ਮਾਹਰ ਸਲਾਹਕਾਰ ਵੇਰਵਾ

idea99vegetable_cultivation.jpeg
ਦੁਆਰਾ ਪੋਸਟ ਕੀਤਾ ਡਾ. ਰਣਜੀਤ ਸਿੰਘ
ਪੰਜਾਬ
2019-07-25 12:35:47

ਹੁਣ ਸਰਦੀਆਂ ਦੀਆਂ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਗਈ ਹੈ। ਗਰਮੀਆਂ ਦੀਆਂ ਕੁੱਝ ਸਬਜ਼ੀਆਂ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ। ਗੋਭੀ ਦੀ ਅਗੇਤੀ ਫ਼ਸਲ ਲੈਣ ਲਈ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਗਾਉਣ ਦਾ ਢੁੱਕਵਾਂ ਸਮਾਂ ਹੈ। ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਹਨਾਂ ਤੋਂ ਇਲਾਵਾ ਭਿੰਡੀ, ਟੀਂਡਾ, ਪੇਠਾ, ਕਾਲੀ ਤੋਰੀ, ਕਰੇਲਾ ਅਤੇ ਘੀਆ ਕੱਦੂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੰਜਾਬ-8 , ਪੰਜਾਬ ਸੁਹਾਵਨੀ, ਪੰਜਾਬ-7 ਅਤੇ ਪੰਜਾਬ ਪਦਮਨੀ ਭਿੰਡੀ ਦੀਆਂ ਉੱਨਤ ਕਿਸਮਾਂ ਹਨ। ਟੀਂਡਾ 48 ਅਤੇ ਪੰਜਾਬ ਟੀਂਡਾ -1 ਟੀਂਡੇ ਦੀਆਂ ਉੱਨਤ ਕਿਸਮਾਂ ਹਨ। ਪੀ.ਏ.ਜੀ. 3 , ਪੀ.ਏ.ਯੂ. ਮਗਜ਼ ਕੱਦੂ-1 , ਪੇਠੇ ਦੀਆਂ, ਪੰਜਾਬ ਕਾਲੀ ਤੋਰੀ-9 ਅਤੇ ਪੂਸਾ ਚਿਕਨੀ ਕਾਲੀ ਤੋਰੀ ਦੀਆਂ, ਪੰਜਾਬ ਝਾੜ ਕਰੇਲਾ, ਕਰੇਲੇ ਦੀਆਂ ਅਤੇ ਪੰਜਾਬ ਬਰਕਤ, ਪੰਜਾਬ ਲੌਂਗ, ਪੰਜਾਬ ਕੋਮਲ ਅਤੇ ਪੰਜਾਬ ਬਹਾਰ ਘੀਆ ਕੱਦੂ ਦੀਆਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਹਨ।  ਖੇਤ ਤਿਆਰ ਕਰਦੇ ਸਮੇਂ ਦੇਸੀ ਰੂੜੀ ਜ਼ਰੂਰ ਪਾਈ ਜਾਵੇ। ਘਰ ਦੇ ਵਿਹੜੇ ਵਿੱਚ ਕੁੱਝ ਫੁੱਲਾਂ ਵਾਲੇ ਬੂਟੇ ਜ਼ਰੂਰ ਲਗਾਓ। ਜੇ ਥਾਂ ਨਹੀਂ ਹੈ ਤਾਂ ਗਮਲਿਆਂ ਵਿੱਚ ਬੂਟੇ ਲਗਾਏ ਜਾ ਸਕਦੇ ਹਨ। ਹੁਣ ਗੁਲਦਾਉਦੀ ਦੇ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਹੈ। ਇਹਨਾਂ ਫੁੱਲਾਂ ਵਿੱਚ ਬਹੁਤ ਵੰਨਗੀ ਹੈ। ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਪੂਰੀ ਹੋ ਗਈ ਹੈ। ਹੁਣ ਇਹਨਾਂ ਦੀ ਸਾਂਭ-ਸੰਭਾਲ ਦਾ ਵੇਲਾ ਹੈ। ਨਦੀਨਾਂ ਦੀ ਰੋਕਥਾਮ ਲਈ ਗੁਡਾਈ ਕਰੋ। ਬਰਸਾਤ ਵਿੱਚ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰੋ। ਉਹਨਾਂ ਦੀ ਸਲਾਹ ਅਨੁਸਾਰ ਹੀ ਸਹੀ ਜ਼ਹਿਰ ਦੀ ਸਹੀ ਮਾਤਰਾ ਵਿੱਚ ਵਰਤੋਂ ।

