ਮਾਹਰ ਸਲਾਹਕਾਰ ਵੇਰਵਾ

idea99beekeeping_advice.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-12-10 13:46:53

Experts' advice for Beekeeping

ਸ਼ਹਿਦ-ਮੱਖੀਆਂ ਦੇ ਕਟੁੰਬਾਂ ਦਾ ਕਿਸੇ ਸ਼ਾਂਤ ਅਤੇ ਧੁੱਪ ਵਾਲੇ ਦਿਨ ਲੋੜ ਮਹਿਸੂਸ ਹੋਣ ਤੇ ਹੀ ਸਿਰਫ ਦੁਪਹਿਰ ਵੇਲੇ ਨਿਰੀਖਣ ਕਰੋ। ਬਕਸਿਆਂ ਨੂੰ ਨਾ ਜ਼ਿਆਦਾ ਖੋਲ੍ਹੋ ਅਤੇ ਨਾ ਹੀ ਜ਼ਿਆਦਾ ਦੇਰ ਖੋਲ੍ਹੋ। ਜੇਕਰ ਕਟੁੰਬਾਂ ਵਿੱਚ ਪੱਕਿਆ ਸ਼ਹਿਦ ਹੈ ਤਾਂ ਦਸੰਬਰ ਦੇ ਸ਼ੁਰੂ ਵਿੱਚ ਹੀ ਇਸ ਨੂੰ ਕਟੁੰਬਾਂ ਵਿੱਚ ਜੰਮਣ ਤੋਂ ਪਹਿਲਾਂ ਹੀ ਕੱਢ ਲਉ। ਰਾਣੀ ਮੱਖੀ ਰਹਿਤ/ਲੇਇੰਗ ਵਰਕਰ ਹੋਏ ਅਤੇ ਬਹੁਤੇ ਕਮਜ਼ੋਰ ਕਟੁੰਬਾਂ ਨੂੰ ਦੂਜੇ ਦਰਮਿਆਨੀ ਬਲਤਾ ਵਾਲੇ ਕਟੁੰਬਾਂ ਨਾਲ ਮਿਲਾ ਦਿਉ ਤਾਂ ਕਿ ਇਹ ਸਰਦੀ ਲੰਘਾਉਣ ਲਈ ਲੋੜੀਂਦਾ ਤਾਪਮਾਨ ਕਾਇਮ ਰੱਖ ਸਕਣ। ਖ਼ੁਰਾਕ ਦੀ ਕਮੀ ਹੋਣ ਦੀ ਹਾਲਤ ਵਿਚ ਜਾਂ ਜੇ ਮੱਖੀਆਂ ਦੀ ਬਾਹਰੋਂ ਨੈਕਟਰ ਇਕੱਠਾ ਕਰਨ ਦੀ ਉਡਾਰੀ ਲਈ ਮੌਸਮ ਖ਼ਰਾਬ ਹੋਵੇ ਤਾਂ ਖੰਡ ਦਾ ਗਾੜ੍ਹਾ ਘੋਲ (ਖੰਡ: ਪਾਣੀ=2:1) ਦੇ ਕੇ ਇਹ ਕਮੀ ਪੂਰੀ ਕਰ ਦਿਉ। ਤਰਜੀਹ ਦੇ ਤੌਰ 'ਤੇ ਇਹ ਖ਼ੁਰਾਕੀ ਘੋਲ ਖਾਲੀ ਛੱਤਿਆਂ ਵਿੱਚ ਦਿਉ। ਜੇਕਰ ਕਟੁੰਬ ਛਾਵੇਂ ਪਏ ਹਨ ਤਾਂ ਹਰ ਰੋਜ਼ ਤਿੰਨ-ਤਿੰਨ ਫੁੱਟ ਤੋਂ ਘੱਟ ਖਿਸਕਾ ਕੇ ਇਹਨਾਂ ਨੂੰ ਧੁੱਪੇ ਕਰ ਦਿਉ। ਕੁਟੰਬ ਵਿੱਚ ਸਿਰਫ਼ ਉਨੇ ਹੀ ਛੱਤੇ ਰੱਖੋ ਜਿੰਂਨੇ ਸ਼ਹਿਦ ਮੱਖੀਆਂ ਦੀ ਬਲਤਾ ਦੇ ਹਿਸਾਬ ਨਾਲ ਲੋੜੀਂਦੇ ਹਨ। ਬਕਸੇ ਵਿੱਚੋਂ ਵਾਧੂ ਖਾਲੀ ਛੱਤੇ ਕੱਢ ਕੇ ਉਨ੍ਹਾਂ ਨੂੰ ਢੁੱਕਵੇਂ ਤਰੀਕੇ ਨਾਲ ਸਟੋਰ ਕਰ ਲਵੋ। ਸ਼ਹਿਦ ਦੀਆਂ ਮੱਖੀਆਂ ਨੂੰ ਸਰਦੀ ਤੋਂ ਬਚਾਉਣ ਲਈ ਬਕਸੇ ਦੀਆਂ ਸਾਰੀਆਂ ਤਰੇੜਾਂ ਅਤੇ ਝੀਥਾਂ ਲਿੱਪ ਦਿਉ ਅਤੇ ਕਟੁੰਬਾਂ ਅੰਦਰ ਖਾਲੀ ਥਾਂ ਵਿੱਚ ਸਰਦੀ ਦੀ ਪੈਕਿੰਗ ਦਿਉ। ਕਟੁੰਬਾਂ ਨੂੰ ਕਿਸੇ ਖੁੱਲ੍ਹੇ ਮੈਦਾਨ ਵਿੱਚ ਰੱਖਣ ਤੋਂ ਗੁਰੇਜ਼ ਕਰੋ, ਸਗੋਂ ਕਟੁੰਬਾਂ ਨੂੰ ਕਿਸੇ ਉਹਲੇ ਵਾਲੀ ਥਾਂ ਤੇ ਜਾਂ ਕੰਧਾਂ ਦੇ ਨੇੜੇ ਟਿਕਾਓ ਤਾਂ ਕਿ ਕਟੁੰਬ ਠੰਡੀਆਂ ਹਵਾਵਾਂ ਤੋ ਬਚੇ ਰਹਿਣ। ਵਪਾਰਕ ਪੱਧਰ ਤੇ ਕੰਮ ਕਰਨ ਵਾਲੇ ਸ਼ਹਿਦ ਮੱਖੀ ਪਾਲਕਾਂ ਨੂੰ ਆਪਣੇ ਮੱਖੀ ਫਾਰਮਾਂ ਦੀ ਸਰ੍ਹੋਂਂ/ਰਾਇਆ ਦੀ ਕਾਸ਼ਤ ਵਾਲੇ ਇਲਾਕਿਆਂ ਵਿੱਚ ਹਿਜ਼ਰਤ (ਮਾਈਗ੍ਰੇਸ਼ਨ) ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ।