विशेषज्ञ सलाहकार विवरण

idea99Pink_Bollworm-ak.jpg
द्वारा प्रकाशित किया गया था ਵਿਜੈ ਕੁਮਾਰ ਅਤੇ ਮਨਦੀਪ ਪਠਾਨੀਆ
पंजाब
2020-07-03 13:04:22

ਨਰਮੇ ਦੀ ਫਸਲ ਮੁੱਖ ਫਸਲਾਂ ਵਿੱਚੋਂ ਇੱਕ ਹੈ, ਜੋ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਜੇਕਰ ਸੁੰਡੀਆਂ ਦੀ ਗੱਲ ਕਰੀਏ ਤਾਂ ਇਸ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੁੰਡੀ, ਗੁਲਾਬੀ ਸੁੰਡੀ ਹੁੰਦੀ ਹੈ।

ਆਓ ਪੀਏਯੂ ਮਾਹਿਰਾਂ ਤੋਂ ਜਾਣੀਏ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਤਰੀਕੇ:-
  • ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਛਿਟੀਆਂ ਦੀ ਸਾਂਭ ਸੰਭਾਲ

ਆਖਰੀ ਚੁਣਾਈ ਤੋਂ ਬਾਅਦ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤਾਂ ਵਿੱਚ ਛੱਡ ਦਿਓ। ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਓ।ਇਸ ਤਰਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜਲਦੀ ਨਸ਼ਟ ਕਰ ਦਿਓ।

ਕਪਾਹ ਦੀਆਂ ਛਿਟੀਆਂ ਇੱਕਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨੰਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ। ਛਿਟੀਆਂ ਨੂੰ ਵੱਢ ਕੇ ਖੇਤ ਵਿੱਚ ਰੱਖਣ ਨਾਲ ਇਹ ਕੀੜੇ ਬਹੁਤ ਛੇਤੀ ਫੈਲਦੇ ਹਨ। ਨਰਮੇ ਦੀਆਂ ਛਿਟੀਆਂ ਦੇ ਢੇਰ ਖੇਤ ਵਿੱਚ ਨਾ ਲਗਾਓ, ਸਗੋਂ ਪਿੰਡ ਵਿੱਚ ਲਾਓ। ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜਵੇਂ ਅਤੇ ਰੁੱਖ / ਦਰੱਖਤ ਆਦਿ ਦੀ ਛਾਂ ਤੋਂ ਪਰੇ ਲਾਓ।

ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੀਂ ਜਗਾ ਤੇ ਨਾ ਲਿਜਾਓ।

  • ਨਰਮਾ ਪੱਟੀ ਵਿੱਚ ਪੈਂਦੀਆਂ ਮਿੱਲਾਂ ਤੋਂ ਗੁਲਾਬੀ ਸੁੰਡੀ ਦੇ ਫੈਲਾਅ ਦੀ ਰੋਕਥਾਮ

ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁੱਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲਾਂ ਵਿੱਚ ਨਾ ਲਿਜਾ

ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣਾ ਚਾਹੀਦਾ ਹੈ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਨੂੰ ਮਿੱਟੀ ਵਿੱਚ ਡੂੰਘਾ ਦੱਬ ਕੇ ਨਸ਼ਟ ਕਰ ਦਿਓ।

ਜਿਹੜਾ ਬੀਜ ਤੇਲ ਮਿੱਲਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ਫਾਸਟੋਕਸਨ/ਡੈਲੀਸ਼ੀਆ ਦੀ 3 ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ 48 ਘੰਟੇ ਲਈ ਧੂਣੀ ਦਿਓ।

  • ਗੁਲਾਬੀ ਸੁੰਡੀ ਦਾ ਸਰਵੇਖਣ

ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਵਰਤੋਂ, ਜਿਸ ਵਿੱਚ ਘੱਟੋਂ-ਘੱਟ 10 ਮਾਈਕੋ੍ਰਲੀਟਰ ਫਿਰੋਮੋਨ ਪ੍ਰਤੀ ਲਿਓਰ (ਗੋਸੀਪਲੋਰ) ਹੋਵੇ। ਇਹਨਾਂ ਨੂੰ ਸਾਰਾ ਸਾਲ ਮਿੱਲਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਓ। ਸਟਿਕਾ ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਹੈਕਟੇਅਰ ਵਰਤੋ।

ਜਦੋਂ ਨਰਮੇ ਨੂੰ ਫੁੱਲ ਡੋਡੀ ਲੱਗਣੀ ਸ਼ੁਰੂ ਹੋ ਜਾਵੇ ਤਾਂ ਹਫਤੇ ਦੇ ਵਕਫੇ ਤੇ ਭੰਬੀਰੀ ਬਣੇ ਫੁੱਲਾਂ ਦਾ ਸਰਵੇਖਣ ਕਰੋ। ਜਦੋਂ ਫ਼ਸਲ 80 ਦਿਨ ਦੀ ਹੋ ਜਾਵੇ ਤਾਂ ਨਰਮੇ ਦੇ ਕੱਚੇ ਟੀਂਡਿਆਂ ਨੂੰ ਤੋੜ ਕੇ ਸੁੰਡੀ ਦੇ ਹਮਲੇ ਵਾਸਤੇ 15 ਦਿਨਾਂ ਬਾਅਦ ਨਿਰੀਖਣ ਕਰਦੇ ਰਹੋ ।

