ਮਾਹਰ ਸਲਾਹਕਾਰ ਵੇਰਵਾ

idea99house.jpeg
ਦੁਆਰਾ ਪੋਸਟ ਕੀਤਾ Sohan Singh Kesarwalia
ਪੰਜਾਬ
2020-09-01 18:37:19

ਜਿਸ ਤਰ੍ਹਾਂ ਜਵਾਲਾਮੁਖੀ ਦੇ ਫਟਣ ਨਾਲ ਧਰਤੀ 'ਤੇ ਬਣੀਆਂ ਇਮਾਰਤਾਂ ਢਹਿ ਜਾਂਦੀਆਂ ਹਨ ਤੇ ਕਈ ਬੇਸ਼ਕੀਮਤੀ ਖਣਿਜ ਬਾਹਰ ਆ ਜਾਂਦੇ ਹਨ ਉਸੇ ਤਰ੍ਹਾਂ ਕੋਰੋਨਾ ਮਹਾਮਾਰੀ ਨੇ ਅਜਿਹੀ ਉਥਲ-ਪੁਥਲ ਮਚਾਈ ਕਿ ਇਕ ਵਾਰ ਤਾਂ ਦੁਨੀਆ ਖੜ੍ਹ ਗਈ ਜਾਪਦੀ ਹੈ। ਕਾਰੋਬਾਰ ਚੌਪਟ ਹੋ ਗਏ, ਲੋਕ ਘਰਾਂ 'ਚ ਤੜ ਗਏ, ਮਜ਼ਦੂਰ ਰੋਟੀ ਨੂੰ ਤਰਸ ਗਏ। ਦੂਜੇ ਪਾਸੇ ਬੇਲੋੜੀ ਆਵਾਜਾਈ, ਫਜ਼ੂਲ ਇਕੱਠ, ਨਾਜਾਇਜ਼ ਖ਼ਰਚ, ਪ੍ਰਦੂਸ਼ਣ ਵਰਗੀਆਂ ਅਲਾਮਤਾਂ ਨੂੰ ਠੱਲ੍ਹ ਵੀ ਪਈ। ਕੋਰੋਨਾ ਕਾਲ ਦੇ ਸ਼ੁਰੂਆਤੀ ਦਿਨਾਂ 'ਚ ਲੋਕਾਂ ਨੇ ਪਕਵਾਨ ਬਣਾਉਣ ਦਾ ਜਿੱਥੇ ਸਫਲ-ਅਸਫਲ ਤਜ਼ਰਬਾ ਕੀਤਾ ਉੱਥੇ ਇਕ ਹੋਰ ਰੁਝਾਨ ਦੇਖਣ ਨੂੰ ਮਿਲਿਆ, ਉਹ ਹੈ ਘਰੇਲੂ ਬਗ਼ੀਚੀ 'ਚ ਸਬਜ਼ੀਆਂ ਉਗਾਉਣ ਦਾ। ਮੇਰੀ ਆਪਣੀ ਰੁਚੀ ਇਸ ਪਾਸੇ ਹੋਣ ਕਰਕੇ ਮੈਂ ਲੋਕਾਂ ਅੰਦਰ ਇਹ ਰੁਝਾਨ ਜਨੂੰਨ ਦੀ ਹੱਦ ਤਕ ਵੇਖਿਆ। ਜਿਨ੍ਹਾਂ ਨੇ ਕਦੇ ਗਮਲੇ 'ਚ ਇਕ ਬੂਟਾ ਨਹੀਂ ਸੀ ਉਗਾਇਆ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸਬਜ਼ੀਆਂ ਆਦਿ ਦੀ ਬਿਜਾਈ ਤੋਂ ਵੀ ਗੁਰੇਜ਼ ਨੀ ਕੀਤੀ।

