ਮਾਹਰ ਸਲਾਹਕਾਰ ਵੇਰਵਾ

idea99wheat.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-31 12:07:53

PAU की तरफ से गेहूं से संबंधित परामर्श

ਗੁੱਲੀ ਡੰਡਾ ਕਣਕ ਦੀ ਫਸਲ ਦਾ ਪ੍ਰਮੁੱਖ ਨਦੀਨ ਹੈ, ਇਸ ਕਰਕੇ ਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਕਰਨ ਲਈ ਬਦਲਵੇਂ ਉਪਾਅ ਦੀ ਵਰਤੋਂ ਕਰਨੀ ਲਾਜ਼ਮੀ ਬਣ ਗਈ ਹੈ। ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਲਈ ਬਿਜਾਈ ਦੇ ਕਾਸ਼ਤਕਾਰੀ ਢੰਗ ਅਪਣਾਓ ਅਤੇ ਬਿਜਾਈ ਸਮੇਂ ਸਹੀ ਨਦੀਨ ਨਾਸ਼ਕਾਂ ਨੂੰ ਵਰਤੋਂ।

ਅਕਤੂਬਰ ਮਹੀਨੇ ਦੀ ਬਿਜਾਈ- ਗੁੱਲੀ ਡੰਡੇ ਦਾ ਬੀਜ 20 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਤੇ ਬਹੁਤ ਘੱਟ ਉੱਗਦਾ ਹੈ। ਗੁੱਲੀ ਡੰਡੇ ਦੇ ਇਸ ਸੁਭਾਅ ਨੂੰ ਇਸ ਦੀ ਰੋਕਥਾਮ ਕਰਨ ਲਈ ਵਰਤਿਆ ਜਾ ਸਕਦਾ ਹੈ। ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉੱਪਰ ਰਹਿੰਦਾ ਹੈ। ਇਸ ਕਰਕੇ ਇਸ ਸਮੇਂ ਬੀਜੀ ਕਣਕ ਦੀ ਫਸਲ ਗੁੱਲੀ ਡੰਡੇ ਦੇ ਪਹਿਲੇ ਲੌਅ, ਜੋ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ, ਤੋਂ ਬਚ ਜਾਂਦੀ ਹੈ।

ਖੇਤ ਉਪਰੋਂ ਸੁਕਾ ਕੇ ਬਿਜਾਈ- ਗੁੱਲੀ ਡੰਡੇ ਦੇ ਬੀਜ ਨੂੰ ਉੱਗਣ ਲਈ ਜ਼ਿਆਦਾ ਸਲਾਭ ਦੀ ਲੋੜ ਪੈਂਦੀ ਹੈ ਅਤੇ ਇਸ ਦੇ ਬੀਜ ਜ਼ਿਆਦਾਤਰ ਜ਼ਮੀਨ ਦੀ ਉੱਪਰਲੀ ਤਹਿ ਤੋਂ ਉੱਗਦੇ ਹਨ। ਇਸ ਕਰਕੇ ਬਿਜਾਈ ਤੋਂ ਪਹਿਲਾਂ ਜੇਕਰ ਜ਼ਮੀਨ ਦੀ ਉੱਪਰਲੀ ਤਹਿ ਨੂੰ ਸੁਕਾ ਲਿਆ ਜਾਵੇ ਤਾਂ ਗੁੱਲੀ ਡੰਡੇ ਦੇ ਬੀਜ ਉੱਗ ਪੈਂਦੇ ਹਨ। ਇਹਨਾਂ ਉੱਗੇ ਹੋਏ ਬੀਜਾਂ ਨੂੰ ਹਲਕੀ ਵਹਾਈ ਕਰਕੇ ਬਾਅਦ ਵਿੱਚ ਸੁਹਾਗਾ ਮਾਰ ਕੇ ਨਸ਼ਟ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਖੇਤ ਦੀ ਉੱਪਰਲੀ ਪਰਤ ਸੁਕਾ ਕੇ ਬਿਜਾਈ ਕਰਨ ਤੇ ਗੁੱਲੀ ਡੰਡਾ ਬਹੁਤ ਘੱਟ ਉੱਗਦਾ ਹੈ ਅਤੇ ਫਸਲ ਨਦੀਨ ਰਹਿਤ ਰਹਿੰਦੀ ਹੈ।

