ਮਾਹਰ ਸਲਾਹਕਾਰ ਵੇਰਵਾ

idea99vegetables.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-08 17:16:22

PAU Advisory for Vegetables Crop

ਸਬਜ਼ੀਆਂ

ਆਲੂ: ਇਹ ਮਹੀਨਾ ਆਲੂ ਦੀਆਂ ਅਗੇਤੀਆਂ ਕਿਸਮਾਂ ਲਈ ਢੁੱਕਵਾਂ ਹੈ । ਮਹੀਨੇ ਦੇ ਪਹਿਲੇ ਪੰਦਰਵਾੜੇ ਸਟੋਰ ਵਿਚੋਂ ਬੀਜ ਕੱਢ ਦਿਉ ਅਤੇ ਇਸ ਨੂੰ ਹਵਾਦਾਰ ਕਮਰੇ ਵਿੱਚ ਜਿੱਥੇ ਰੌਸ਼ਨੀ ਘੱਟ ਹੋਵੇ ਪਤਲੀ ਤਹਿ ਵਿੱਚ ਵਿਛਾ ਦਿਉ। ਇਨ੍ਹਾਂ ਨੂੰ ਦਿਨ ਵਿੱਚ ਇਕ ਵਾਰ ਹਿਲਾਉ ਅਤੇ ਪੁੰਗਰੇ ਹੋਏ ਹਿੱਸੇ ਜਦ 0.5 ਤੋਂ 1.0 ਸੈ.ਮੀ. ਤੱਕ ਲੰੰਬੇ ਹੋ ਜਾਣ ਤਦ ਬਿਜਾਈ ਕਰੋ। ਬਿਮਾਰੀ ਰਹਿਤ ਨਰੋਆ ਬੀਜ ਵਰਤੋ। ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਇਮੈਸਟੋ ਪ੍ਰਾਈਮ 83 ਮਿ.ਲਿ. ਜਾਂ ਮੋਨਸਰਨ 250 ਮਿ.ਲਿ. ਪ੍ਰਤੀ 100 ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟ ਲਈ ਭਿਉਂ ਕੇ ਸੋਧ ਲਉ। ਬਿਜਾਈ ਸਮੇਂ 80 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਖੇਤ ਵਿੱਚ 20 ਟਨ ਰੂੜੀ ਜਾਂ ਹਰੀ ਖਾਦ ਪਾਉ। ਨਦੀਨਾਂ ਦੀ ਰੋਕਥਾਮ ਲਈ ਗਰੈਮੋਕਸੋਨ 500 ਮਿ. ਲਿ. ਪ੍ਰਤੀ ਏਕੜ ਜਦੋਂ ਬਹੁਤ ਸਾਰੇ ਨਦੀਨ ਉੱਗ ਆਏ ਹੋਣ ਅਤੇ ਆਲੂਆਂ ਦੀ ਫ਼ਸਲ ਸਿਰਫ਼ 5-10 ਪ੍ਰਤੀਸ਼ਤ ਤੱਕ ਉੱਗੀ ਹੋਵੇ ਤਾਂ ਛਿੜਕਾਅ ਕਰੋ। 250-300 ਲਿਟਰ ਪਾਣੀ ਨੈਪਸੈਕ ਪੰਪ ਲਈ ਅਤੇ 100 ਲਿਟਰ ਪਾਣੀ ਮੋਟਰ ਵਾਲੇ ਪੰਪ ਲਈ ਪ੍ਰਤੀ ਏਕੜ ਵਰਤੋ।

ਮਟਰ: ਜੇਕਰ ਮਟਰ ਖੇਤ ਵਿੱਚ ਪਹਿਲੀ ਵਾਰ ਬੀਜਣੇ ਹਨ ਤਾਂ 45 ਕਿਲੋ ਬੀਜ ਜਲਦੀ ਪੱਕਣ ਵਾਲੀਆਂ ਕਿਸਮਾਂ ਮਟਰ ਏ ਪੀ -3, ਅਗੇਤਾ-6, ਮਟਰ ਅਗੇਤਾ-7 ਜਾਂ ਅਰਕਲ ਮਟਰ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਉ। ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਬਿਜਾਈ ਵੱਤਰ ਜ਼ਮੀਨਾਂ ਵਿੱਚ ਕਰੋ।ਮਟਰਾਂ ਦੇ ਉਖੇੜੇ ਅਤੇ ਜੜ੍ਹ ਦੇ ਗਲਣ ਦੀ ਰੋਕਥਾਮ ਲਈ ਅਗੇਤੀ ਬਿਜਾਈ ਨਾ ਕਰੋ। ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬੀਜਾਈ ਸਮੇਂ 10 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ਵਿਚ ਪਾਓ।

ਜੜ੍ਹਦਾਰ ਸਬਜ਼ੀਆਂ: ਮੂਲੀ ਦੀਆਂ ਦੇਸੀ ਕਿਸਮਾਂ ਪੰਜਾਬ ਸਫੇਦ ਮੂਲੀ-2, ਸ਼ਲਗਮ (ਐੱਲ-1) ਅਤੇ ਗਾਜਰ (ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-161) ਦੀ ਬਿਜਾਈ ਸ਼ੁਰੂ ਕਰ ਦਿਓ। ਮੂਲੀ ਅਤੇ ਗਾਜਰ ਦਾ 4-5 ਕਿਲੋ ਅਤੇ ਸ਼ਲਗਮ ਦਾ 2-3 ਕਿਲੋ ਬੀਜ ਪ੍ਰਤੀ ਏਕੜ ਪਾਓ। ਕਤਾਰਾਂ ਵਿਚਕਾਰ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 7.5 ਸੈਂਟੀਮੀਟਰ ਰੱਖੋ। ਜੜ੍ਹਦਾਰ ਸਬਜ਼ੀਆਂ ਦੀ ਵੱਟਾਂ ਤੇ ਬੀਜਾਈ ਕਰਨ ਨਾਲ ਵਧੀਆ ਵਾਧਾ, ਝਾੜ ਜਿਆਦਾ ਅਤੇ ਪੁਟਾਈ ਸੌਖੀ ਹੁੰਦੀ ਹੈ।