pardeep-hn

ਪਰਦੀਪ ਨੱਤ

(ਸਬਜ਼ੀਆਂ ਦੀ ਕਾਸ਼ਤ ਅਤੇ ਮਾਰਕੀਟਿੰਗ)

ਛੋਟੀ ਉਮਰ ਹੀ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਅਪਣਾ ਕੇ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਨੌਜਵਾਨ

ਜ਼ਿੰਦਗੀ ਦਾ ਸਫ਼ਰ ਬਹੁਤ ਹੀ ਲੰਬਾ ਹੈ ਜੋ ਕਿ ਸਾਰੀ ਜ਼ਿੰਦਗੀ ਕੰਮ ਕਰਦਿਆਂ ਹੋਏ ਵੀ ਕਦੇ ਖਤਮ ਨਹੀਂ ਹੁੰਦਾ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਮੁਸਾਫ਼ਿਰ ਜਾਂ ਸਾਥੀ ਅਜਿਹਾ ਹੁੰਦਾ ਹੈ ਜੋ ਉਸ ਨਾਲ ਹਮੇਸ਼ਾਂ ਨਾਲ ਰਹਿੰਦਾ ਹੈ, ਜਿਵੇਂ ਕਿਸੇ ਲਈ ਕਿਸੇ ਦਫਤਰ ਵਿੱਚ ਮਦਦ ਕਰਨ ਵਾਲਾ ਕੋਈ ਕਰਮਚਾਰੀ, ਜਿਵੇਂ ਕਿਸੇ ਪੰਛੀ ਦੀ ਥਕਾਵਟ ਦੂਰ ਕਰਨ ਵਾਲੀ ਬੂਟੇ ਦੀ ਟਾਹਣੀ, ਇਸ ਤਰ੍ਹਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।

ਜਿਨ੍ਹਾਂ ਦੀ ਅੱਜ ਇਸ ਸਟੋਰੀ ਵਿੱਚ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਇਸ ਕਥਨ ਨਾਲ ਮਿਲਦੀ-ਜੁਲਦੀ ਹੈ, ਕਿਉਂਕਿ ਜੇਕਰ ਇੱਕ ਸਾਥ ਦੇਣ ਵਾਲਾ ਇਨਸਾਨ ਜੋ ਤੁਹਾਡੇ ਚੰਗੇ ਜਾਂ ਮਾੜੇ ਸਮੇਂ ਵਿੱਚ ਤੁਹਾਡਾ ਹਮੇਸ਼ਾਂ ਸਾਇਆ ਬਣ ਕੇ ਨਾਲ ਰਹਿੰਦਾ ਸੀ, ਤਾਂ ਜੇਕਰ ਉਹ ਇੱਕੋਂ ਦਮ ਤੁਹਾਡੇ ਤੋਂ ਅਲਗਹੋ ਜਾਵੇ ਤਾਂ ਹਰ ਇੱਕ ਕੰਮ ਜੋ ਪਹਿਲਾ ਆਸਾਨ ਲੱਗਦਾ ਸੀ ਉਹ ਬਾਅਦ ‘ਚ ਇਕੱਲਿਆਂ ਕਰਨਾ ਔਖਾ ਹੋ ਜਾਂਦਾ ਹੈ, ਦੂਸਰਾ ਤੁਹਾਨੂੰ ਉਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਪਰਦੀਪ ਨੱਤ, ਜੋ ਪਿੰਡ ਨੱਤ ਦਾ ਰਹਿਣ ਵਾਲਾ ਹੈ, ਜਿਸ ਨੇ ਛੋਟੀ ਉਮਰ ਵਿੱਚ ਇਕੱਲਿਆਂ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਉੱਤੇ ਜਿੱਤ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਬਠਿੰਡੇ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਅਤੇ ਖੁਦ ਹੀ ਮਾਰਕੀਟਿੰਗ ਕਰਕੇ ਨਾਮ ਚਮਕਾਇਆ ਹੈ।