  • ਕਾਸ਼ਤਕਾਰੀ ਢੰਗਾਂ ਰਾਹੀਂ ਰੋਕਥਾਮ

ਨਰਮੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਤੇ ਅਗੇਤੀ ਖਿੜਨ ਵਾਲੀਆਂ ਸਿਫਾਰਸ਼ ਕੀਤੀਆਂ ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਹੀ ਬੀਜੋ। ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਦਿਓ।

ਬੀ ਟੀ ਨਰਮੇ ਦੇ ਆਲੇ-ਦੁਆਲੇ ਬੀ ਟੀ ਰਹਿਤ ਨਰਮਾ ਜ਼ਰੂਰ ਬੀਜੋ |

ਕਈ ਵਾਰ ਸਮੇਂ ਦੇ ਤੰਦਰੁਸਤ ਲੱਗ ਰਹੇ ਬੀਜਾਂ ਵਿੱਚ ਵੀ ਟੀਂਡੇ ਦੀਆਂ ਗੁਲਾਬੀ ਸੁੰਡੀ ਦੇ ਸੁੰਡ ਛੁਪੇ ਰਹਿੰਦੇ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣ ਅਤੇ ਵੜੇਵੇਂ ਪਸ਼ੂਆਂ ਨੂੰ ਚਾਰ ਲੈਣ। ਜੇ ਇਨਾਂ ਵੜੇਵਿਆਂ ਦਾ ਬੀਜ ਵਰਤਣਾ ਹੋਵੇ ਤਾਂ ਇਨਾਂ ਬੀਜਾਂ ਉਪਰੋਂ ਵੀ ਲੂੰ ਤੇਜ਼ਾਬ ਨਾਲ ਲਾਹ ਦੇਣੇ ਚਾਹੀਦੇ ਹਨ ਜਾਂ ਬੰਦ ਕਮਰਿਆਂ ਵਿੱਚ ਧੂਣੀ ਦਿੱਤੀ ਜਾਵੇ ਜਾਂ ਫਿਰ ਲਗਾਤਾਰ 3-4 ਦਿਨ ਪਤਲੀ ਤਹਿ ਵਿਛਾ ਕੇ ਧੁੱਪੇ ਸੁਕਾਉਣਾ ਚਾਹੀਦਾ ਹੈ।

ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ ਪਾਉਣ ਲਈ ਜਿੱਥੇ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜਲਦੀ ਕਰ ਲਓ। ਇਸ ਤਰਾਂ ਕਰਨ ਲਈ ਅਖੀਰਲਾ ਪਾਣੀ ਸਤੰਬਰ ਦੇ ਅੰਤ ਵਿੱਚ ਲਾ ਦਿਓ।

ਨਰਮੇ ਦੀ ਖੜੀ ਫ਼ਸਲ ਵਿੱਚ ਕਣਕ ਨਹੀਂ ਬੀਜਣੀ ਚਾਹੀਦੀ। ਜਿਨਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਨਰਮੇ ਦੀ ਖੜੀ ਫ਼ਸਲ ਦੇ ਨਾਲ ਹੀ ਕੀਤੀ ਜਾਂਦੀ ਹੈ ਉਨਾਂ ਖੇਤਾਂ ਵਿੱਚੋਂ ਨਰਮੇ ਦੀਆਂ ਛਿਟੀਆਂ ਤੁਰੰਤ ਪੁੱਟ ਲੈਣੀਆਂ ਚਾਹੀਦੀਆਂ ਹਨ।

ਰਸਾਇਣਿਕ ਰੋਕਥਾਮ: ਜੇਕਰ ਗੁਲਾਬੀ ਸੁੰਡੀ ਦਾ ਹਮਲਾ ਫੁੱਲਾਂ ਜਾਂ ਹਰੇ ਟੀਂਡਿਆਂ ਵਿੱਚ 5 ਪ੍ਰਤੀਸ਼ਤ ਤੱਕ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 300 ਮਿਲੀਲਿਟਰ ਬੁਲਡੋਕ 0.25 ਐਸ ਸੀ (ਬੀਟਾ ਸਾਈਫਲੂਥਰੀਨ) ਜਾਂ 500 ਮਿਲੀਲਿਟਰ ਕਿਉਰਾਕਰਾਨ 50 ਈ ਸੀ (ਕਰੀਨਾ/ਸੈਲਕਰਾਨ) ਜਾਂ 60 ਮਿਲੀਲਿਟਰ ਟਰੇਸਰ 48 ਐਸ ਸੀ (ਸਪਾਈਨੋਸੈਡ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਬੀ ਟੀ ਨਰਮੇ ਉਤੇ ਗੁਲਾਬੀ ਸੁੰਡੀ   ਦਾ ਹਮਲਾ ਵਿਖਾਈ ਦੇਵੇ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਧਿਆਨ ਵਿੱਚ ਲਿਆਓ।