harjeet-singh-pa

ਹਰਜੀਤ ਸਿੰਘ ਬਰਾੜ

(ਬਾਗਬਾਨੀ, ਕਿੰਨੂੰ)

ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਇਸ ਸਿਟਰੱਸ ਏਸਟੇਟ ਦੇ ਮਾਲਕ ਨੇ ਸਭ ਤੋਂ ਵਧੀਆ ਕਿੰਨੂਆਂ ਦੇ ਉਤਪਾਦਨ ਵਿੱਚ ਸਫ਼ਲ ਬਣੇ ਰਹਿਣ ਲਈ ਆਪਣਾ ਇੱਕ ਨਵਾਂ ਤਰੀਕਾ ਲੱਭਿਆ

ਫਸਲ ਖਰਾਬ ਹੋਣਾ, ਕੀੜੇ/ਮਕੌੜਿਆਂ ਦਾ ਹਮਲਾ, ਬਾਰਾਨੀ ਜ਼ਮੀਨ, ਆਰਥਿਕ ਹਾਲਾਤ ਕੁੱਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜੋ ਕਿਸਾਨਾਂ ਨੂੰ ਕਦੀ-ਕਦੀ ਬੇਵੱਸ ਅਤੇ ਅਪਾਹਿਜ ਬਣਾ ਦਿੰਦੀਆਂ ਹਨ ਅਤੇ ਇਹ ਹਾਲਾਤ ਕਿਸਾਨਾਂ ਨੂੰ ਆਤਮ-ਹੱਤਿਆ, ਭੁੱਖ-ਮਰੀ ਅਤੇ ਅਨਪੜ੍ਹਤਾ ਵੱਲ ਲੈ ਜਾਂਦੇ ਹਨ। ਪਰ ਕੁੱਝ ਕਿਸਾਨ ਇੰਨੀ ਅਸਾਨੀ ਨਾਲ ਆਪਣੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਆਪਣੀ ਇੱਛਾ ਸ਼ਕਤੀ ਅਤੇ ਯਤਨਾਂ ਨਾਲ ਆਪਣੇ ਹਾਲਾਤਾਂ ‘ਤੇ ਕਾਬੂ ਪਾਉਂਦੇ ਹਨ। ਡੇਲਿਆਂਵਾਲੀ ਪਿੰਡ ਫਰੀਦਕੋਟ ਤੋਂ ਅਜਿਹੇ ਹੀ ਇੱਕ ਕਿਸਾਨ ਹਨ, ਜਿਨ੍ਹਾਂ ਦੀ ਪ੍ਰਸਿੱਧੀ ਕਿੰਨੂ ਦੀ ਖੇਤੀ ਦੇ ਖੇਤਰ ਵਿੱਚ ਪ੍ਰਸਿੱਧ ਹੈ।

ਸ. ਬਰਾੜ ਜੀ ਨੂੰ ਕਿੰਨੂ ਦੀ ਖੇਤੀ ਕਰਨ ਦੀ ਪ੍ਰੇਰਨਾ ਅਬੁਲ ਖੁਰਾਨਾ ਪਿੰਡ ਵਿੱਚ ਰਹਿੰਦੇ ਸ. ਬਲਵਿੰਦਰ ਸਿੰਘ ਟੀਕਾ ਦੇ ਬਾਗ ਦਾ ਦੌਰਾ ਕਰਨ ਨਾਲ ਮਿਲੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਈ ਸਮੱਸਿਆਵਾਂ ਜਿਵੇਂ ਕਿ ਸਿਟਰਸ ਸਿੱਲਾ, ਪੱਤੇ ਦੇ ਸੁਰੰਗੀ ਕੀਟ ਅਤੇ ਬਿਮਾਰੀਆਂ ਜਿਵੇਂ ਕਿ ਫਾਇਟੋਪਥੇਰਾ, ਜੜ੍ਹ ਗਲਣ ਆਦਿ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਆਪਣੇ ਕਦਮ ਕਦੇ ਪਿੱਛੇ ਲਏ ਅਤੇ ਨਾ ਹੀ ਆਪਣੇ ਕਿੰਨੂ ਦੀ ਖੇਤੀ ਦੇ ਫ਼ੈਸਲੇ ਤੋਂ ਨਿਰਾਸ਼ ਹੋਏ। ਬਲਕਿ ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਬਾਗ ਦਾ ਵਿਸਤਾਰ 6 ਏਕੜ ਤੋਂ 70 ਏਕੜ ਤੱਕ ਕਰ ਦਿਖਾਇਆ।