ਪੰਜਾਬ ਵਿੱਚ ਰੁੱਖਾਂ ਹੇਠ ਬਹੁਤ ਘੱਟ ਰਕਬਾ ਹੈ। ਵੱਧ ਰਹੇ ਪ੍ਰਦੂਸ਼ਣ ਦਾ ਇਹ ਵੀ ਇੱਕ ਕਾਰਨ ਹੈ। ਰੁੱਖ ਹਵਾ ਨੂੰ ਸਾਫ਼ ਕਰਦੇ ਹਨ, ਧਰਤੀ ਵਿੱਚ ਪਾਣੀ ਨੂੰ ਰੋਕਣ ਵਿੱਚ ਵੀ ਸਹਾਇਤਾ ਕਰਦੇ ਹਨ। ਇਸ ਦੀ ਲੱਕੜੀ ਸਾਡੇ ਅਨੇਕਾਂ ਕੰਮ ਆਉਂਦੀ ਹੈ। ਨਵੇਂ ਰੁੱਖ ਲਗਾਉਣ ਦਾ ਹੁਣ ਦਾ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਵਿੱਚ ਸਫ਼ੈਦਾ, ਤੂਤ, ਕਿੱਕਰ, ਡੇਕ, ਸਾਗਵਾਨ, ਤੁਣ ਤੇ ਖੈਰ ਦੇ ਰੁੱਖ ਲਗਾਏ ਜਾ ਸਕਦੇ ਹਨ। ਪੰਚਾਇਤਾਂ ਨੂੰ ਚਾਹੀਦਾ ਹੈ ਕਿ ਸਾਂਝੀਆਂ ਥਾਵਾਂ ਅਤੇ ਸੜਕਾਂ ਕੰਢੇ ਰੁੱਖ ਲਗਾਉਣ ਦਾ ਉਪਰਾਲਾ ਕਰਨ। ਇਹਨਾਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ। ਬਹੁਤੇ ਬੂਟੇ ਦੇਖ-ਭਾਲ ਨਾ ਹੋਣ ਕਰਕੇ ਸੁੱਕ ਜਾਂਦੇ ਹਨ।

ਬਾਸਮਤੀ ਦੀ ਲੁਆਈ ਪੂਰੀ ਕਰ ਲਵੋ। ਹੁਣ ਸੀ.ਐੱਸ.ਆਰ. 30 , ਬਾਸਮਤੀ 370 , ਬਾਸਮਤੀ 386 ਜਾਂ ਪੂਸਾ ਬਾਸਮਤੀ 1509 ਕਿਸਮਾਂ ਲਗਵਾਓ। ਇੱਕ ਥਾਂ 2 ਬੂਟੇ ਲਗਾਏ ਜਾਣ। ਲਾਈਨਾਂ ਵਿਚਕਾਰ 20 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਇੱਕ ਵਰਗ ਮੀਟਰ ਥਾਂ ਵਿੱਚ 33 ਬੂਟੇ ਲੱਗਣੇ ਚਾਹੀਦੇ ਹਨ। ਜੇ ਲੁਆਈ ਪਿਛੇਤੀ ਹੋ ਜਾਵੇ ਤਾਂ ਲਾਈਨਾਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਕਰ ਦੇਣਾ ਚਾਹੀਦਾ ਹੈ। ਇਸ ਨਾਲ ਇੱਕ ਵਰਗ ਮੀਟਰ ਵਿੱਚ 44 ਬੂਟੇ ਲੱਗ ਜਾਣਗੇ। ਪਨੀਰੀ ਦੀਆਂ ਜੜ੍ਹਾਂ ਦਾ ਉਪਕਾਰ ਕਰੋ ਤਾਂ ਜੋ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ। ਜੜ੍ਹਾਂ ਨੂੰ ਬਾਵਿਸਟਨ ਨੂੰ 50 ਡਬਲਿਊ ਪੀ (0.2 %) ਦੇ ਘੋਲ ਵਿੱਚ 6 ਘੰਟੇ ਲਈ ਡੋਬ ਲਵੋ। ਮੁੜ ਪਨੀਰੀ ਦੀਆਂ ਜੜ੍ਹਾਂ ਨੂੰ ਟ੍ਰਾਈਕੋਡਰਮਾ ਹਰਜੀਐੱਨਮ 15  ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ 6  ਘੰਟੇ ਲਈ ਡੁਬੋ ਕੇ ਰੱਖੋ। ਬਾਸਮਤੀ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਸਿਫ਼ਾਰਿਸ਼ ਅਨੁਸਾਰ ਕਰੋ। ਨਾਈਟ੍ਰੋਜਨ ਵਾਲੀ ਖਾਦ ਦੀ ਖੜ੍ਹੀ ਫ਼ਸਲ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਬਾਸਮਤੀ ਦੀ ਫ਼ਸਲ ਉੱਤੇ ਕੀੜੀਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਖੇਤਾਂ ਵਿੱਚ ਗੇੜਾ ਮਾਰਦੇ ਰਹੋ। ਜੇਕਰ ਕੋਈ ਹਮਲਾ ਆਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਜ਼ਹਿਰਾਂ ਦੀ ਵਰਤੋਂ ਕਰੋ। ਬਾਸਮਤੀ ਉੱਤੇ ਘੱਟ ਤੋਂ ਘੱਟ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਨਦੀਨਾਂ ਦੀ ਰੋਕਥਾਮ ਵੀ ਗੋਡੀ ਨਾਲ ਹੀ ਕੀਤੀ ਜਾਵੇ।

ਆਪਣੀ ਬੰਬੀ ਉੱਤੇ ਫਲਾਂ ਦੇ ਕੁੱਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ।ਹੁਣ ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਸਮਾਂ ਆ ਗਿਆ ਹੈ। ਕਿਸੇ ਸਰਕਾਰੀ ਨਰਸਰੀ ਵਿੱਚ ਬੂਟੇ ਰਾਖਵੇਂ ਕਰਵਾ ਲਵੋ।