ਸਾਲ 2018 ਦੀ ਗੱਲ ਹੈ ਜਦੋਂ ਪਰਦੀਪ ਆਪਣੇ ਪਿਤਾ ਜੀ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀ ਦੇ ਵਿੱਚ ਹੱਥ ਵਟਾਉਣ ਲੱਗ ਪਿਆ ਤੇ ਉਸਦਾ ਸ਼ੁਰੂ ਤੋਂ ਇਹ ਹੀ ਸੀ ਕਿ ਕਿਸੇ ਕੰਪਨੀ ਵਿੱਚ ਕਿਸੇ ਹੇਠਾਂ ਕੰਮ ਕਰਨ ਦੀ ਬਜਾਏ ਖੁਦ ਦਾ ਕੰਮ ਕਰਨਾ ਹੈ, ਇਸ ਲਈ ਖੇਤੀ ਨੂੰ ਉਸਨੇ ਆਪਣਾ ਕਿੱਤਾ ਬਣਾਉਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਆਪਣੇ ਪਿਤਾ ਜੀ ਦੇ ਦੱਸੇ ਅਨੁਸਾਰ ਖੇਤੀ ਦੇ ਰੁਝੇਵਿਆਂ ਵਿੱਚ ਅਜਿਹਾ ਰੁੱਝ ਗਿਆ ਕਿ ਉਸਨੂੰ ਖੇਤਾਂ ਨਾਲ ਇੰਨਾ ਪਿਆਰ ਹੋ ਗਿਆ ਅਤੇ ਲੋਕ ਉਸਨੂੰ ਖੇਤਾਂ ਦਾ ਪੁੱਤ ਕਹਿਣ ਲੱਗ ਗਏ।

ਜਦੋਂ ਪਰਦੀਪ ਨੂੰ ਖੇਤੀ ਦੇ ਬਾਰੇ ਜਾਣਕਾਰੀ ਹੋ ਲੱਗੀ ਕਿ ਫਸਲ ਅਤੇ ਖਾਦ ਦੀ ਮਾਤਰਾ ਬਾਰੇ ਉਦੋਂ ਅਚਾਨਕ 2018 ਵਿੱਚ ਪਰਦੀਪ ਦੇ ਸਿਰ ਉੱਤੋਂ ਮਦਦ ਕਰਨ ਵਾਲਾ ਹੱਥ ਉੱਠ ਗਿਆ ਜੋ ਕਿ ਹਰ ਦੁੱਖ-ਸੁੱਖ ਵਿੱਚ ਉਸ ਦਾ ਸਾਇਆ ਬਣ ਕੇ ਹਮੇਸ਼ਾਂ ਨਾਲ ਰਹਿੰਦਾ ਸੀ। ਜਿਸ ਦਾ ਦੁੱਖ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੋਇਆ ਕਿਉਂਕਿ ਪੂਰੇ ਘਰ ਦੀ ਜਿੰਮੇਵਾਰੀ ਸੰਭਾਲਣ ਵਾਲੇ ਉਸ ਦੇ ਪਿਤਾ ਜੀ ਹੀ ਸਨ। ਜੋ ਕਿ ਹੁਣ ਸਾਰੀ ਜਿੰਮੇਵਾਰੀ ਪਰਦੀਪ ਦੇ ਸਿਰ ਉੱਤੇ ਆ ਗਈ ਸੀ ਅਤੇ ਉੱਤੋਂ ਪਰਦੀਪ ਦੀ ਉਮਰ ਵੀ ਛੋਟੀ ਸੀ। ਪਰ ਪਰਦੀਪ ਨੇ ਹੌਂਸਲਾ ਰੱਖਿਆ ਅਤੇ ਖੇਤੀ ਦੇ ਤਰੀਕਿਆਂ ਨੂੰ ਬਦਲਣ ਬਾਰੇ ਸੋਚਿਆ ਜਿਸ ਬਾਰੇ ਉਸਨੇ ਸੁਣਿਆ ਹੋਇਆ ਸੀ ਕਿ ਆਰਗੈਨਿਕ ਤਰੀਕੇ ਨਾਲ ਵੀ ਖੇਤੀ ਕੀਤੀ ਜਾ ਸਕਦੀ ਹੈ।