ਬਾਗ ਦੀ ਉਤਪਾਦਕਤਾ ਵਧਾਉਣ ਲਈ, ਉਨ੍ਹਾਂ ਨੇ ਉੱਚ ਘਣਤਾ ਵਾਲੀ ਖੇਤੀ ਦੀ ਤਕਨੀਕ ਨੂੰ ਲਾਗੂ ਕੀਤਾ। ਕਿੰਨੂ ਦੀ ਖੇਤੀ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਪੂਰੀ ਨਿਰਪੱਖਤਾ ਅਤੇ ਉਤਸੁਕਤਾ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਆਪਣੇ ਉੱਦਮ ਨਾਲ ਜ਼ਿਆਦਾ ਲਾਭ ਕਮਾਉਣਾ ਸ਼ੁਰੂ ਕੀਤਾ।

ਆਪਣੀ ਖੇਤੀਬਾੜੀ ਦੇ ਕੌਸ਼ਲ ਵਿੱਚ ਚਮਕ ਲਿਆਉਣ ਲਈ ਅਤੇ ਇਸ ਨੂੰ ਬਿਹਤਰ ਪੇਸ਼ੇਵਰ ਸਪਰਸ਼ ਦੇਣ ਲਈ ਉਨ੍ਹਾਂ ਨੇ ਪੀ.ਏ.ਯੂ., ਕੇ.ਵੀ.ਕੇ ਫਰੀਦਕੋਟ ਅਤੇ ਬਾਗਬਾਨੀ ਦੇ ਵਿਭਾਗ ਤੋਂ ਟ੍ਰੇਨਿੰਗ ਲਈ।

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਨੂੰਨ:

ਉਹ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਹੁਤ ਹੀ ਉਤਸ਼ਾਹੀ ਹਨ, ਉਹ ਹਮੇਸ਼ਾ ਉਨ੍ਹਾਂ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਰਾਹੀਂ ਉਹ ਸਾਧਨਾਂ ਨੂੰ ਬਚਾ ਸਕਦੇ ਹਨ। ਪੀ.ਏ.ਯੂ. ਦੇ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕੀਤੀ ਅਤੇ 42 ਲੱਖ ਲੀਟਰ ਪਾਣੀ ਦਾ ਸਟੋਰੇਜ ਟੈਂਕ ਬਣਾਇਆ, ਜਿੱਥੇ ਉਹ ਨਹਿਰ ਦਾ ਪਾਣੀ ਸਟੋਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਜੀ ਊਰਜਾ ਦੀ ਸੁਰੱਖਿਆ ਲਈ ਸੂਰਜੀ ਪੈਨਲ ਵਿੱਚ ਵੀ ਨਿਵੇਸ਼ ਕੀਤਾ। ਤਾਂ ਕਿ ਇਸ ਦੀ ਵਰਤੋਂ ਨਾਲ ਉਹ ਸਟੋਰ ਕੀਤੇ ਹੋਏ ਪਾਣੀ ਨੂੰ ਆਪਣੇ ਬਗ਼ੀਚਿਆਂ ਤੱਕ ਪਹੁੰਚਾ ਸਕਣ। ਉਨ੍ਹਾਂ ਨੇ ਜ਼ਿਆਦਾ ਗਰਮੀ ਦੇ ਮਹੀਨਿਆਂ ਦੇ ਦੌਰਾਨ ਮਿੱਟੀ ਵਿੱਚ ਨਮੀਂ ਦੀ ਸੁਰੱਖਿਆ ਦੇ ਲਈ ਮਲਚਿੰਗ ਵੀ ਕੀਤੀ।

ਉਹ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਨ। ਉਨ੍ਹਾਂ ਨੇ ਕਿੰਨੂ ਦੀ ਖੇਤੀ ਲਈ ਲਗਭਗ 20×10 ਮੀਟਰ ਅਤੇ 20×15 ਮੀਟਰ ਮਿੱਟੀ ਦੇ ਬੈੱਡ ਤਿਆਰ ਕੀਤੇ ਹਨ।