ਚੰਗਾ ਹੋਵੇਗਾ ਜੇ ਸਬਜ਼ੀਆਂ ਉਗਾਉਣ ਦਾ ਰੁਝਾਨ ਬਣਿਆ ਰਹੇ। ਲੋਕਾਂ ਨੂੰ ਤਾਜ਼ੀ ਸਬਜ਼ੀ ਮਿਲੇ, ਘਰ ਦੇ ਖ਼ਰਚੇ ਘਟਣ, ਸਮੇਂ ਦੀ ਸੁਚੱਜੀ ਵਰਤੋਂ ਹੋਵੇ, ਹੱਥੀਂ ਕੰਮ ਕਰਨ ਦਾ ਰੁਝਾਨ ਵਧੇ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਬਾਗ਼ਬਾਨੀ ਵਿਭਾਗ ਪੰਜਾਬ ਨੂੰ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਗਰਮੀ ਦੀਆਂ ਸਬਜ਼ੀਆਂ ਦੀ ਗਿਣਤੀ ਘੱਟ ਸੀ। ਜ਼ਿਆਦਾਤਰ ਵੇਲਾਂ ਵਾਲੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀਆਂ, ਰਵਾਂਹ ਆਦਿ ਨੂੰ ਖੇਚਲ ਪੱਖੋਂ ਸਿਰਫ ਪਾਣੀ ਹੀ ਦੇਣਾ ਸੀ ਪਰ ਸਰਦੀ ਦੀਆਂ ਸਬਜ਼ੀਆਂ ਭਾਵੇਂ ਆਸਾਨੀ ਨਾਲ ਪੈਦਾ ਹੋ ਜਾਂਦੀਆਂ ਹਨ ਪਰ ਇਨ੍ਹਾਂ ਨੂੰ ਉਗਾਉਣ ਲਈ ਤਕਨੀਕੀ ਜਾਣਕਾਰੀ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਸਰਦੀ ਰੁੱਤ ਦੀਆਂ ਸਬਜ਼ੀਆਂ ਨੂੰ ਕਈ ਵਰਗਾਂ 'ਚ ਵੰਡਿਆ ਗਿਆ ਹੈ, ਅੱਗੋਂ ਹਰ ਵਰਗ 'ਚ ਆਉਂਦੀਆਂ ਸਬਜ਼ੀਆਂ ਵੀ ਕਈ ਕਿਸਮਾਂ ਦੀਆਂ ਹਨ ਅਤੇ ਇਨ੍ਹਾਂ ਲਈ ਅੱਗੋਂ ਵੱਖ-ਵੱਖ ਤਰੀਕੇ ਨੇ, ਮਿਸਾਲ ਵਜੋਂ ਜੜ੍ਹਾਂ ਵਾਲੀਆਂ ਸਬਜ਼ੀਆਂ (ਗਾਜਰ, ਮੂਲੀ, ਸ਼ਲਗਮ, ਚੁਕੰਦਰ ਆਦਿ), ਪੱਤੇਦਾਰ ਸਬਜ਼ੀਆਂ (ਪਾਲਕ, ਮੇਥੀ, ਧਨੀਆ, ਸਰ੍ਹੋਂ, ਤੋਰੀਆ, ਬੰਦ ਗੋਭੀ ਆਦਿ), ਫਲਦਾਰ ਸਬਜ਼ੀਆਂ (ਟਮਾਟਰ, ਬੈਂਗਣ ਆਦਿ), ਤਣੇ ਵਾਲੀਆਂ ਸਬਜ਼ੀਆਂ (ਪਿਆਜ਼, ਲਸਣ, ਆਲੂ ਆਦਿ) ਤੇ ਹੋਰ ਫੁੱਲ ਗੋਭੀ, ਬਰੌਕਲੀ, ਗੰਢ ਗੋਭੀ ਆਦਿ।

ਸਭ ਤੋਂ ਪਹਿਲੀ ਗੱਲ ਮਿਆਰੀ ਬੀਜ ਦੀ ਹੈ। ਪੰਜਾਬ ਖੇਤੀ ਯੂਨੀਵਰਸਿਟੀ ਤੇ ਬਾਗ਼ਬਾਨੀ ਵਿਭਾਗ ਕੋਲ ਯਕੀਨਨ ਸਤੰਬਰ ਦੇ ਕਿਸਾਨ ਮੇਲੇ ਲਈ ਬੀਜ ਤਿਆਰ ਹੋਵੇਗਾ ਕਿਉਂਕਿ ਇਹ ਫ਼ਸਲਾਂ ਬੀਜ ਲਈ ਕੋਰੋਨਾ ਸੰਕਟ ਤੋਂ ਪਹਿਲਾਂ ਹੀ ਬੀਜੀਆਂ ਹੋਣਗੀਆਂ, ਜੇ ਹਾਲਾਤ ਸੁਧਰਦੇ ਹਨ ਤਾਂ ਮਸਲਾ ਕੋਈ ਨਹੀ ਪਰ ਜੇ ਕਿਸਾਨ ਮੇਲਾ ਨਹੀਂ ਲਗਦਾ ਤਾਂ ਇਨ੍ਹਾਂ ਸੰਸਥਾਵਾਂ ਨੂੰ ਸਬਜ਼ੀ ਦੀਆਂ ਕਿੱਟਾਂ ਆਸਾਨ ਤੋਂ ਆਸਾਨ ਤਰੀਕੇ ਨਾਲ ਆਮ ਲੋਕਾਂ ਤਕ ਪੁੱਜਦੀਆਂ ਕਰਨੀਆਂ ਚਾਹੀਦੀਆਂ ਹਨ।।ਇਸ ਦੇ ਨਾਲ ਹੀ ਤਕਨੀਕੀ ਪੱਖ ਤੋਂ ਵਖਰੇਵੇਂ ਵੀ ਨਿਖੇੜ ਕੇ ਦੱਸਣੇ ਬਣਦੇ ਹਨ, ਜਿਵੇਂ ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਬਹੁਤਾ ਪਾਣੀ ਨਹੀਂ ਦੇਣਾ ਚਾਹੀਦਾ, ਗੋਭੀ ਦੀ ਬਿਜਾਈ ਦਾ ਢੁੱਕਵਾਂ ਸਮਾਂ ਹੁਣ ਚੱਲ ਰਿਹਾ ਹੈ, ਸਾਗ ਲਈ ਤੋਰੀਆ ਅਗੇਤਾ ਤੇ ਸਰ੍ਹੋਂ ਪਿਛੇਤੀ ਲਗਾਈ ਜਾਂਦੀ ਹੈ। ਪੱਤੇਦਾਰ ਸਬਜ਼ੀਆਂ 'ਚੋਂ ਪਾਲਕ ਅਗੇਤੀ, ਮੇਥੀ ਵਿੱਚਕਾਰ ਅਤੇ ਧਨੀਆ ਜ਼ਿਆਦਾ ਗਰਮ ਮੌਸਮ 'ਚ ਉੱਗਦਾ ਹੀ ਨਹੀਂ,।ਮੇਥੇ ਸੰਘਣੇ ਬੀਜਣ ਨਾਲ ਜੜ੍ਹਾਂ ਗਲਣ ਦੇ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ, ਟਮਾਟਰ ਦੀਆਂ ਕਈ ਫਸਲਾਂ ਲਈਆਂ ਜਾਂਦੀਆਂ ਹਨ ਆਦਿ।

