nirmal-pb

ਨਿਰਮਲ ਸਿੰਘ

(ਸੂਰ ਪਾਲਣ)

ਕਿਵੇਂ ਸੂਰ ਪਾਲਣ ਨੇ ਨਿਰਮਲ ਸਿੰਘ ਜੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਇਹ ਕਾਰੋਬਾਰ ਉਨ੍ਹਾਂ ਨੂੰ ਸਫ਼ਲਤਾ ਦੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ

ਭਾਰਤ ਵਿੱਚ, ਵੱਡੇ ਪੈਮਾਨੇ ‘ਤੇ ਸੂਰਾਂ ਨੂੰ ਪਾਲਤੂ ਜਾਨਵਰ ਨਹੀਂ ਮੰਨਿਆ ਜਾਂਦਾ, ਪਰ ਜਦੋਂ ਸੂਰ ਪਾਲਣ ਦੀ ਗੱਲ ਆਉਂਦੀ ਹੈ ਤਾਂ ਇਹ ਪੈਸਾ ਕਮਾਉਣ ਦਾ ਵੱਡਾ ਸਰੋਤ ਹੁੰਦੇ ਹਨ ਅਤੇ ਇਸ ਕਾਰੋਬਾਰ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਸੂਰ ਪਾਲਣ ਕਿਸਾਨਾਂ ਲਈ ਇੱਕ ਪ੍ਰਸਿੱਧ ਕਾਰੋਬਾਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਕਈ ਲੋਕ ਇਸ ਵਿੱਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਕਈ ਲੋਕ ਸੂਰ ਪਾਲਣ ਦੇ ਕਾਰੋਬਾਰ ਨੂੰ ਬਹੁਤ ਹੇਠਲੇ ਪੱਧਰ ਦੇ ਰੂਪ ਵਿੱਚ ਦੇਖਦੇ ਹਨ। ਪਰ ਇਹ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਸੂਰ ਪਾਲਣ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਅਤੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਇੱਕ ਅਜਿਹੇ ਕਿਸਾਨ ਹਨ – ਨਿਰਮਲ ਸਿੰਘ, ਜੋ ਕਿ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਕਰ ਰਹੇ ਹਨ ਅਤੇ ਇਸ ਨਾਲ ਵਧੀਆ ਆਮਦਨ ਕਮਾ ਰਹੇ ਹਨ।

ਆਪਣੇ ਦਾਦੇ-ਪੜਦਾਦੇ ਦੇ ਸਮੇਂ ਤੋਂ ਨਿਰਮਲ ਸਿੰਘ ਜੀ ਦਾ ਪਰਿਵਾਰ ਖੇਤੀਬਾੜੀ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਲਈ ਪੈਸਾ ਕਮਾਉਣ ਲਈ ਖੇਤੀਬਾੜੀ ਤੋਂ ਵੱਧ ਕੋਈ ਹੋਰ ਵਿਕਲਪ ਨਹੀਂ ਹੈ। ਪਰ ਜਦੋਂ ਨਿਰਮਲ ਸਿੰਘ ਵੱਡੇ ਹੋਏ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਭ ਕੁੱਝ ਆਪਣੇ ਹੱਥ ਵਿੱਚ ਲਿਆ, ਤਦ ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ। ਲਗਭਗ ਡੇਢ ਸਾਲ ਤੱਕ ਉਨ੍ਹਾਂ ਨੇ ਵਪਾਰਕ ਪੱਧਰ ‘ਤੇ ਡੇਅਰੀ ਫਾਰਮਿੰਗ ਕੀਤੀ, ਪਰ 2015 ਵਿੱਚ ਜਦੋਂ ਉਹ ਆਪਣੇ ਦੋਸਤ ਦੇ ਵਿਆਹ ‘ਤੇ ਬਠਿੰਡੇ ਗਏ ਉਸ ਸਮੇਂ ਉਨ੍ਹਾਂ ਨੇ ਸੂਰ ਪਾਲਣ ਦੇ ਬਾਰੇ ਜਾਣਿਆ। ਉਹ ਇਸ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹੋਏ, ਇਸ ਲਈ ਵਿਆਹ ਤੋਂ ਬਾਅਦ ਅਗਲੇ ਦਿਨ ਉਹ ਸੰਘੇੜਾ ਵਿੱਚ ਸਥਿਤ BT ਫਾਰਮ ‘ਤੇ ਗਏ। ਇਸ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਇਸ ਕਾਰੋਬਾਰ ਨੂੰ ਕਰਨ ਦੀ ਦਿਲਚਸਪੀ ਪੈਦਾ ਹੋਈ।

ਸੂਰ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਹਿਰਾਂ ਦੀ ਸਲਾਹ ਅਤੇ ਕਿਸੇ ਮਾਹਿਰ ਤੋਂ ਟ੍ਰੇਨਿੰਗ ਲੈਣ ਬਾਰੇ ਸੋਚਿਆ ਤਾਂ ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ GADVASU (ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ), ਲੁਧਿਆਣਾ ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 10 ਮਾਦਾ ਸੂਰ ਅਤੇ 1 ਨਰ ਸੂਰ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2 ਕਨਾਲ ਖੇਤਰ ਵਿੱਚ ਸੂਰ ਫਾਰਮ ਸਥਾਪਿਤ ਕੀਤਾ।

ਸੂਰ ਪਾਲਣ ਦੀ ਮੰਗ ਵਧਣ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲਿਆ ਅਤੇ ਅੱਜ ਉਨ੍ਹਾਂ ਕੋਲ ਲਗਭਗ 90 ਸੂਰ ਹਨ, ਜਿਨ੍ਹਾਂ ਵਿੱਚੋਂ ਪ੍ਰਜਣਨ ਲਈ ਸ਼ੁਰੂ ਵਿੱਚ ਖਰੀਦੇ 10 ਮਾਦਾ ਅਤੇ 1 ਨਰ ਸੂਰ ਅਜੇ ਵੀ ਉਨ੍ਹਾਂ ਕੋਲ ਹਨ। ਇੱਕ ਮਹੀਨੇ ਵਿੱਚ ਉਹ ਮਾਦਾ ਸੂਰ 150 ਰੁਪਏ ਕਿੱਲੋ ਅਤੇ ਨਰ ਸੂਰ 85 ਰੁਪਏ ਪ੍ਰਤੀ ਕਿੱਲੋ ਹਿਸਾਬ ਨਾਲ 10-12 ਸੂਰ ਵੇਚਦੇ ਹਨ। ਉਨ੍ਹਾਂ ਦਾ ਭਰਾ ਅਤੇ ਪੁੱਤਰ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਪੂਰੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੇ ਸਹਾਇਤਾ ਦੇ ਲਈ ਕਿਸੇ ਹੋਰ ਵਿਅਕਤੀ ਨੂੰ ਨਹੀਂ ਰੱਖਿਆ। ਸੂਰਾਂ ਦੀ ਸਿਹਤ ਨੂੰ ਚੰਗਾ ਬਣਾਈ ਰੱਖਣ ਲਈ ਉਹ ਖੁਦ ਸੂਰਾਂ ਦੀ ਫੀਡ ਬਣਾਉਣਾ ਪਸੰਦ ਕਰਦੇ ਹਨ। ਉਹ ਬਜ਼ਾਰ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਖੁਦ ਉਸ ਦੀ ਫੀਡ ਬਣਾਉਂਦੇ ਹਨ।

ਅੱਜ ਨਿਰਮਲ ਸਿੰਘ ਜੀ ਨੂੰ GADVASU ਦੀ ਅਗਾਂਹਵਧੂ ਸੂਰ-ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲਾ ਪੁਰਸਕਾਰ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਵੀ ਮਿਲਿਆ।

ਵਰਤਮਾਨ ਵਿੱਚ ਉਹ ਆਪਣੀ ਪਤਨੀ, ਇੱਕ ਪੁੱਤਰ ਅਤੇ ਇੱਕ ਬੇਟੀ ਦੇ ਨਾਲ ਮੁਕਤਸਰ ਦੇ ਪਿੰਡ ਲੁਬਾਨਿਆਂ ਵਾਲੀ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੂਰ ਪਾਲਣ ਦੇ ਵਪਾਰ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਉਤਪਾਦਾਂ ਦੀ ਪ੍ਰੋਸੈੱਸਿੰਗ ਕਰਨਾ ਚਾਹੁੰਦੇ ਹਨ। ਉਹ ਹੋਰ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਆਮਦਨ ਕਮਾਉਣ ਲਈ ਇਹ ਕਾਰੋਬਾਰ ਅਪਨਾਉਣ ਦੀ ਸਿਫਾਰਿਸ਼ ਕਰਦੇ ਹਨ।

ਸੰਦੇਸ਼

“ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਹਰੇਕ ਇਨਸਾਨ ਨੂੰ ਆਪਣੇ ਕੌਸ਼ਲ ਨੂੰ ਸੁਧਾਰਨ ਲਈ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਨਹੀਂ ਤਾਂ ਇੱਕ ਸਰਲ ਕੰਮ ਕਰਨ ਦੇ ਲਈ ਬਹੁਤ ਵੱਡਾ ਖਤਰਾ ਰਹਿੰਦਾ ਹੈ।”

ਜੇਕਰ ਤੁਸੀਂ ਵੀ ਪੰਜਾਬ ਵਿੱਚ ਸੂਰ ਪਾਲਣ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ। ਸੂਰ ਪਾਲਣ ਦੀ ਟ੍ਰੇਨਿੰਗ, ਸੂਰ ਪ੍ਰਜਣਨ ਜਾਂ ਸੂਰ ਪਾਲਣ ਦੀ ਜਾਣਕਾਰੀ ਲਈ ਆਪਣੀ ਖੇਤੀ ਨਾਲ ਸੰਪਰਕ ਕਰੋ।