ਮਾਹਰ ਸਲਾਹਕਾਰ ਵੇਰਵਾ

idea99sugarcane.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2020-06-15 18:07:53

PAU Experts' Advisory for Sugarcane Crop

ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ਤੇ ਪਾਣੀ ਦਿਉ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿਲੋ ਯੂਰੀਆ ਦੀ ਦੂਸਰੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇਕਰ ਗੰਨੇ ਦੀ ਫ਼ਸਲ ਦੇ ਮੁੱਢਾਂ ਤੇ ਮਿੱਟੀ ਚੜ੍ਹਾਉਣ ਦਾ ਕੰਮ ਕਰ ਲਿਆ ਹੈ ਤਾਂ ਠੀਕ ਹੈ, ਨਹੀਂ ਤਾਂ ਜੁਲਾਈ ਦੇ ਪਹਿਲੇ ਹਫ਼ਤੇ ਕਰ ਦਿਉ। ਜੇਕਰ ਖੇਤਾਂ ਵਿੱਚ ਜ਼ਿਆਦਾ ਪਾਣੀ ਹੋਵੇ ਤਾਂ ਉਹ ਕੱਢ ਦਿਉ । ਆਗ ਦੇ ਗੜੂੰਏ ਦੀ ਰੋਕਥਾਮ ਲਈ 10 ਕਿਲੋ ਫਰਟੇਰਾ 0.4 ਜੀ ਆਰ ਜਾਂ 12 ਕਿੱਲੋ ਦਾਣੇਦਾਰ ਕਾਰਬੋਫੂਰਾਨ 3 ਜੀ ਨੂੰ ਬੂਟਿਆਂ ਦੇ ਮੁੱਢਾਂ ਕੋਲ ਪਾ ਕੇ ਹਲਕੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਾਣੀ ਲਾਓ ਪਰ ਇਹ ਕੰਮ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰੋ। ਦਾਣੇਦਾਰ ਜ਼ਹਿਰ ਸਿਰਫ ਉਦੋਂ ਹੀ ਪਾਉ ਜਦੋਂ ਹਮਲਾ 5% ਤੋਂ ਜ਼ਿਆਦਾ ਹੋਵੇ। ਜੂਨ ਮਹੀਨੇ ਕਈ ਵਾਰ ਕਾਲੇ ਖਟਮਲ ਦਾ ਹਮਲਾ ਖ਼ਾਸ ਕਰਕੇ ਮੁੱਢੇ ਕਮਾਦ ਤੇ ਕਾਫ਼ੀ ਖ਼ਤਰਨਾਕ ਹੁੰਦਾ ਹੈ। ਇਸ ਦੀ ਰੋਕਥਾਮ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਈ ਸੀ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਛਿੜਕਾਅ ਦਾ ਰੁਖ਼ ਸਿੱਧੇ ਪੱਤਿਆਂ ਦੀ ਗੋਭ ਵੱਲ ਕਰੋ। ਜ਼ਿਆਦਾ ਖੁਸ਼ਕ ਮੌਸਮ ਕਰਕੇ ਗੰਨੇ ਦੀ ਫ਼ਸਲ ਤੇ ਜੂੰ ਦਾ ਹਮਲਾ ਹੋ ਸਕਦਾ ਹੈ। ਕਮਾਦ ਦੀ ਫ਼ਸਲ ਲਾਗਿਉਂ ਬਰੂ ਦੇ ਬੂਟੇ ਪੁੱਟ ਦਿਉ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫਸਲ ਤੇ ਫੈਲਦੀ ਹੈ।