ਢੁੱਕਵਾਂ ਸਮਾਂ

ਟਮਾਟਰਾਂ ਦੀ ਮੁੱਖ ਫ਼ਸਲ ਦੀ ਪਨੀਰੀ ਅਕਤੂਬਰ-ਨਵੰਬਰ 'ਚ ਬੀਜ ਕੇ ਨਵੰਬਰ-ਦਸੰਬਰ 'ਚ ਪੁੱਟ ਕੇ ਲਾਈ ਜਾਂਦੀ ਹੈ। ਬਰਸਾਤ ਰੁੱਤ ਲਈ ਪਨੀਰੀ ਜੁਲਾਈ ਦੇ ਦੂਸਰੇ ਪੰਦਰ੍ਹਵਾੜੇ ਬੀਜੀ ਜਾਂਦੀ ਹੈ ਤੇ ਅਗਸਤ ਦੇ ਦੂਜੇ ਪੰਦਰਵਾੜ੍ਹੇ ਪੁੱਟ ਕੇ ਲਾਈ ਜਾਂਦੀ ਹੈ, ਪੌਲੀਹਾਊਸ 'ਚ ਮੁੱਖ ਫ਼ਸਲ ਲਈ ਨਵੰਬਰ ਦਾ ਪਹਿਲਾ ਹਫ਼ਤਾ ਪਨੀਰੀ ਬੀਜਣ ਲਈ ਢੁੱਕਵਾਂ ਹੈ ਤੇ ਨਵੰਬਰ ਦੇ ਅਖ਼ੀਰ 'ਚ ਪੁੱਟ ਕੇ ਲਾਈ ਜਾਂਦੀ ਹੈ। ਪੌਲੀਹਾਊਸ 'ਚ ਬਹਾਰ ਰੁੱਤ ਦੀ ਫ਼ਸਲ ਲਈ ਨਵੰਬਰ ਦੇ ਆਖ਼ਰੀ ਹਫ਼ਤੇ ਬੀਜ ਬੀਜਿਆ ਜਾਂਦਾ ਹੈ ਤੇ ਪਨੀਰੀ ਅੱਧ ਫਰਵਰੀ 'ਚ ਲਾਈ ਜਾਂਦੀ ਹੈ। ਸਰਦ ਰੁੱਤ ਦੀਆਂ ਫ਼ਸਲਾਂ ਨੂੰ ਕੋਰ੍ਹੇ ਤੋਂ ਬਚਾਉਣ ਲਈ ਸ਼ੌਰੇ ਦੀ ਲੋੜ ਪੈਂਦੀ ਹੈ। ਬੈਂਗਣ ਦੀ ਸਰਦ ਰੁੱਤ ਵਾਲੀ ਫ਼ਸਲ ਦੀ ਪਨੀਰੀ ਪੁੱਟ ਕੇ ਅਗਸਤ ਤੇ ਨਵੰਬਰ ਮਹੀਨੇ ਕਿਆਰੀ 'ਚ ਲਗਾਈ ਜਾਂਦੀ ਹੈ। ਜ਼ਿਆਦਾਤਰ ਸਬਜ਼ੀਆਂ ਵੱਟਾਂ 'ਤੇ ਉਗਾਈਆਂ ਜਾਂਦੀਆਂ ਹਨ। ਇਗ ਵੱਟਾਂ ਪੂਰਬ-ਪੱਛਮ ਦਿਸ਼ਾ 'ਚ ਹੋਣੀਆਂ ਚਾਹੀਦੀਆਂ ਹਨ।।ਇਸ ਨਾਲ ਸੂਰਜ ਦੀ ਰੋਸ਼ਨੀ ਬੀਜਾਂ ਦੇ ਉਗਣ 'ਚ ਮਦਦ ਕਰਦੀ ਹੈ।

ਘਰੇਲੂ ਬਗ਼ੀਚੀ 'ਚ ਸਬਜ਼ੀਆਂ ਉਗਾਉਣ ਲਈ ਲੋਕ ਪੀਏਯੂ ਦੀ ਵੈੱਬਸਾਈਟ ਅਤੇ ਕਿਸਾਨ ਪੋਰਟਲ ਤੋਂ ਵੀ ਜਾਣਕਾਰੀ ਲੈ ਸਕਦੇ ਹਨ ਅਤੇ 'ਸਬਜ਼ੀਆਂ ਦੀ ਕਾਸ਼ਤ' ਨਾਂ ਦੀ ਕਿਤਾਬ ਵੀ ਡਾਊਨਲੋਡ ਕਰ ਸਕਦੇ ਹਨ।

98769-53218