विशेषज्ञ सलाहकार विवरण

idea99peeli_kungi.jpg
द्वारा प्रकाशित किया गया था Punjab Agricultural University, Ludhiana
पंजाब
2022-01-07 10:53:32

ਕਣਕ- ਕਣਕ ਦੀ ਫਸਲ 'ਤੇ ਪੀਲੀ ਕੁੰਗੀ ਦਾ ਸ਼ੁਰੂਆਤੀ ਹਮਲਾ ਹਰ ਸਾਲ ਪੰਜਾਬ ਦੇ ਨੀਂਮ ਪਹਾੜੀ ਇਲਾਕਿਆਂ ਜਿਵੇਂ ਕਿ ਰੋਪੜ, ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਗੜਸ਼ੰਕਰ, ਨਵਾਂ ਸ਼ਹਿਰ, ਬਲਾਚੌਰ, ਹੁਸ਼ਿਆਰਪੁਰ, ਮਾਹਿਲਪੁਰ, ਮੁਕੇਰੀਆ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਰਮਦਾਸ, ਕਲਾਨੌਰ, ਪਠਾਨਕੋਟ ਆਦਿ ਵਿੱਚ ਸ਼ੁਰੂ ਹੁੰਦਾ ਹੈ ਅਤੇ ਬਾਅਦ ਵਿੱਚ ਬਾਕੀ ਦੇ ਇਲਾਕਿਆਂ ਵਿੱਚ ਫੈਲ ਜਾਂਦਾ ਹੈ। ਬਿਮਾਰੀ ਦੀ ਉੱਲੀ ਗਰਮੀਆਂ ਦੀ ਰੁੱਤ ਵਿੱਚ ਪਹਾੜੀ ਇਲਾਕਿਆਂ ਵਿੱਚ ਬੀਜੀ ਕਣਕ ਦੇ ਉੱਪਰ ਪੱਲਦੀ ਰਹਿੰਦੀ ਹੈ। ਜਿੱਥੋਂ ਇਸ ਦੇ ਕਣ ਹਵਾ ਰਾਹੀਂ ਉੱਡ ਕੇ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੇ ਨੀਂਮ ਪਹਾੜੀ ਇਲਾਕਿਆਂ ਵਿੱਚ ਬੀਜੀ ਕਣਕ 'ਤੇ ਧੌੜੀਆ ਵਿੱਚ ਹਮਲਾ ਕਰ ਦਿੰਦੇ ਹਨ।

ਨਿਸ਼ਾਨੀਆਂ-

  • ਪੀਲੀ ਕੁੰਗੀ ਦੇ ਹਮਲੇ ਨਾਲ ਪੱਤਿਆਂ ਉੱਤੇ ਪੀਲੇ ਰੰਗ ਦੇ ਧੂੜੇਦਾਰ ਧੱਬੇ ਧਾਰੀਆਂ ਦੇ ਰੂਪ ਵਿੱਚ ਬਣ ਜਾਂਦੇ ਹਨ ਜਿਨ੍ਹਾਂ ਵਿੱਚੋਂ ਹਲਦੀ ਜਾਂ ਪੀਲੇ ਰੰਗ ਦਾ ਧੂੜਾ ਨਿਕਲਦਾ ਹੈ।
  • ਦਸੰਬਰ-ਜਨਵਰੀ ਦੇ ਮਹੀਨੇ ਕਈ ਹੋਰ ਕਾਰਨਾਂ ਕਰਕੇ ਕਣਕ ਪੀਲੀ ਪੈ ਜਾਂਦੀ ਹੈ ਜਿਸਨੂੰ ਕਿਸਾਨ ਵੀਰ ਕਈ ਪੀਲੀ ਕੁੰਗੀ ਸਮਝ ਲੈਂਦੇ ਹਨ।
  • ਜੇਕਰ ਬਿਮਾਰੀ ਵਾਲੇ ਪੱਤਿਆਂ ਨੂੰ ਛੂਹਿਆ ਜਾਵੇ ਤਾਂ ਬਿਮਾਰੀ ਵਾਲਾ ਧੂੜਾ ਉਂਗਲੀਆਂ ਉੱਤੇ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਪੀਲੇ ਧੂੜੇ ਤੋਂ ਹੀ ਪੀਲੀ ਕੁੰਗੀ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਇਹ ਧੂੜਾ ਨੇੜੇ ਦੇ ਖੇਤਾਂ ਵਿੱਚ ਹਵਾ ਦੇ ਨਾਲ ਫੈਲ ਜਾਂਦਾ ਹੈ ਜਿਸ ਨਾਲ ਬਿਮਾਰੀ ਦੂਰ ਤੱਕ ਫੈਲ ਜਾਂਦੀ ਹੈ।
  • ਅਨੁਕੂਲ ਮੌਸਮ ਵਿੱਚ ਇਹ ਧਾਰੀਆਂ ਪੱਤੇ ਦੀ ਸ਼ੀਥ ਉੱਪਰ ਵੀ ਬਣ ਜਾਂਦੀਆਂ ਹਨ।
  • ਬਿਮਾਰੀ ਨਾਲ ਪ੍ਰਭਾਵਿਤ ਪੱਤੇ ਸੁੱਕ ਜਾਂਦੇ ਹਨ ਅਤੇ ਦਾਣੇ ਸੁੰਗੜ ਜਾਂਦੇ ਹਨ।
  • ਮੌਸਮ ਗਰਮ ਹੋਣ 'ਤੇ ਇਹ ਪੀਲੀਆਂ ਧਾਰੀਆਂ ਕਾਲੇ ਰੰਗ ਵਿੱਚ ਬਦਲ ਜਾਂਦੀਆਂ ਹਨ।
  • ਜਦੋਂ ਰਾਤ ਦਾ ਤਾਪਮਾਨ 7-13 ਡਿਗਰੀ ਸੈਂਟੀਂਗ੍ਰੇਡ, ਦਿਨ ਦਾ ਤਾਪਮਾਨ 15-24 ਡਿਗਰੀ ਸੈਂਟੀਂਗ੍ਰੇਡ ਅਤੇ ਹਵਾ ਵਿੱਚ ਨਮੀ ਦੀ ਮਾਤਰਾ 85-100 ਪ੍ਰਤੀਸ਼ਤ ਤੱਕ ਹੋਵੇ ਤਾਂ ਅਜਿਹਾ ਮੌਸਮ ਪੀਲੀ ਕੁੰਗੀ ਦੇ ਹਮਲੇ ਅਤੇ ਵਾਧੇ ਲਈ ਬਹੁਤ ਅਨੁਕੂਲ ਹੋ ਜਾਂਦਾ ਹੈ।
  • ਇਨ੍ਹਾਂ ਦਿਨਾਂ ਦਾ ਮੌਸਮ ਮੌਸਮ ਪੀਲੀ ਕੁੰਗੀ ਦੇ ਅਨੁਕੂਲ ਚੱਲ ਰਿਹਾ ਹੈ ਇਸ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ।