ਫਿਰ ਕੀ 2018 ਵਿੱਚ ਹੀ ਦੇਰੀ ਨਾ ਕਰਦੇ ਹੋਏ ਇੱਕ ਏਕੜ ਵਿੱਚ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਉੱਤੇ ਬਹੁਤ ਸਾਰੇ ਲੋਕਾਂ ਨੇ ਉਸਨੂੰ ਕਿਹਾ ਕਿ ਤੂੰ ਇਹ ਕੀ ਕਰ ਲਿਆ, ਤਾਂ ਉਸਨੇ ਕਿਸੇ ਦੀ ਨਾ ਮੰਨ ਕੇ ਆਪਣੀ ਹੀ ਕੀਤੀ, ਉਸਦਾ ਸੋਚਣਾ ਸੀ ਕਿ ਹੁਣ ਤੱਕ ਦਾ ਰਸਾਇਣਿਕ ਖਾਂਦੇ ਆਏ ਹਾਂ ਤੇ ਪਤਾ ਨਹੀਂ ਕਿੰਨੀਆਂ ਹੀ ਬਿਮਾਰੀਆਂ ਨੂੰ ਘਰ ਲਿਆਈ ਬੈਠੇ ਹਾਂ, ਇਸ ਨਾਲੋਂ ਸ਼ੁੱਧ ਤੇ ਆਰਗੈਨਿਕ ਖਾਈਏ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਆਰਗੈਨਿਕ ਤਰੀਕੇ ਨਾਲ ਤਾਂ ਖੇਤੀ 2018 ਦੇ ਫਰਵਰੀ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਆਰਗੈਨਿਕ ਬਾਰੇ ਪੂਰੀ ਜਾਣਕਾਰੀ ਹੋ ਗਈ ਤਾਂ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਕੁੱਝ ਹੋਰ ਵੱਖਰਾ ਕੀਤਾ ਜਾਵੇ ਅਤੇ ਸਿੱਧਾ ਖਿਆਲ ਉਸਦਾ ਰਵਾਇਤੀ ਖੇਤੀ ਤੋਂ ਹੱਟ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਵਿਚਾਰ ਆਇਆ। ਫਿਰ ਸਤੰਬਰ ਮਹੀਨੇ ਦੇ ਚੜ੍ਹਦੇ ਸਾਰ ਹੀ ਉਸਨੇ ਥੋੜੀ ਮਾਤਰਾ ਵਿੱਚ ਭਿੰਡੀ, ਮਿਰਚ, ਸ਼ਿਮਲਾ ਮਿਰਚ, ਗੋਭੀ ਆਦਿ ਦੀ ਸਬਜੀਆਂ ਲਗਾ ਦਿੱਤੀਆਂ ਅਤੇ ਆਰਗੈਨਿਕ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਲੱਗਾ ਅਤੇ ਜਦੋਂ ਸਮੇਂ ਦੇ ਅਨੁਸਾਰ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਸਭ ਤੋਂ ਪਹਿਲਾ ਪਰਦੀਪ ਨੇ ਘਰ ਲੈ ਕੇ ਸਬਜ਼ੀ ਬਣਾ ਕੇ ਦੇਖੀ ਤੇ ਜਦੋ ਖਾਈ ਤਾਂ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਭਿੰਨ ਸੀ ਕਿਉਂਕਿ ਆਰਗੈਨਿਕ ਤੇ ਰਸਾਇਣਿਕ ਤਰੀਕੇ ਨਾਲ ਉਗਾਈ ਗਈ ਫਸਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।