ਉਹ ਕਿਵੇਂ ਕਰਦੇ ਹਨ ਕੀੜਿਆਂ ਦਾ ਪ੍ਰਬੰਧਨ..
ਸਿਟਰਸ ਸਿੱਲਾ, ਚਿੱਟੀ ਮੱਖੀ ਅਤੇ ਪੱਤਿਆਂ ਦੇ ਸੁਰੰਗੀ ਹਮਲੇ ਨੂੰ ਰੋਕਣ ਲਈ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੇਸੀ ਐਰੋਬਲਾਸਟ ਸਪਰੇਅ ਪੰਪ ਲਾਗੂ ਕੀਤਾ ਹੈ, ਜਿਸ ਦੀ ਮਦਦ ਨਾਲ ਉਹ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦੀ ਬਰਾਬਰ ਸਪਰੇਅ ਕਰ ਸਕਦੇ ਹਨ।

ਆਵਿਸ਼ਕਾਰੀ ਰੁਝਾਨ ਨੂੰ ਅਪਣਾਉਣਾ …
ਜਦੋਂ ਵੀ ਉਨ੍ਹਾਂ ਨੂੰ ਕੋਈ ਨਵੀਂ ਵਿਚਾਰਧਾਰਾ ਜਾਂ ਤਕਨੀਕ ਅਪਣਾਉਣ ਦਾ ਮੌਕਾ ਮਿਲਦਾ ਹੈ, ਤਾਂ ਉਹ ਕਦੀ ਵੀ ਉਸ ਨੂੰ ਨਹੀਂ ਗਵਾਉਂਦੇ। ਇੱਕ ਵਾਰ ਉਨ੍ਹਾਂ ਨੇ ਗੁਰਰਾਜ ਸਿੰਘ ਵਿਰਕ- ਜੋ ਇੱਕ ਪ੍ਰਸਿੱਧ ਬਾਗਬਾਨੀ ਕਿਸਾਨ ਹਨ, ਤੋਂ ਇੱਕ ਨਵਾਂ ਵਿਚਾਰ ਲਿਆ ਅਤੇ ਘੱਟ ਲਾਗਤ ਵਾਲੀ ਕਿੰਨੂ ਕਲੀਨਿੰਗ ਕਮ ਗ੍ਰੇਡਿੰਗ (ਕਿੰਨੂ ਸਾਫ਼ ਕਰਨ ਵਾਲੀ ਅਤੇ ਛਾਂਟਨ ਵਾਲੀ) ਮਸ਼ੀਨ (ਜਿਸਦੀ ਸਮਰੱਥਾ 2 ਟਨ ਪ੍ਰਤੀ ਘੰਟਾ ਹੈ) ਡਿਜ਼ਾਈਨ ਕੀਤੀ ਅਤੇ ਹੁਣ 2 ਟਨ ਫਲਾਂ ਦੀ ਸਫ਼ਾਈ ਅਤੇ ਛਾਂਟੀ ਦੇ ਲਈ ਉਨ੍ਹਾਂ ਨੂੰ 125 ਰੁਪਏ ਖ਼ਰਚ ਆਉਂਦਾ ਹੈ, ਜਿਸ ਦਾ ਇੱਕ ਬਹੁਤ ਵੱਡਾ ਲਾਭ ਇਹ ਹੈ ਕਿ ਉਹ ਇਸ ਨਾਲ 1000 ਰੁਪਏ ਬਚਾਉਂਦੇ ਹਨ। ਅੱਜ ਉਹ ਆਪਣੇ ਬਾਗਬਾਨੀ ਉੱਦਮ ਤੋਂ ਬਹੁਤ ਲਾਭ ਕਮਾ ਰਹੇ ਹਨ। ਇਹ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਹੈ।

ਸੰਦੇਸ਼
“ਚਾਹੇ ਕੋਈ ਜੈਵਿਕ ਖੇਤੀ ਕਰਦਾ ਹੈ, ਚਾਹੇ ਰਵਾਇਤੀ ਖੇਤੀ, ਹਰ ਕਿਸਾਨ ਨੂੰ ਚਾਹੀਦਾ ਹੈ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਤੁਰੰਤ ਅਤੇ ਉਚਿੱਤ ਉਪਾਅ ਕੀਤੇ ਜਾਣ। ਕਿੰਨੂ ਦੀ ਖੇਤੀ ਲਈ, ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।”