ਬੈੱਡਾਂ ਤੇ ਬਿਜਾਈ- ਬੈੱਡਾਂ ਤੇ ਬੀਜੀ ਕਣਕ ਵਾਲੇ ਖੇਤ ਵਿੱਚ ਰਵਾਇਤੀ ਢੰਗਾਂ ਨਾਲ ਬੀਜੀ ਕਣਕ ਦੀ ਫਸਲ ਨਾਲੋਂ ਗੁੱਲੀ ਡੰਡਾ ਘੱਟ ਉੱਗਦਾ ਹੈ ਕਿਉਂਕਿ ਬੈੱਡਾਂ ਦੀ ਉੱਪਰਲੀ ਪਰਤ ਸੁੱਕ ਜਾਂਦੀ ਹੈ ਅਤੇ ਗੁੱਲੀ ਡੰਡੇ ਨੂੰ ਉੱਗਣ ਤੋਂ ਰੋਕਦੀ ਹੈ। ਦੂਸਰਾ, ਬੈੱਡਾਂ ਉੱਪਰ ਬੀਜੀ ਕਣਕ ਵਾਲੇ ਖੇਤ ਵਿੱਚ ਬੈੱਡ ਪਲਾਂਟਰ ਨਾਲ ਖਾਲੀਆਂ ਵਿੱਚ ਗੋਡੀ ਕਰਕੇ ਵੀ ਗੁੱਲੀ ਡੰਡੇ ਦੀ ਰੋਕਥਾਮ ਸੰਭਵ ਹੈ ਜੋ ਕਿ ਰਵਾਇਤੀ ਤਰੀਕੇ ਨਾਲ ਬੀਜੀ ਕਣਕ ਵਿੱਚ ਸੰਭਵ ਨਹੀਂ ਹੈ। ਤੀਸਰਾ, ਬੈੱਡ ਤੇ ਬੀਜੀ ਕਣਕ ਵਿੱਚ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ ਰਵਾਇਤੀ ਢੰਗ ਨਾਲ ਬੀਜੀ ਫਸਲ ਤੋਂ ਜ਼ਿਆਦਾ ਹੁੰਦਾ ਹੈ। 

ਬਿਨਾਂ ਵਾਹੇ ਹੈਪੀ ਸੀਡਰ ਨਾਲ ਬਿਜਾਈ- ਹੈਪੀ ਸੀਡਰ ਨਾਲ ਬਿਨਾਂ ਵਾਹੇ ਝੋਨੇ ਦੇ ਨਾੜ ਵਿੱਚ ਬਿਜਾਈ ਕਰਨ ਨਾਲ ਗੁੱਲੀ ਡੰਡਾ ਅਤੇ ਬਾਕੀ ਨਦੀਨ ਬਹੁਤ ਘੱਟ ਨਿਕਲਦੇ ਹਨ ਕਿਉਂਕਿ ਖੇਤ ਉੱਪਰ ਪਈ ਪਰਾਲੀ ਦੀ ਤਹਿ ਨਦੀਨ ਨਾਸ਼ਕ ਦਾ ਕੰਮ ਕਰਦੀ ਹੈ ਅਤੇ ਨਦੀਨਾਂ ਨੂੰ ਉੱਗਣ ਨਹੀਂ ਦਿੰਦੀ। ਜੇਕਰ ਬਿਜਾਈ ਵੇਲੇ ਗੁੱਲੀ ਡੰਡੇ ਦੇ ਬੁੱਟੇ ਖੇਤ ਵਿੱਚ ਉੱਗ ਪਏ ਹੋਣ ਤਾਂ ਬਿਜਾਈ ਤੋਂ ਦੋ ਦਿਨ ਪਹਿਲਾਂ ਗਰੈਮੈਕਸੋਨ 24 ਐੱਸ ਐੱਲ (ਪੈਰਾਕੁਆਟ) 500 ਮਿਲੀਲਿਟਰ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ।

ਫਸਲਾਂ ਦਾ ਹੇਰ ਫੇਰ- ਨਦੀਨਾਂ ਦੀ ਸਮੱਸਿਆ ਨੂੰ ਹਲ ਕਰਨ ਲਈ ਫਸਲਾਂ ਦਾ ਹੇਰ ਫੇਰ ਬਹੁਤ ਹੀ ਕਾਰਗਰ ਤਰੀਕਾ ਹੈ। ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਵਾਲੇ ਖੇਤਾਂ ਵਿੱਚ। ਜਿੱਥੇ ਸੰਭਵ ਹੋ ਸਕੇ, ਕਣਕ ਦੀ ਥਾਂ ਤੇ ਬਰਸੀਮ, ਆਲੂ, ਰਾਇਆ, ਗੋਭੀ, ਸਰੋਂ, ਸੂਰਜਮੁਖੀ ਜਾਂ ਗੰਨੇ ਨਾਲ 12 ਸਾਲ ਬਦਲੀ ਕਰਨ ਤੇ ਗੁੱਲੀ ਡੰਡੇ ਦੀ ਸਮੱਸਿਆ ਆਪਣੇ ਆਪ ਹੱਲ ਹੋ ਜਾਂਦੀ ਹੈ। ਸਾਡੇ ਬਜ਼ੁਰਗ ਫਸਲਾਂ ਦੇ ਹੇਰ ਫੇਰ ਦੇ ਨਾਲ ਹੀ ਨਦੀਨਾਂ, ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦਾ ਹੱਲ ਕਰ ਲੈਂਦੇ ਸਨ।