀ ਕੁੱਝ ਅਲੱਗ ਕੀਤਾ ਜਾਵੇ। ਇਸ ਲਈ ਉਹਨਾਂ ਨੇ ਆਪਣੇ ਖੇਤਾਂ ਵਿੱਚ ਗੰਨੇ ਦੀ ਖੇਤੀ ਕਰਨੀ ਸ਼ੁਰੂ ਕੀਤੀ। ਗੰਨੇ ਦੀ ਖੇਤੀ ਬਾਰੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕੇ.ਵੀ.ਕੇ. ਰੌਣੀ (ਪਟਿਆਲਾ) ਤੋਂ ਟ੍ਰੇਨਿੰਗ ਵੀ ਲਈ।

ਹੌਲੀ-ਹੌਲੀ ਉਹਨਾਂ ਨੇ ਗੰਨੇ ਤੋਂ ਗੁੜ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਵੱਲੋਂ ਤਿਆਰ ਕੀਤੇ ਗਏ ਗੁੜ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਣ ਲੱਗਾ। ਲੋਕਾਂ ਦੀ ਮੰਗ ‘ਤੇ ਉਹਨਾਂ ਨੇ ਗੁੜ੍ਹ ਤੋਂ ਸ਼ੱਕਰ ਅਤੇ ਹੋਰ ਉਤਪਾਦ ਤਿਆਰ ਕਰਨੇ ਵੀ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਖੁਸ਼ਪਾਲ ਜੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਗ੍ਰਾਹਕਾਂ ਦੀ ਮੰਗ ਨੂੰ ਪੂਰੀ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਖੁਸ਼ਪਾਲ ਜੀ ਦੀ ਮਿਹਨਤ ਦੇ ਸਦਕਾ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਉਹਨਾਂ ਨੂੰ ਜਾਣਨ ਲੱਗੇ।

ਅਸੀਂ ਗੰਨੇ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਪੀ ਏ ਯੂ ਵੱਲੋਂ ਸਿਫਾਰਿਸ਼ ਮਾਤਰਾ ਅਨੁਸਾਰ ਹੀ ਕਰਦੇ ਹਾਂ ਅਤੇ ਇਸ ਤੋਂ ਤਿਆਰ ਗੁੜ ਪੂਰੀ ਤਰ੍ਹਾਂ ਰਸਾਇਣ-ਮੁਕਤ ਹੁੰਦਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਰੰਗ ਨਹੀਂ ਮਿਲਾਇਆ ਜਾਂਦਾ। – ਖੁਸ਼ਪਾਲ ਸਿੰਘ
ਖੁਸ਼ਪਾਲ ਸਿੰਘ ਜੀ ਦੁਆਰਾ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਸੂਚੀ:
  • ਸਧਾਰਨ ਗੁੜ
  • ਸ਼ੱਕਰ
  • ਸੌਂਫ ਵੱਲ ਗੁੜ
  • ਅਲਸੀ ਦਾ ਚੂਰਾ
  • ਤਿੱਲ ਵਾਲੀ ਟਿੱਕੀ
  • ਡ੍ਰਾਈ-ਫਰੂਟ ਵਾਲਾ ਗੁੜ
  • ਮੇਡੀਕਟੇਡ ਗੁੜ
  • ਅੰਬ ਹਲਦੀ ਗੁੜ

ਆਪਣੇ ਦੁਆਰਾ ਤਿਆਰ ਕੀਤੇ ਇਨ੍ਹਾਂ ਉਤਪਾਦਾਂ ਨੂੰ ਵੇਚਣ ਲਈ ਉਹ ਪਟਿਆਲਾ-ਸੰਗਰੂਰ ਰੋਡ ‘ਤੇ “ਜ਼ਿਮੀਂਦਾਰਾ ਘੁਲਾੜ ਸਰਾਓ ਅਤੇ ਗਿੱਲ” ਦੇ ਨਾਮ ਨਾਲ ਘੁਲਾੜ ਚਲਾ ਰਹੇ ਹਨ। ਦੂਰ-ਦੂਰ ਤੋਂ ਲੋਕ ਉਹਨਾਂ ਤੋਂ ਗੁੜ ਅਤੇ ਹੋਰ ਉਤਪਾਦ ਖਰੀਦਣ ਲਈ ਆਉਂਦੇ ਹਨ।