ਇਸ ਤੋਂ ਬਾਅਦ ਪਰਦੀਪ ਨੇ ਸੋਚਿਆ ਕਿ ਚੱਲੋ ਸਬਜ਼ੀਆਂ ਨੂੰ ਵੇਚ ਕੇ ਆਉਂਦੇ ਹਾਂ ਪਰ ਮਨ ਵਿੱਚ ਖਿਆਲ ਆਇਆ ਕਿ ਲੋਕ ਰਸਾਇਣਿਕ ਦੇਖ ਕੇ ਜੈਵਿਕ ਸਬਜ਼ੀ ਨੂੰ ਕਿਵੇਂ ਖ੍ਰੀਦਣਗੇ। ਫਿਰ ਪਰਦੀਪ ਨੇ ਖੁਦ ਮਾਰਕੀਟਿੰਗ ਕਰਨ ਦੀ ਯੋਜਨਾ ਬਣਾਈ ਅਤੇ ਖੁਦ ਪਿੰਡ-ਪਿੰਡ ਜਾ ਕੇ ਸਬਜ਼ੀਆਂ ਵੇਚਣ ਲੱਗਾ ਅਤੇ ਲੋਕਾਂ ਨੂੰ ਜੈਵਿਕ ਫਾਇਦੇ ਬਾਰੇ ਦੱਸਣ ਲੱਗਾ ਜਿਸ ਨਾਲ ਲੋਕਾਂ ਨੂੰ ਉਸ ਤੇ ਵਿਸ਼ਵਾਸ ਹੋਣ ਲੱਗ ਗਿਆ।

ਫਿਰ ਕੀ ਰੋਜ਼ ਪਰਦੀਪ ਨੇ ਭਲਕੇ ਜਾ ਕੇ ਸਬਜ਼ੀ ਤੋੜਨੀ ਅਤੇ ਆਪਣੀ ਮੋਟਰਸਾਈਕਲ ਨਾਲ ਬਣਾਈ ਰੇੜ੍ਹੀ ਵਿੱਚ ਰੱਖ ਕੇ ਸਬਜ਼ੀਆਂ ਵੇਚਣ ਜਾਂਦਾ ਅਤੇ ਸ਼ਾਮ ਨੂੰ ਘਰ ਵਾਪਿਸ ਆ ਜਾਂਦਾ। ਪਰ ਇਹ ਕਿੰਨਾ ਸਮਾਂ ਇਸ ਤਰ੍ਹਾਂ ਚੱਲਣਾ ਸੀ ਤੇ ਇਸ ਵਾਰ ਆਪਣੇ ਨਾਲ ਨਰਸਰੀ ਦੇ ਕਾਰਡ ਛਪਵਾ ਕੇ ਲੈ ਗਿਆ ਅਤੇ ਸਬਜ਼ੀ ਦੇ ਨਾਲ ਨਾਲ ਉਹ ਵੀ ਦੇਣ ਲੱਗਾ।

ਫਿਰ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਬਠਿੰਡੇ ਸ਼ਹਿਰ ਵਿੱਚ ਜਾ ਕੇ ਸਬਜ਼ੀਆਂ ਦੀ ਵੇਚ ਕੀਤੀ ਜਾਵੇ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ ਅਤੇ ਸ਼ਹਿਰ ਵਿੱਚ ਉਸਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਨਾਲ ਪ੍ਰਦੀਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਤੇ ਖੁਸ਼ੀ ਦੇ ਨਾਲ-ਨਾਲ ਮੁਨਾਫ਼ਾ ਵੀ ਹੋਣ ਲੱਗਾ।

ਇਸ ਤਰ੍ਹਾਂ ਪੂਰਾ 1 ਸਾਲ ਚੱਲਦਾ ਰਿਹਾ ਅਤੇ 2020 ਆਉਂਦਿਆਂ ਪਰਦੀਪ ਨੂੰ ਇਸ ਕੰਮ ਵਿੱਚ ਪੂਰੀ ਤਰ੍ਹਾਂ ਸਫਲਤਾ ਹਾਸਿਲ ਹੋਈ। ਜੋ ਪਰਦੀਪ ਨੇ 1 ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਉਸਨੂੰ ਹੌਲੀ-ਹੌਲੀ 5 ਏਕੜ ਦੇ ਵਿੱਚ ਫ਼ੈਲਾ ਰਹੇ ਹਨ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤਾਂ ਵਾਧਾ ਕੀਤਾ ਹੀ ਹੈ ਉਸਦੇ ਨਾਲ ਹੀ ਨਰਮੇ ਦੀ ਕਾਸ਼ਤ ਵੀ ਆਰਗੈਨਿਕ ਤਰੀਕੇ ਨਾਲ ਕਰਨੀ ਸ਼ੁਰੂ ਕੀਤੀ ਹੈ।

