ਮਾਹਰ ਸਲਾਹਕਾਰ ਵੇਰਵਾ

idea99PinkLily.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-09 14:20:49

PAU Advisory for Ornamentals

ਸਜਾਵਟੀ ਬੂਟੇ

ਮੌਸਮੀ ਫੁੱਲ: ਸਰਦੀ ਵਾਲੇ ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਬੀਜ ਉਭੱਰਵੀਆਂ ਕਿਆਰੀਆਂ ਵਿੱਚ ਬੀਜੇ ਜਾ ਸਕਦੇ ਹਨ। ਬੀਜ ਬੀਜਣ ਦੇ ਤੁਰੰਤ ਬਾਅਦ ਹਲਕਾ ਪਾਣੀ ਦਿਉ। ਇਸ ਤੋਂ ਬਾਅਦ ਹਰ ਰੋਜ਼ ਸਵੇਰੇ ਜਾਂ ਸ਼ਾਮੀ ਪਾਣੀ ਜ਼ਰੂਰ ਲਾਉ। ਜਿਨ੍ਹਾਂ ਫੁੱਲਾਂ ਦੇ ਬੀਜ ਬਹੁਤ ਸਖਤ ਹੁੰਦੇ ਹਨ ਜਿਵੇਂ ਕਿ ਸਜਾਵਟੀ ਮਟਰ, ਇਹਨਾਂ ਨੂੰ ਪਾਣੀ ਵਿੱਚ ਇਕ ਰਾਤ ਭਿਉਣ ਤੋਂ ਬਾਅਦ ਸਿੱਧੇ ਹੀ ਕਿਆਰੀਆਂ ਵਿੱਚ ਲਾਇਆ ਜਾ ਸਕਦਾ ਹੈ। 

ਘਾਹ ਦਾ ਮੈਦਾਨ: ਘਾਹ ਕੱਟਣ ਵਾਲੀ ਮਸ਼ੀਨ ਦੇ ਬਲੇਡ ਨੀਵੇਂ ਕਰ ਦਿਉ ਤਾਂ ਕਿ ਘਾਹ ਨੀਵੇਂ ਤੋਂ ਨੀਵਾਂ ਕੱਟਿਆ ਜਾ ਸਕੇ। ਜੇਕਰ ਲਾਅਨ ਹਰਾ ਭਰਾ ਨਹੀਂ ਤਾਂ ਅੱਧਾ ਕਿਲੋ ਯੂਰੀਆ ਪ੍ਰਤੀ 1000 ਵਰਗ ਫੁੱਟ ਦੇ ਹਿਸਾਬ ਨਾਲ ਪਾ ਕੇ ਪਾਣੀ ਲਾਉ।

ਗੁਲਦਾਉਦੀ: ਬਾਰਸ਼ ਦਾ ਪਾਣੀ ਗੁਲਦਾਉਦੀ ਦੇ ਗਮਲਿਆਂ ਵਿੱਚ ਨਾ ਖੜ੍ਹਨ ਦਿਉ। ਬੂਟਿਆਂ ਦੀ ਸੇਧਾਈ ਕਰਦੇ ਰਹੋ। ਸਟੈਂਡਰਡ ਕਿਸਮਾਂ ਵਿੱਚ ਡਿਸਬੱਡਿੰਗ ਕਰਦੇ ਰਹੋ ਤਾਂ ਜੋ ਵੱੱਡੇ ਆਕਾਰ ਦਾ ਫੁੱਲ ਲਿਆ ਜਾਵੇ।

ਗੁਲਾਬ: ਮਹੀਨੇ ਦੇ ਦੂਸਰੇ ਪੰਦਰਵਾੜੇ ਵਿੱਚ ਪਾਣੀ ਨਾ ਦਿਉ ਤਾਂ ਕੇ ਬੂਟਿਆਂ ਨੂੰ ਕਾਂਟ-ਛਾਂਟ ਲਈ ਤਿਆਰ ਕੀਤਾ ਜਾ ਸਕੇ। ਇਸ ਮਹੀਨੇ ਦੇ ਆਖਰੀ ਹਫਤੇ ਤੇ ਕਾਂਟ-ਛਾਂਟ ਸ਼ੁਰੂ ਕੀਤੀ ਜਾ ਸਕਦੀ ਹੈ, ਜੋ ਕਿ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੱਕ ਜਾਰੀ ਰਹਿੰਦੀ ਹੈ।ਤੇਜ਼ ਧਾਰ ਕਟਰ ਨਾਲ ਕਾਂਟ-ਛਾਂਟ ਕਰੋ। ਕੱਟਣ ਤੋਂ ਬਾਅਦ ਟਾਹਣੀਆਂ ਉੱਪਰ ਢੁੱਕਵਾਂ ਉੱਲੀਨਾਸ਼ਕ ਲਾ ਦਿਓ।

ਗੇਂਦਾ: ਸਰਦੀਆਂ ਵਾਲੇ ਗੇਂਦੇ ਦੀ ਫਸਲ ਲੈਣ ਲਈ ਪਨੀਰੀ ਬੀਜ ਲਓ।

ਗਲੈਡਿਓਲਸ ਅਤੇ ਹੋਰ ਗੰਢਿਆਂ ਵਾਲੀਆਂ ਫਸਲਾਂ: ਗਲੈਂਡਿਓਲਸ ਦੇ ਗੰਢੇ ਬੀਜਣ ਲਈ ਇਹ ਢੁਕਵਾਂ ਸਮਾਂ ਹੈ।ਬਿਜਾਈ ਪੰਦਰਾਂ ਦਿਨਾਂ ਦੇ ਵਕਫੇ ਤੇ ਕਰੋ ਤਾਂ ਜੋ ਫੁੱਲਾਂ ਦੀ ਪੈਦਾਵਾਰ ਲੰਬੇ ਸਮੇਂ ਤੱਕ ਮਿਲ ਸਕੇ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕਿਸਮਾਂ ਦੀ ਬਿਜਾਈ ਕਰੋ। ਨਰਗਿਸ, ਫ਼ਰੀਜ਼ੀਆ ਆਦਿ ਦੇ ਗੰਢਿਆਂ ਦੀ ਬੀਜਾਈ ਵੀ ਕੀਤੀ ਜਾ ਸਕਦੀ ਹੈ। ਡਬਲ ਡੇਲੀਆ ਦੇ ਬੂਟੇ ਕਲਮਾਂ ਅਤੇ ਗੰਢਿਆਂ ਤੋਂ ਇਸ ਮਹੀਨੇ ਵਧਾਏ ਜਾ ਸਕਦੇ ਹਨ।