ਉਨ੍ਹਾਂ ਦੇ ਬਹੁਤ ਸਾਰੇ ਗ੍ਰਾਹਕ ਉਹਨਾਂ ਤੋਂ ਆਪਣੀ ਮੰਗ ਦੇ ਆਧਾਰ ਤੇ ਵੀ ਗੁੜ ਤਿਆਰ ਕਰਵਾਉਂਦੇ ਹਨ। ਘੁਲਾੜ ਤੋਂ ਇਲਾਵਾ ਉਹ ਕਿਸਾਨ ਮੇਲਿਆਂ ਵਿੱਚ ਵੀ ਆਪਣਾ ਸਟਾਲ ਲਗਾਉਂਦੇ ਹਨ ਅਤੇ ਗ੍ਰਾਹਕਾਂ ਤੋਂ ਮਿਲ ਰਿਹਾ ਭਰਵਾਂ ਹੁੰਗਾਰਾ ਉਨ੍ਹਾਂ ਨੂੰ ਹੋਰ ਵੀ ਵਧੀਆ ਕੁਆਲਿਟੀ ਦੇ ਉਤਪਾਦ ਤਿਆਰ ਕਰਨ ਲਈ ਪ੍ਰੇਰਿਤ ਕਰਦਾ ਹੈ।

ਇਸ ਪੂਰੇ ਕਾਰੋਬਾਰ ਵਿੱਚ ਖੁਸ਼ਪਾਲ ਜੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ, ਜਿਨ੍ਹਾਂ ਵਿੱਚੋਂ ਉਨ੍ਹਾਂ ਦਾ ਭਰਾ ਹਰਬਖ਼ਸ਼ ਸਿੰਘ ਹਰ ਸਮੇਂ ਉਨ੍ਹਾਂ ਨਾਲ ਮੋਢਾ ਜੋੜ ਕੇ ਖੜ੍ਹਾ ਹੁੰਦਾ ਹੈ।

ਸਾਡੀ ਘੁਲਾੜ ਤੇ ਆ ਕੇ ਕੋਈ ਵੀ ਆਪਣੀ ਪਸੰਦ ਅਤੇ ਮੰਗ ਦੇ ਆਧਾਰ ਤੇ ਕੋਲ ਖੜ੍ਹਾ ਹੋ ਕੇ ਗੁੜ ਤਿਆਰ ਕਰਵਾ ਸਕਦਾ ਹੈ। – ਖੁਸ਼ਪਾਲ ਸਿੰਘ
ਭਵਿੱਖ ਦੀ ਯੋਜਨਾ

ਖੁਸ਼ਪਾਲ ਜੀ ਭਵਿੱਖ ਵਿੱਚ ਆਪਣੇ ਉਤਪਾਦਾਂ ਦੀ ਸੂਚੀ ਹੋਰ ਵੱਡੀ ਕਰਨਾ ਚਾਹੁੰਦੇ ਹਨ ਅਤੇ ਵਧੀਆ ਪੈਕਿੰਗ ਦੁਆਰਾ ਮਾਰਕਿਟ ਵਿੱਚ ਉਤਾਰਨਾ ਚਾਹੁੰਦੇ ਹਨ।

ਸੰਦੇਸ਼
“ਨੌਜਵਾਨਾਂ ਨੂੰ ਪੜ੍ਹ-ਲਿਖ ਕੇ ਨੌਕਰੀ ਕਰਨ ਦੇ ਨਾਲ-ਨਾਲ ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ ਸਹਿਯੋਗ ਦੇਣਾ ਚਾਹੀਦਾ ਹੈ। ਸਾਨੂੰ ਇਸ ਸੋਚ ਨੂੰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿ ਖੇਤੀਬਾੜੀ ਪਿੱਛੜੇ ਵਰਗ ਦਾ ਕਿੱਤਾ ਹੈ। ਅੱਜ-ਕੱਲ੍ਹ ਬਹੁਤ ਸਾਰੇ ਨੌਜਵਾਨ ਖੇਤੀਬਾੜੀ ਵਿੱਚ ਵੀ ਨਾਮ ਕਮਾ ਰਹੇ ਹਨ। ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਮੰਡੀਕਰਨ ਵੀ ਆਪ ਕਰਨਾ ਚਾਹੀਦਾ ਹੈ।”