ਅੱਜ ਪਰਦੀਪ ਨੂੰ ਘਰ ਬੈਠੇ ਸਬਜ਼ੀ ਖਰੀਦਣ ਲਈ ਫੋਨ ਆਉਂਦਾ ਹੈ ਤੇ ਪਰਦੀਪ ਆਪਣੀ ਰੇੜ੍ਹੀ ਉੱਤੇ ਸਬਜ਼ੀ ਰੱਖ ਕੇ ਵੇਚਣ ਚਲੇ ਜਾਂਦੇ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਸਬਜ਼ੀ ਲਈ ਫੋਨ ਬਠਿੰਡੇ ਸ਼ਹਿਰ ਤੋਂ ਆਉਂਦੇ ਹਨ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਪਰਦੀਪ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਹਨ, ਹਰ ਇੱਕ ਨੂੰ ਚਾਹੀਦਾ ਹੈ ਮੁਸ਼ਕਿਲਾਂ ਨੂੰ ਦੇਖ ਕਦੇ ਵੀ ਭੱਜਣਾ ਨਹੀਂ ਚਾਹੀਦਾ, ਸਗੋਂ ਉਹਨਾਂ ਮੁਸ਼ਕਿਲਾਂ ਦਾ ਹੱਸ ਕੇ ਮੁਕ਼ਾਬਲਾ ਕਰਨਾ ਚਾਹੀਦਾ ਹੈ, ਜਿਸ ਵਿੱਚ ਉਮਰ ਕਦੇ ਵੀ ਕੋਈ ਮਾਇਨੇ ਨਹੀਂ ਰੱਖਦਾ, ਜਿਸਨੇ ਮੰਜਿਲਾਂ ਹਾਸਿਲ ਕਰਨੀਆਂ ਉਸਨੇ ਛੋਟੀ ਉਮਰੇ ਹੀ ਕਰ ਲੈਣੀਆਂ ਹਨ।

ਭਵਿੱਖ ਦੀ ਯੋਜਨਾ

ਉਹ ਹੌਲ਼ੀ ਹੌਲੀ ਆਪਣੀ ਜਿੰਨੀ ਵੀ ਜਮੀਨ ਹੈ ਉਸਨੂੰ ਪੁਰੀ ਤਰ੍ਹਾਂ ਆਰਗੈਨਿਕ ਵਿੱਚ ਬਦਲਣਾ ਚਾਹੁੰਦੇ ਹਨ ਅਤੇ ਖੇਤੀ ਦੀ ਜੀਵਨ ਸ਼ੈਲੀ ਜੋ ਰਸਾਇਣਿਕ ਖਾਦਾਂ ਨੇ ਬਰਬਾਦ ਕੀਤੀ ਹੈ ਉਸਨੂੰ ਜੈਵਿਕ ਖਾਦਾਂ ਰਾਹੀਂ ਦੁਬਾਰਾ ਤਾਕਤਵਾਰ ਬਣਾਉਣਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਕੋਈ ਵੀ ਹੈ ਚਾਹੇ ਛੋਟਾ ਹੈ ਚਾਹੇ ਵੱਡਾ, ਹਮੇਸ਼ਾਂ ਪਹਿਲ ਜੈਵਿਕ ਖੇਤੀ ਨੂੰ ਹੀ ਦੇਣ, ਕਿਉਂਕਿ ਆਪਣੀ ਸਿਹਤ ਨਾਲੋਂ ਹੋਰ ਕੁਝ ਵੀ ਪਿਆਰਾ ਨਹੀਂ ਹੈ ਅਤੇ ਮੁਨਾਫੇ ਬਾਰੇ ਨਾ ਸੋਚ ਕੇ ਆਪਣੇ ਅਤੇ ਦੂਜਿਆਂ ਬਾਰੇ ਹੀ ਸੋਚ ਕੇ ਹੀ ਸ਼ੁਰੂ ਕਰੇ, ਆਪ ਵੀ ਸ਼ੁੱਧ ਖਾਓ ਅਤੇ ਦੂਸਰਿਆਂ ਨੂੰ ਖਵਾਓ।