ਰੋਕਥਾਮ-

  • ਪੀਲੀ ਕੁੰਗੀ ਦਾ ਵੇਲੇ ਸਿਰ ਪਤਾ ਲਗਾਉਣ ਲਈ ਇਸ ਸਮੇਂ ਨੀਂਮ ਪਹਾੜੀ ਖੇਤਰਾਂ ਵਿੱਚ ਪਾਣੀ ਲਾਉਣ ਜਾਂ ਮੀਂਹ ਪੈਣ ਤੋਂ ਬਾਅਦ ਇਸ ਦੀ ਸ਼ੁਰੂਆਤੀ ਆਮਦ ਧੌੜੀਆਂ ਵਿੱਚ ਦੇਖਣ ਲਈ ਆਪਣੇ ਖੇਤਾਂ ਦਾ ਚੰਗੀ ਤਰ੍ਹਾਂ ਸਰਵੇਖਣ ਕਰੋ।
  • ਜਿੰਨੀ ਛੇਤੀ ਇਸ ਬਿਮਾਰੀ ਦੇ ਸ਼ੁਰੂਆਤੀ ਹਮਲੇ ਨੂੰ ਰੋਕਿਆ ਜਾ ਸਕੇ ਉਨ੍ਹਾਂ ਹੀ ਇਸ ਬਿਮਾਰੀ ਨੂੰ ਰੋਕਣ ਲਈ ਚੰਗਾ ਸਹਾਈ ਹੁੰਦਾ ਹੈ। ਇਨ੍ਹਾਂ ਧੌੜੀਆਂ ਵਿੱਚ ਪੀਲੀ ਕੁੰਗੀ ਦੀ ਸ਼ੁਰੂਆਤੀ ਆਮਦ ਨੂੰ ਕੈਵੀਅਟ ਜਾਂ ਕਸਟੋਡੀਆ ਜਾਂ ਓਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ ਦੇ 0.1 ਪ੍ਰਤੀਸ਼ਤ ਜਾਂ ਨਟੀਵੋ ਦੇ 0.06 ਪ੍ਰਤੀਸ਼ਤ ਘੋਲ ਦਾ ਛਿੜਕਾਅ ਕਰਕੇ ਸਮੇਂ ਸਿਰ ਕਾਬੂ ਕਰੋ।
  • ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ 'ਤੇ ਇਹ ਛਿੜਕਾਅ ਫਿਰ ਦੁਹਰਾਓ ਤਾਂ ਜੋ ਉੱਪਰ ਵਾਲੇ 2-3 ਪੱਤੇ ਬਿਮਾਰੀ ਤੋਂ ਰਹਿਤ ਰਹਿਣ।
  • ਜਦੋਂ ਪੀਲੀ ਕੁੰਗੀ ਦੀਆਂ ਧਾਰੀਆਂ ਕਾਲੇ ਰੰਗ ਵਿੱਚ ਬਦਲ ਜਾਣ ਤਾਂ ਉੱਲੀਨਾਸ਼ਕਾਂ ਦਾ ਛਿੜਕਾਅ ਨਾ ਕਰੋ।